ਵਾਵਰੇਲੇ

ਓਧਰ ਪ੍ਰੋਫੈਸਰ ਦੀ ਚਿਤਾ ਨੂੰ ਅੱਗ ਮਘ੍ਹੀ, ਏਧਰ ਲਸ਼ਕਰ ਦੇ ਸਕੂਲ ਗਰਾਉਂਡ ਨਾਲ ਜੁੜਵੇਂ ਸਮਾਣਝਿੜੀ ਦੇ ਬੰਨੇ ਤੇ ਖੜੋਤੇ ਆਪਣਾ ਕਾਰਜ ਆਰੰਭ ਦਿੱਤਾ – “ਪ੍ਰੋ : ਸ਼ੇਰੀ ਜ਼ਿੰਦਾਬਾਦ  — । ”
ਉਸਦੇ ਲਾਗੇ-ਪਾਸੇ , ਬੈਠੇ-ਖੜੇ ਸੌ-ਪੰਜਾਹ ਚਿਹਰੇ ਇਕ-ਦੰਮ ਸਾਵਧਾਨ ਹੋ ਗਏ । ਪਰ , ਉਸਦੀ ਆਵਾਜ਼ ਪਹਿਲੀ ਆਵਾਜ਼ ਦੇ ਉੱਤਰ ਵਿੱਚ ਮਸਾਂ ਪੰਜ ਦਸ ਆਵਾਜਾਂ ਹੀ ਉੱਠੀਆਂ ।
ਉਹ ਵੀ ਢਿੱਲੀਆਂ –ਮੱਠੀਆਂ ।
ਦੂਜੀ ਆਵਾਜ਼ ਉਸ ਨੇ ਹੋਰ ਜ਼ੋਰ ਦੀ ਕੱਸੀ – “ਪ੍ਰੋ : ਸ਼ੇਰ ਸਿੰਘ ਸ਼ੇਰੀ ” ।
ਹੁਣ ਦਾ ਉੱਤਰ ਪਹਿਲਾਂ ਨਾਲੋਂ ਕਾਫੀ ਤਿੱਖਾ ਸੀ , ਤੇ ਭਰਵਾਂ ਵੀ ।
ਤੀਜਾ ਨਾਅਰਾ ਲਾਉਣ ਲਾਉਣ ਵੇਲੇ ਲਸ਼ਕਰ ਇਕੱਲਾ ਨਈਂ ਮਿੰਦਰ ਵੀ ਨਾਲ ਸੀ ।ਮਿੰਦਰ ਵਕੀਲ । ਪ੍ਰੋਫੈਬਰ ਦਾ ਲੰਗੋਟੀਆ । ਜਿਸ ਨੂੰ ਨਾ ਆਪਣੇ ਕਿੱਤੇ ਨਾਲ ਮੋਹ ਸੀ ਨਾ ਲਸ਼ਕਰ ਦੇ ਕੰਮ ਕਾਰ ਨਾਲ । ਉਸ ਨੂੰ ਬੱਸ ਲੌਡੇ ਵੇਲੇ  ਤੋਂ ਕਿਸੇ ਦੀ ਉਡੀਕ ਚੂੰਡੀਆਂ ਵੱਡਣ ਲਗਦੀ । ਲਸ਼ਕਰ ਪਹੁੰਚ ਜਾਏ ਤਾਂ ਖ਼ਰੀ ਵਾਹਵਾ ਨਹੀ ਤਾਂ ਪ੍ਰੋਫੈਸਰ ਨੇ ਤਾਂ ਆਉਣਾ ਈ ਹੁੰਦਾ , ਜ਼ਰੂਰ-ਬਰ-ਜ਼ਰੂਰ । ਕਦੀ –ਕਦਾਈਂ ਪ੍ਰੋਫੈਸਰ ਅੱਡਿਓ ਉੱਤਰਦਾ ਈ ਫੜੀ ਲਿਆਉਂਦਾ । ਜਾਂ ਕਿਸੇ ‘ਸੇਵਾਦਾਰ ’ ਦੀ ਕੀਤੀ ਸੰਭਾਲ ਲਿਆਉਂਦਾ । ਬਗ਼ਲ-ਬੈਗ ‘ਚ ਲਕੋ ਕੇ । ਪਰ ਬਹੁਤੀ ਵਾਰ ਹਿੱਸਾ-ਪੱਤੀ ਹੀ ਚਲਦੀ । ਦੋਨਾਂ ਵਿਚਕਾਰ । ਜੇ ਭਨੋਟ ਆ ਰਲ੍ਹੇ ਤਾਂ ਚੋਹਾਂ ਵਿਚਕਾਰ ।
ਬੱਸ ਫਿਰ , ਸਾਰੇ ਯਾਰ ਇਕੱਠੇ ਭਿੜਦੇ-ਦਿਨ ਢਲੇ ਤੱਕ ।
ਲਸ਼ਕਰ-ਮਿੰਦਰ ਦਾ ਹੋਕਰਾ ਸੁਣਕੇ , ਭਨੋਟ ਤੋਂ ਵੀ ਰਿਹਾ ਨਾ ਗਿਆ ।
ਤਿੰਨਾਂ ਦੀ ਜੁੜਵੀਂ ਆਵਾਜ਼ ਨੇ ਸਾਰੀ ਮਾਤਰੀ ਸੱਥ ‘ਚ ਹਿੱਲ-ਜੁਲ ਪੈਦਾ ਕਰ ਦਿੱਤੀ – ਅੱਛੀ ਖਾਸੀ ਹਿੱਲ-ਜੁਲ ।
ਜ਼ਿੰਦਾਬਾਦ-ਜ਼ਿੰਦਾਬਾਦ ਕਰਦੇ ਕਰੀਬ ਸਾਰੇ ਲੋਕੀਂ ਉਹਨਾਂ ਦੇ ਲਾਗੇ ਨੂੰ ਹੋ ਜੁੜੇ । ਥੌੜੇ ਕੁ ਜਣੇ ਸੋਗੀ ਚਿਹਰੇ ਲਈ ਬਹੁਤੇ ਜਣੇ ਮਸਕੜੀਆਂ ਹੱਸਦੇ । ਹੱਸਦੇ ਵੀ ਕਿਉਂ ਨਾ । ਉਹ ਕਿਹੜਾ ਨਹੀਂ ਸੀ ਜਾਣਦੇ ਭਨੋਟ ਨੂੰ , ਮਿੰਦਰ ਨੂੰ ਜਾਂ ਲਸ਼ਕਰ ਨੂੰ । ….ਬੜੀ ਚੰਗੀ ਤਰ੍ਹਾਂ ਜਾਣਦੇ ਸਨ ਸਭ ਨੂੰ । ਪਹਿਲਾਂ ਉਹਨਾਂ ਸਮਝਿਆ – ‘ਏਨ੍ਹਾ ਫੇਰ ਪੀਤੀ ਹੋਣੀ ਆਂ, ਨਿੱਤ ਵਾਂਗ । ਐਮੇਂ ਵਿਯੋਗ ਜਿਆ ਕਰੇ ਹੋਣੇ ਆ ਯਾਰ ਆਪਣੇ ਦਾਆ । ’ਪਰ, ਸਭ ਦਾ ਧਿਆਨ ਆਪਣੀ ਵਲ ਕੇਂਦਰਿਤ ਹੋਇਆ ਦੇਖ ਲਸ਼ਕਰ ਨੇ ਮੌਕਾ ਸਾਂਭ ਲਿਆ । ਜਿਵੇਂ ਹੋਰਨੀਂ ਥਾਈਂ ਸਾਂਭ ਲੈਂਦਾ ਪੇਪਰ-ਮਿੱਲ ਅੱਗੇ ਖੰਡ-ਮਿੱਲ ਸਾਹਮਣੇ ਜਾਂ ਪੈਪਸੀ-ਫੂਡ ਦੇ ਗੇਟ ਤੇ । ਗੇਟ-ਰੈਲੀ ਕਰਨ ਲਈ ਜਾਂ ਨੁੱਕਰ-ਮੀਟਿੰਗ ।
ਨੁੱਕਰ-ਮੀਟਿੰਗ , ਗੇਟ-ਮੀਟਿੰਗ ਕਰਨ ਲਈ ਤਾਂ ਮੱਦੇ ਹੁੰਦੇ ਐ ਉਸ ਕੋਲ ਬੱਝਵੇਂ । ਮਸਲੇ ਹੁੰਦੇ ਐ , ਭਖਵੇਂ-ਦਿਹਾੜੀ ਵਧਾਉਣ ਦੇ , ਕਟੌਤੀ ਦੇ ਬੋਨਸ ਲੈਣ ਦੇ, ਜਾਂ ਛਾਟੀ ਰੁੱਕ ਵਾਉਣ ਦੇ , ਉਹਨਾਂ ਮੁੱਦਿਆਂ-ਮਸਲਿਆਂ ਲਈ ਉਸ ਕੋਲ ਭਾਸ਼ਾ ਵੀ ਹੁੰਦੀ , ਲੱਛੇਦਾਰ ਤੇ ਤੱਥ ਵੀ ਹੁੰਦੇ , ਅੰਕੜੇਦਾਹ ।  ਅੱਗੋਂ ਵਰਕਿੰਗ-ਲੇਬਰ ਵੀ ਸੁਨਣ ਨੂ ਤਿਆਰ ਹੁੰਦੀ ਕੁਝ ਨਵਾਂ ਕੁਝ ਪੁਰਾਣਾਂ । ਉਸਦ ਪਹਿਲੀ ਆਵਾਜ਼ ਤੇ ਹੀ ਸਾਰੀ ਸ਼ਿਫਟ ਇਕ ਥਾਂ ਹੋ ਜੁੜਦੀ । ਦੂਜੇ ਤੀਜੇ ਨਾਅਰੇ ਨਾਲ ਅਸਮਾਨ ਸਿਰ ਤੇ ਚੁੱਕਿਆ ਜਾਂਦਾ । ਬੱਸ ਫਿਰ ਅੱਗੇ ਚੱਲ ਸੋ ਚੱਲ । ਉਹ ਰੁਕਦਾ ਤਾਂ ਦਰਸ਼ੀ ਪਿੜ ਸਾਂਭ ਲੈਂਦਾ , ਮਾਸਟਰ ਦਰਸ਼ਨ । ਉਹ ਥੱਕਦਾ ਤਾਂ ਜਲਾਲ ਚੱਕੀਆਂ ‘ਜਾਗਰ । ਉਸ ਤੋਂ ਪਿਛੋਂ , ਖਾਨਪੁਰੀ ਬੋਲ੍ਹਾ । ਵਿਚ ਵਾਰ ਕੋਈ ਮਿਲ੍ਹ ਕਾਮਾਂ ਵੀ । ਫਿਰ ਖੂਬ ਨਾਅਰੇਬਾਜ਼ੀ ਹੁੰਦੀ ਤੇ ਗਰਮ-ਗਰਮ ਤਕਰੀਰਾਂ । ਖੜਿਆਂ-ਬੈਠਿਆਂ ਕਈ ‘ਰਾਵਨ ’ ਡੋਗ ਲਏ ਜਾਂਦੇ । ਸਰਕਾਰੀ ਅਫ਼ਸਰਾਂ; ਪੂੰਜੀ-ਮਾਲਕਾਂ , ਸੰਤਰੀਆਂ –ਮੰਤਰੀਆਂ ਨੂੰ ਧੱਕੜਸ਼ਾਹ , ਲੁਟੇਰੇ ,ਟੁੱਕੜ-ਬੋਚ ਵਰਗੇ ਔਖੇ ਭਾਰੇ ਵਿਸ਼ੇਸ਼ਣਾਂ ਨਾਲ ਨਿੰਦਿਆ-ਭੰਡਿਆ ਜਾਂਦਾ । ਭਾਰਤੀ ਪ੍ਰਧਾਨਮੰਤਰੀ ਤੋਂ ਲੈ ਕੇ ਅਮਰੀਕੀ ਰਾਸ਼ਟਰਪਤੀ ਤੱਕ ਦੀ ‘ਮੁਰਦਾਬਾਦ ’ ਹੁੰਦੀ ।ਤੇ ਅੰਤ ਵਿਚ ਕਿਸੇ ਕਾਮੇ ਭਰਾ ਦੇ ਤੱਤ-ਕਾਲੀਨ ਮਸਲੇ ਤੇ ਕੋਈ ‘ਅਹਿਮ ’ ਫੈਸਲਾ ਲੈ ਕੇ ਇਕੱਤਰ ਹੋਈ ਭੀੜ ਆਪੋ-ਆਪਣੇ ਘਰੀਂ-ਪਿੰਡੀ ਹੋ ਤੁਰਦੀ । ਤੇ ਲਸ਼ਕਰ-ਲਸ਼ਕਰ ਸਿੱਧਾ ਸ਼ਹਿਰ ਪਹੁੰਚ ਜਾਂਦਾ । ਮਿੰਦਰ ਕੋਲ , ਕਚਹਿਰੀ ।
…..ਮਸਾਂਣਝਿੜੀ ਦੇ ਬੰਨੇ ਤੇ ਲਸ਼ਕਰ ਦੇ ਨਾਲ ਢੁੱਕ ਕੇ ਖੜੋਤੇ ਮਿੰਦਰ ਨੇ ਜਿਵੇਂ ਲਸ਼ਕਰ ਨੂੰ ਸਾਹ ਦਵਾਉਣ ਲਈ ਇਕ ਨਾਅਰਾ ਹੋਰ ਕਸਿਆ – “ ਪ੍ਰੋ : ਸ਼ੇਰ ਸਿੰਘ ਸ਼ੋਰੀ ….. ।”
ਇਸ ਵਾਰ ਵੀ ‘ਜ਼ਿੰਦਾਬਾਦ ’ ਸਕੂਲ ਗਰਾਂਊਂਡ ਦੇ ਪਾਰਲੇ ਸਿਰੇ , ਸੁੰਨ-ਪੱਥਰ ਹੋਈ ਗਿੰਦਰੋ ਨੂੰ ਸਾਂਭਦੀ ਤੇਜੋ ਬੇਰੇ ਦੀ ਪਿਛਵਾੜੀ ਬੈਠੀਆਂ ਢੇਰ ਸਾਰੀਆਂ ਮਾਈਆਂ –ਬੀਬੀਆਂ ਤੱਕ ਭੀ ਪਹੁੰਚ ਗਈ ।
“ਕੁੜੇ  ਹਾਆ ਕਾਦ੍ਹਾ ਰੌਲਾ…..? ” ਆਪਣੀ ਘੁਸਰ-ਮੁਸਰ ਬੰਦ ਕਰਦਿਆਂ ਉਹਨਾਂ ਸਾਰਾ ਧਿਆਨ ਮਸਾਣਝਿੜੀ ਨਾਲ ਜੁੜਦਾ ਕਰ ਲਿਆ ।
ਇਹੋ ਜਿਹਾ ਅਲੋਕਾਰੀ ਵਰਤਾਰਾ ਉਹਨਾਂ ਪਹਿਲਾਂ ਕਦੀ ਨਹੀਂ ਸੀ ਦੇਖਿਆ । ਖਾਸ ਕਰ ਐਸ ਥਾਂ । ਇਥੇ ਆਉਣ-ਜਾਣ ਤਾਂ ਉਹਨਾਂ ਦਾ ਬਣਿਆ ਈ ਰਹਿੰਦਾ ਸੀ ਅਕਸਰ । ਕਿਸੇ ਦਾ ਧੀ –ਪੁੱਤਰ ; ਕਿਸੇ ਦਾ ਮਾਈ-ਬਾਪ , ਤਾਇਆ-ਚਾਚਾ , ਵੱਡਾ-ਛੋਟਾ । ਕੋਈ ਵਾਰੀ ਸਿਰ ਖਾ ਭੋਗ ਕੇ , ਕੋਈ ਬਿਨਾਂ ਈ ਵਾਰੀਓ-ਤੁਰਦਾ-ਫਿਰਦਾ , ਖਾਂਦਾ –ਕਮਾਉਂਦਾ …..।
ਉਹਨਾਂ ਵਿਚ਼ਂ ਕੋਈ ਵੀਖ ਕਿਸੇ ਦੀ ਗਮੀਉਂ ਪਿੱਛੇ ਨਹੀਂ ਸੀ ਰਹੀ ।
ਜੇ ਕੋਈ ਰਹੀ ਵੀ ਸੀ , ਤਾਂ ਉਹ ਪਹਿਲਾਂ ਭਾਈਆਂ ਕੋ ਨਿੰਦੀ ਨੇ ਨਾਲ ਤੋਰ ਲਈ , ਫਿਰ ਲੰਬੜਾਂ ਕੇ ਦਾਰੀ ਨੇ ।
ਇਹਨਾਂ ਤੋਂ ਅੱਗੇ ਤਾਂ ਬੱਸ ਚੱਲ ਸੋ ਚੱਲ ।
ਪਹਿਲਾ ਨੰਬਰ ਮਿਸਤਰੀਆਂ ਦੇ ਨਿੰਦੀ ਦਾ ਲੱਗਾ । ਉਹ ਆਹਰਨ ਤਾਈ ਬੈਠਾ ਸੀ ਆਪਣੇ ‘ਕਾਰਖਾਨੇ ’। ਲੰਬੜਾਂ ਦਾ ਦਾਰੀ ਮਲਕਚਾਰੇ ਆ ਬੈਠਾ ਉਹਦੇ ਲਾਗੇ । ਆਖਣ ਲੱਗਾ –“ਭਊ ਚੈਨੀ ਟੁੱਟ ਕੇ ਪਈਏ ‘ਚ ਫਸ ਗਈ ਆ ਸੈਕਲ ਦੇ । ਤੁਰਦਾ ਨਈ ਹੁਣ ! ‘ਥੋੜੀ ਸੁੱਥਾ ਚਾਹੀਦਾ ,ਨਾਲ ਤੂੰ ਮੀ । ਐਥੇ ਈ ਐਸੇ ਈ ਫਿਰਨੀ ਤੇ ਔੜ ਤੇ …..।“ ਉਹ ਭਲਾ-ਲੌਕ ਉਵੇਂ ਈ ਉੱਠ ਤੁਰਿਆ-ਸੁੰਥਾ , ਹਥੌੜੀ , ਸੰਨ੍ਹੀ ਤੇ ਹੋਰ ਨਿਕ-ਸੁਕ ਨਾਲ ਚੁੱਕ ਕੇ । ਪਹਿਲਾਂ ਵੀ ਜਾਂਦਾ-ਆਉਂਦਾ ਸੀ , ਉਸਦੇ ਨਾਲ !  ਅੱਗੇ ਗਿਆ ਤਾਂ ਹੋਰ ਈ ਆਫ਼ਤ ਆ ਚੜ੍ਹੀ ਸਿਰ ਤੇ ! ….. ਇਕ ਅਣ-ਪਛਾਤਾ ਛੋਹਰ ਖੜਾ ਸੀ , ਦਾਰੀ ਹੋਣਾ ਦੀ ਬੰਬੀਓ ਪਰਾਂ । ਕੋਲ ਸਾਇਕਲ ਸੀ ਉਹਦੇ  , ਨਵਾਂ-ਨਿਕੋਰ । ਵਿਲਕੁਲ ਠੀਕ-ਠਾਕ ।ਉਹਦੇ ਪੈਂਦੀ ਸੱਟੇ ਨਿੰਦੀ ਨੂੰ ਹੁਕਮ ਚਾੜ ਦਿੱਤਾ – “ਆਹ ਗੋਲ੍ਹੀ ਕੱਢਣੀ ਆ , ਪਸਤੌਲ ‘ਚੋ । ਬੱਸ ਮਿੰਟੋ-ਮਿੰਟੀ । ਨਈਂ ਆਹ ਦੇਖ ਲਾਆ ……।” ਨਾਲ ਈ ਉਹਨੇ ਡੱਬ ‘ਚ ਦਿੱਤਾ ਮਊਜ਼ਰ ਕੱਢ ਕੇ ਸੱਜੀ ਮੁੱਠ ‘ਚ ਦੱਬ ਲਿਆ ।ਨਿੰਦੀ ਵਿਚਾਰਾ ਥਾਏਂ ਗਡਿਆ ਗਿਆ । ਉਸਦਾ ਉੱਪਰਲਾ ਸਾਹ ਉੱਪਰ ਹੇਠਲਾ ਹੇਠਾਂ । ਉਹਨੇ ਨਾ ਕਦੀ ਪਸਤੌਲ ਦੇਖਿਆਂ ਸੀ , ਨਾ ਗੋਲੀ । ਨਾ ਉਹਨੂੰ ਪਤਾ ਸੀ ਏਹ ਪੈਂਦੀ ਕਿਥੋਂ ਆਂ, ਨਾ ਪਤਾ ਸੀ ਨਿਕਲਦੀ ਕਿੱਦਾਂ । ਉਹਨੇ ਡਰਦੇ-ਡਰਦੇ ਨੇ ਆਪਣੇ ਸੰਦ –ਉਜਾਰ ਹੇਠਾਂ ਰੱਖ ਕੇ ਪਸਤੌਲ ਫੜ ਲਈ – ਚਾਰ ਕੁ ਉੱਗਲਾਂ ਲੰਮੀ ਨਾਲ ਵਾਲੀ ਦੇਸੀ ਜਿਹੀ ਘਾੜਤ । ਦੋ-ਚਾਰ ਉਲਟਾ-ਪੁਲਟਾ ਤੇ ਉਹਦੀ ਬਰੀਕ ਬੁੱਧੀ ਨੇ ਮਾੜੀ-ਮੋਟੀ ਬਣਤਰ ਵੀ ਸਮਝ ਲਈ । ਸਿਰ ਤੇ ਖੜੀ ਮੌਤ ਤੋਂ ਡਰਦੇ ਨੇ ਥੋੜੀ-ਬਹੁਤ ਛੇੜਛਾੜ ਵੀ ਕੀਤੀ । ਪਰ ਗੱਲ ਕੋਈ ਬਣੀ ਨਾ ।
ਹਾਰ ਕੇ ਪੁਰਜਾ ਉਹਨੇ ਮੁੰਡੇ ਵਲ ਧਮਾਉਂਦਿਆਂ ਆਪਣੀ ਬੇ-ਬਸੀ ਦੱਸ ਦਿੱਤੀ ….” ਮੈਨੂੰ ਏਦ੍ਹੀ ਸਮਝ ਨਈਂ ਲੱਗੀ , ਭਰਾਅ……. । ”
“ਕੋਈ ਨਈਂ ਹੁਣੇ ਲੱਗ ਜੂ – ”,ਅੱਖ ਝਮੱਖੇ ਅੰਦਰ ਹੀ ਉਸਦੇ ਹੱਥਲੇ ਮਾਊਜਰ ਦੀਆਂ ਪੰਜ ਛੇ ਗੋਲੀਆਂ , ਨਿੰਦੀ ਦਾ ਮੂੰਹ-ਸਿਰ ਛਾਂਨਣੀ ਕਰਕੇ ਤੁਰਦੀਆਂ ਹੋਈਆਂ ।
ਅਗਲੇ ਹੀ ਛਿੰਨ ਨਿੰਦੀ ਢੇਰੀ ਹੋਇਆ ਪਿਆ ਸੀ , ਦਾਰੀ ਹੋਣਾਂ ਦੇ ਬੰਨੇ ਤੇ ।
ਰੋਂਦੇ –ਕਲਪਦੇ ਪਿੰਡ ਦੇ ਸਾਰੇ ਜੀਅ, ਉਸਨੂੰ ਮਸਾਣ-ਝਿੜੀ ਤੱਕ ਛੱਡਣ ਆਏ ਸਨ ।
ਕੋਈ ਵੀ ਪਿੱਛੇ ਨਹੀਂ ਸੀ ਰਿਹਾ । ਨਾ ਕੋਈ ਮਰਦ , ਨਾ ਇਸਤਰੀ ।
ਸਿਵਾ ਸ਼ੇਰੀ ਦੇ । ਉਸ ਕਿਧਰੇ ਮੇਲੇ-ਮੁਸ੍ਹਾਵੇ ਛਿੜਿਆ ਪਿਆ ਸੀ ਕਾਲਜ ਦੀ ਗਿੱਧਾ ਭੰਗੜਾ ਟੀਮ ਨਾਲ ।
ਉਹ ਪੰਜੀਂ-ਚੌਂਹ ਦਿਨੀਂ ਪਿੰਡ ਪਰਤਿਆਂ ਈ ਪਰਤਿਆ ਤਾਂ ‘ਨਿੰਦੀ ਦੇ ਘਰ ’  ਤੱਕ ਵੀ ਨਾ ਅੱਪੜਿਆ ।
ਹਾਰ ਕੇ ਬੇਬੇ ਨੇ ਉਸਨੂੰ ਰੁੱਖੀ ਜਿਹੀ ਝਿੜਕ ਮਾਰੀ – “ ਨਾਂ ਹੈਅ ਕੋਈ ਅਕਲ-ਮੱਤ ਟਿਕਾਣੇ ….ਸਾਰਾ  ਪਿੰਡ ਤਰਾ-ਤਰਾ ਕਰਨ ਡਿਆ ਆ ਤੂੰ ….ਅਪਣੇ ਈ ਰੰਗ-ਰੋਸ਼ਨ ‘ਚ ਤੁਰਿਆ-ਫਿਰਦਆਂ ….। ਕਾਦ੍ਹੀ ਪੜ੍ਹਾਈ ਆ ਤੇਰੀ ? ਤੇਰੇ ਨਾਲੋਂ ਤਾਂ ਸ਼ੈਰੀਏ ਮੁੰਡੇ ਸਿਆਣੇ ਆਂ , ਲਸ਼ਕਰ ਹੋਣੀ । ਹਰੇਕ ਥਾਂ ਅੱਪੜਦੇ ਦੇ ਆ ….ਮੂਹਰੇ ਸੱਭ ਤੋਂ । “
“ਜਾਆ ਈ ਆਏ ਆ ਸਾਰੇ ….ਮੈਂ ਜੇ ਨਾ ਵੀ ਗਿਆ ਤਾਂ ਕੀ ਹੈਂ ਚੱਲਿਆ ……”,ਏਨੇ ਕੁ ਸ਼ਬਦ ਸ਼ੇਰੀ ਦੀ ਬਦਲੀ-ਵਿਗੜੀ ਰੰਗਤ-ਸੰਗਤ ਦਾ ਪ੍ਰਗਟਾਵਾ ਸਨ ਜਾਂ ਉਸਦੀ ਨਵ-ਨਿਯੁਕਤੀ ਦੀ ਕਿਸੇ ਸ਼ਰਤ ਦਾ ਉਲਥਾ, ਬੇਬੇ ਨੂੰ ਇਸ ਦੀ ਸਮਝ ਤਾਂ ਨਈਂ , ਪਰ  ਉਸਦਾ ਬੇ-ਢਬਾ ਜਿਹਾ ਉੱਤਰ ਬੇ-ਹੱਦ ਓਪਰਾ-ਓਪਰਾ ਲੱਗਾ । ਓਪਰਾ ਤੇ ਸਿਰੇ ਦਾ ਭੈੜਾ ਵੀ । ਡੌਰ-ਭੌਰ ਹੋਈ ,ਉਹ ਉਸਦੇ ਮੂੰਹ-ਚਿਹਰੇ ਵੱਨ ਦੇਖਦੀ ਰਹੀ । ਉਸਦੇ ਭਾਵ-ਹੀਣ ਮੂੰਹ-ਮੱਥੇ ਵਲ , ਜਿਸ ਉੱਪਰ ਕਦੀ ਛੋਟੀ-ਵੱਡੀ ਹਰ ਘਟਨਾ-ਦੁਰਘਟਨਾ ਕਿੰਨੀ ਸਾਰੀ ਆਬਾਰਤ ਉੱਕਰ ਦਿਆ ਕਰਦੀ ਸੀ ।
….ਦਿਆਲੇ ਕਿਆਂ ਦੇ ਘਰ-ਟੱਬਰ ‘ਚ ਹੋਈ ਬੀਤੀ ਨੇ ਤਾਂ ਉਸਨੂੰ ‘ਸੁਦਾਈ ’ ਕਰ ਛਡਿਆ ਸੀ , ਪਿਛਲੇ ਤੋਂ ਪਿਛਲੇ ਸਾਲ –ਦਿਆਲੇ ਬੁੜੇ ਦੀ ਸੱਭ ਤੋਂ ਛੋਟੀ ਪੋਤ-ਨੋਂਹ ਪ੍ਰਗਾਸੋ, ਪਹਿਲੋਂ ਤਾਂ ਰਾਤ-ਬਰਾਤੇ ਆ ਠਹਿਰਦੇ ‘ਮੁੰਡਿਆਂ ’ ਨੂੰ ‘ਭਾਈ-ਵੀਰ ’ਦੱਸ ਕੇ ‘ਸੇਵਾ ’ਕਰਦੀ ਰਹੀ , ਫਿਰ ਆਪਣਾ ਈ ਬੰਦਾ ਉਹਨਾਂ ਦੀ ਚੁੰਗਲ ‘ਚ ਫਸਿਆ ਦੇਖ ਕੇ , ਉਹਨਾਂ ਦੀ ਗਲ੍ਹ ਪੈਂਦੀ ਫਿਰੇ ।
ਅਗਲੇ ਵੱਧ-ਘੱਟ ਸੁਣਦੇ ਕਦੋਂ ਸੀ ਓਦੋਂ …..। ਉਹਦਾ ਮੀਤਾ ਉਹਨਾਂ ਊਈਂ ਐਧਰ-ਓਧਰ ਕਰ ਛਡਿਆ ਤੇ ਆਪ…ਆਪ ਡਰਾ-ਧਮਕਾ ਕੇ , ‘ਭੈਣ ’ ਪ੍ਰਗਾਸੋ ਤੋਂ ਫੁਲਕਾ-ਪਾਣੀ ਵੀ ਛਕਦੇ ਰਹੇ ਤੇ ਉਹਦੇ ਸਮੇਤ ਉਹਦੀਆਂ ਬਲੂਰ ਕੰਜਰਾਂ ਨਾਲ ਖੇਹ ਵੀ ਖਾਂਦੇ ਰਹੇ । ਪਤਾ ਓਦੋਂ ਲੱਗਾ , ਜਦ ਉਸਦ ਬਾਲੜੀ ਜਿਹੀ ਛੋਟੀ ਧੀ ਤਾਂ ਭਾਰੇ-ਹਾਵੜੇ ਹੱਡ-ਗੋਡਿਆਂ ਦੀ ਤਾਬ ਨਾ ਝੱਲਦੀ ਹੋਈ , ਰੱਬ ਨੂੰ ਪਿਆਰੀ ਹੋ ਗਈ ਤੇ ਪ੍ਰਗਾਸੋ ਆਪ ਅਤੇ ਉਸਦੀ ਵੱਡੀ ਧੀ ਰਾਣੋ , ਮੀਤੇ ਦੀ ‘ਜੜ੍ਹ-ਹਰੀ ’ ਰੱਖਣ ਲਹੀ ਭਾਰੇ-ਪੈਰੀਂ ਹੋ ਤੁਰਿਆਂ।
“ ਵੈਲੀਆਂ ਦੇ ਟੱਬਰ ‘ਚ ਆਹ ਖੇਹ  ਘੁਲ੍ਹਦੀ ਰਹੀ ਆ ਮੁੱਢ ਤੋਂ ……”, ਪਿੰਡ ਦੇ ਸਿਆਣੇ-ਮੋਹਤਬਰ ਤਾਂ ਚਿਰਾਂ ਤੋਂ ਫ਼ਤਵਾ ਦੇਈ ਬੈਠੇ ਸੀ ਉਹਨਾਂ ਨੂੰ , ਪਰ ਵੱਡੀ ਪੜ੍ਹਾਈ ਪੂਰੀ ਕਰਕੇ ਘਰ ਪਰਤਿਆਂ ਸ਼ੇਰੀ ਕਈ ਦਿਨ ਅੰਦਰੋਂ ਬਾਹਰ ਨਹੀਂ ਸੀ ਨਿਕਲਿਆ । ਪਾਗਲਾਂ ਹਾਰ , ਕਦੀ ਉਹ ਪੱਕੇ ਦੀ ਪਿਛਵਾੜੀ ਬਣੇ ਡੰਗਰਾਂ ਵਾਲੇ ਢਾਰੇ ਹੇਠ ਦੜਿਆ ਰਹਿੰਦਾ , ਕਦੀ ਵਿਹੜੇ-ਬਰਾਂਡੇ ‘ਚ ਘੁੰਮਦਾ ਆਪਣੇ ਆਪ ਨਾਲ ਗਲੀਂ ਲੱਗਾ, ਕਚੀਚੀਆਂ ਵੱਟਦਾ ਰਹਿੰਦਾ, ਜਿਵੇਂ ਦੂਹਰੇ-ਤੀਹਰੇ ਕਤਲ ਕੇਸ ਦੀ ਛਾਣ-ਬੀਣ ਕਰ ਰਿਹਾ ਹੋਵੇ । ਜਿਵੇਂ, ਪਿੰਡ ਨੂੰ ਸੁਲੀ ਟੰਗਣ ਵਾਲੇ ਦੋਸ਼ੀ-ਤੱਥਾਂ ਨੂੰ ਸੱਭ ਦੇ ਸਾਹਮਣੇ ਲਿਆ ਖੜਾ ਕਰਨ ਦੀ ਤਰਕੀਬ ਸੋਚ ਰਿਹਾ ਹੋਵੇ ।……ਇਸ ਪੱਖੋਂ , ਉਸ ਦਾ ਯੂਨੀਵਰਸਿਟੀ ਇਤਿਹਾਸ ਪੂਰਾ ਨਿੱਠ ਕੇ ਪਿੱਠ ਥਾਪੜਦਾ ਸੀ ਉਸਦੀ ।
ਉਸ ਦੇ ਗਰੁੱਪ ਨੇਤਾ , ਇੰਦਰਪਾਲ ਦੀ ਕਿਸੇ ਨੇ ਹੱਤਿਆ ਕਰ ਦਿੱਤੀ , ਗੋਲੀ ਮਾਰ ਕੇ । ਗਹਿ-ਗੱਚ ਭਰੀ ਗਲੀ ‘ਚ । ਘਰੋਂ ਬਾਹਰ ਬੁਲਾ ਕੇ , ਸ਼ਾਮੀ ਜਿਹੇ । ਦਿਨ ਡੁੱਬਦਿਆਂ ਕਰਦਿਆਂ । ਪਰ ਗਲੀ-ਗਆਂਢ ਦੇ ਕਿਸੇ ਵੀ ਮਾਈ  ਦੇ ਲਾਲ  ਨੇ ਕਾਤਲ-ਜੁੱਟ ਦੇ ਕਿਸੇ ਇਕ ਦੀ ਸ਼ਕਲ-ਸੂਰਤ ਤੱਕ ਵੀ ਨਹੀਂ ਸੀ ਦੱਸੀ । ਨਾ ਉਸ ਨੂੰ , ਇੰਦਰਪਾਲ ਦੇ ਭਾਈ-ਬੰਦ , ਯਾਰ-ਮਿੱਤਰ ਜਾਂ ਹੋਰ ਕਿਸੇ ਸਕੇ-ਸੰਬੰਧੀ ਨੂੰ ।
ਉਹਨਾਂ ਦੀ ਮਜ਼ਬੂਰੀ ਸਮਝਦਾ ਸ਼ੇਰੀ , ਕਈ ਚਿਰ ਤਰਲੋ-ਮੱਛੀ ਹੋਇਆ  , ਅੰਦਰ ਖਾਤੇ ਖੋਜ-ਪੜਤਾਲ ਕਰਦਾ ਰਿਹਾ । ਕਈ ਥਾਈਂ ਸਿੱਧਾ ਪਹੁੰਚ ਕੇ ਕਈ ਥਾਈਂ ਵਲ੍ਹ-ਵਲੇਵੇਂ ਪਾ ਕੇ । ‘ਚੰਗੜ-ਖਾਂ ’ਗਿਣੇ ਜਾਂਦੇ ਵਿਰੋਧੀ-ਲੀਡਰ ਡੋਗਰ ਦੇ ਦਰਵਾਜ਼ੇ ਤੇ ਤਾਂ ਉਸਨੇ ਆਪਣੀ ਜਾਨ ਤਲੀ ਤੇ ਧਰ ਕੇ ਜਾ ਦਸਤਕ ਦਿੱਤੀ । ਉਹਨੇ ਅੱਗੋਂ ਧੌਲ-ਧੱਫਾ ਕਰਨ ਦੀ ਬਜਾਏ ਸਿੱਧੀ-ਸਿੱਧੀ ਸੌਂਹ ਖਾ ਲਈ । ਬੜੀ ਹਲੀਮੀ ਨਾਲ । ਸਿਰਾਣ੍ਹੇ ਪਏ ਰੀਵਾਲਵਰ ਤੇ ਹੱਥ ਰੱਖ ਕੇ –“ ਨਾ ਸ਼ੋਰੀ ਨਾ ,ਭਰਾ-ਮਾਰ ਕਰਨੀ ਮੇਰੇ ਕਾਇਦੇ-ਕਾਨੂੰਨ ਦਾ ਹਿੱਸਾ ਨਈਂ…..ਏਹ ਤਾਂ ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਗੰਦੀ-ਜਿਣਸ ਦਾਆ …..! “
ਤੇ ਸੱਚ-ਮੁੱਚ ਸ਼ੇਰੀ ਦੀ ਲਗਨ-ਸਿਰੜ ਨੇ ਥੋੜੇ ਕੁ ਦਿਨੀਂ ਇਕ ਪਾਕ-ਪਵਿੱਤਰ ਅਹੁਦੇ ਵਾਲੀ ਗੰਦੀ ਜਿਣਸ ਨੂੰ ਵਿਦਿਆਰਥੀ ਸਫਾਂ ‘ਚ ਨੰਗਾ ਕੀਤਾ । ਤੇ ਹੁਣ …. ਹੁਣ ਉਸਦੀ ਪੜ੍ਹਾਈ ਸਮੇਂ ਦਾ ਸਾਰਾ ਇਤਿਹਾਸ , ਉਸਦੀ ਅਧਿਆਪਕੀ ਡਾਇਰੀ ਦੇ ਪਹਿਲੇ ਦੂਜੇ ਪੰਨੇ ਹੇਠ ਪੂਰੇ ਦਾ ਪੂਰਾ ਦੱਬ ਕੇ ਰਹਿ ਗਿਆ । ਉਸਦੇ ਮਾਂ-ਪਿਓ ਜਾਇਆਂ ਵਰਗੇ ਹਮ-ਉਮਰ , ਹਮ-ਖਿਆਲ ਨਿੰਦੀ ਦੀ ਆਜਾਈ ਹੋਈ ਹੱਤਿਆ , ਨਾ ਤਾਂ ਉਸਨੂੰ ਇੰਦਰਪਾਲ ਦੇ ਕਤਲ ਵਾਂਗ ਤਰਲੋ-ਮੱਛੀ ਹੀ ਕਰ ਸਕੀ , ਤੇ ਨਾ ਹੀ ਵੈਲੀਆਂ ਦੇ ਟੱਬਰ ਨਾਲ ਹੋਈ ਬੀਤੀ ਘਟਨਾ ਜਿੰਨਾ ਤੰਗ-ਪ੍ਰੇਸ਼ਾਨ ।
ਉਸਦੇ ਬਦਰੰਗ ਜਿਹੇ ਚਿਹਰੇ ਵਲ੍ਹ ਇਕ-ਟੱਕ ਨਿਹਾਰਦੀ ਤੇਜੋ ਬੇਬੇ ਦੇ ਮਨ ‘ਚ ਆਈ ਕਿ ਹੱਥ ‘ਚ ਫੜੀ ਸੋਟੀ ਉਹ ਵਗਾਹ ਦੇ ਸ਼ੇਰੀ ਦੇ ਮੋਰਾਂ ‘ਚ  ਦੋ ਮਾਰੇ ਤੇ ਉਸਤੋਂ , ਬਾਪੂ ਬਿਸ਼ਨ ਸਿੰਘ ਦੇ ਨਾਂ ਨਾਲ ਜੁੜ ਕੇ ਕੀਤੀ ਪੜ੍ਹਾਈ-ਕਮਾਈ ਤਾਰ-ਤਾਰ ਖਿਲਾਰ ਸੱਟੇ । ਪਰ ਅਗਲੇ ਹੀ ਪਲ ਉਸਦੇ ਬਿਸ਼ਨ ਦੀ ਦੱਸੀ-ਸਮਝਾਈ ਸਿੱਖਿਆ ੳਸਦੇ ਸਾਹਮਣੇ ਆ ਖਲੋਤੀ ….”ਜਨ ਸੇਵਾ ਭਾਵਨਾ , ਕਿਸੇ ਆਪ ਮੁਹਾਰੇ ਚਸ਼ਮੇਂ ਵਾਂਗ ਵਗਣ ਵਾਲੀ ਭਰਪੂਰ ਨਿਰਛਲ ਧਾਰਾ ਸਕਦੀ ਐ , ਨਾ ਕਿਸੇ ਬੰਜਰ-ਬੀਆਬਾਨ ਬਦਨ ‘ਚ ਜ਼ੋਰ-ਜ਼ਬਰੀ ਭਰੀ ਜਾ ਸਕਦੀ ਐ ….।”
ਖਿਝੇ-ਖੱਪੇ ਚਿੱਤ ਨੂੰ ਠੀਕ-ਤਰ੍ਹਾਂ ਕਾਬੂ ਹੇਠ ਕਰਦਿਆਂ ਬੇਬੇ ਤੇਜੋ ਸ਼ੇਰੀ  ਨੂੰ ਬੱਸ ਏਨਾ ਕੁ ਆਖ  ਕੇ ਚੁੱਪ ਹੋ ਗਈ …..”ਕਿਉਂ , ਨਾ ਕਿਉਂ ਨਾ ਗਿਆ ਤੂੰ-ਤੂੰ ਨਈਂ ਰੈਂਦਾ ਪਿੰਡ ‘ਚ ….ਹੌਸਲਾ ਈ ਦੇਣਾਂ ਹੁੰਦਾ ਅਗਲੇ ਨੂੰ ਹੋਰ ਕੇੜ੍ਹਾ ਲਿਆਉਣਾ ਹੁੰਦਾ ਗਿਆ ਬੰਦਾ….। ”
ਬੱਧਾ-ਰੱਧਾ ਸ਼ੇਰੀ ਆਖਿਰ ਨਿੰਦੀ ਹੋਰਾਂ ਦੇ ਘਰ ‘ਜਾ ’ ਈ ਆਇਆ ,ਸ਼ਾਮੀ ਮੂੰਹ-ਹਨੇਰੇ ਜਿਹੇ ।
ਪਰ ਦਾਰੀ ਦੀ ਫੂਹੜੀ ਤੇ ਗੋਡਾ ਟੇਕਣ ਉਹ ਫਿਰ ਵੀ ਨਹੀਂ ਸੀ ਗਿਆ ।
ਬੇਬੇ ਦੇ ਕਹਿਣ-ਸੁਨਣ ਤੇ ਵੀ ।
ਨਿੰਦੀ ਨੂੰ ‘ਤੋਰ ’ ਕੇ ਸਾਰਾ ਪਿੰਡ ਅਜੇ ਮਸਾਂ ਉੱਠਣ-ਬੈਠਣ ਹੀ ਲੱਗਾ ਸੀ ਕਿ ਸਰਕਾਰੀ ਧਾੜ ਨੇ ਲੰਬੜਾਂ ਦਾ ਸਾਰਾ ਟੱਬਰ ਆ ਚੁੱਕਿਆ –ਬੇਟ ਏਰੀਆ ‘ਕਮਾਂਡਰ ’ ਨੂੰ ਪਨਾਹ ਦੇਣ ਦੇ ਦੋਸ਼ ‘ਚ ।
ਉੱਪਰੋ-ਬਲੀ ਕਈ ਸਾਰੇ ‘ਗੇੜੇ ’ ਮਾਰ ਕੇ ਪਿੰਡ ਨੇ ਲੰਬੜਾਂ ਕੇ ਬਾਕੀ ਜੀਅ ਤਾਂ ਬਚਦੇ ਕਰ ਲਏ , ਪਰ ਦਾਰੀ ਉਹਨਾਂ ਨੂੰ ਉਵੇਂ ਮਿਲਿਆ , ਜਿਵੇਂ ਦਾ ਰਿਵਾਜ਼ ਸੀ ਉਹਨੀਂ ਦਿਨੀਂ –ਮੰਡ ਦੇ ਕਿਸੇ ‘ਮੁਕਾਬਲੇ ’ ‘ਚ ਮਰਿਆ ਪਿਆ ……ਫਰਾਰ ਹੋਣ ਦੇ ਯਤਨ ਕਰਦਾ …..ਜੰਗਲ ਪਾਣੀ ਦਾ ਬਹਾਨਾ ਲਾ ਕੇ ।
ਦਾਰੀ ਤੋਂ ਪਿਛੋ ਤਾਂ ਜਿਵੇਂ ਬਿੱਜ ਈ ਆ ਪਈ ਉਹਨਾਂ ਦੇ ਪਿੰਡ ਤੇ , ਹਿੰਮਤਪੁਰੇ ਤੇ । ……ਕੋਈ ਘਾਹ-ਪੱਠਾ ਲੈਣ ਗਿਆ ਰਗੜਿਆ ਗਿਆ , ਕੋਈ ਹਲ ਵਾਹੁੰਦਾ , ਡੰਗਰ-ਪਸ਼ੂ ਚਾਰਦਾ ਜਾ ਕਿਸੇ ਰਾਹਗੀਰ ਨਾਲ ਗਲੀਂ ਲੱਗਾ । ਅਮਲੀਂਆਂ ਦਾ ਸੁਰਜੀਤ , ਗੱਪੀਆਂ ਦਾ  ਮੱਖਣ, ਖਬੂਆਂ ਦਾ ਬਿੱਲਾ , ਤਿਲਕੀ ਝੀਰੀ , ਰੁਲ੍ਹੀਆ ਮਜਬ੍ਹੀ, ਕੀਰੋ,  ਸ਼ੀਬਾ , ਨਾਥੀ , ਗਿੰਦਰ ਸੱਭ ਦੇ ਸਭ ਉਸੇਈ ਰਸਤੇ ਲੰਘੇ ਤੇ ਐਸੇ ਈ ਥਾਂ ਪੁੱਜੇ ਸਨ , ਐਸੇਈ ਮਸਾਣ ਝਿੜੀ ‘ਚ ।
ਪਰ, ਕਿਸੇ ਦੀ ਮਘ੍ਹਦੀ-ਜਗਦੀ ਲਾਟ ਲਾਗੇ ਇਵੇਂ ਦਾ ਜੋਸ਼ ਨਹੀਂ ਸੀ ਮਘ੍ਹਿਆ ।
….ਨਿਢਾਲ ਹੋਈ ਗਿੰਦਰੋ ਦੀ ਕੰਢ ਪਲੋਸਦੀ ਤੇਜੋ ਬੇਬੇ ਨੇ ਉਸਨੂੰ ਇਕ ਵਾਰ ਫਿਰ ਦਿਲਾਸਾ- “ ਉੱਠ ਮੇਰਾ ਛਿੰਦ, ਹੋਸ਼ ਕਰ ਤਕੜੀ ਹੋ ….ਦੇਖ ਤੇਰੇ ਸਾਈਂ ਦੀ ਕਿੱਦਾਂ ਜੈ ਜੈ ਕਾਰ ਹੁੰਦੀ ਆ ….ਉਠ ਮੇਰੀ ਧੀ …। “
ਉਸ ਦੇ ਭਾਰੇ-ਡੂੰਘੇ ਬੋਲ , ਦੂਰ ਜਿਵੇਂ ਕਿਸੇ ਡੂੰਘੀ ਖੱਡ ਦੀਆਂ ਹੇਠਲੀਆਂ ਨਿਮਾਣਾਂ ‘ਚੋਂ ਮਸਾਂ ਨਿਕਲ ਕੇ ਬਾਹਰ ਆਏ ਹੋਣ – “ ਬਾਪੂ ਤੇਰੇ ਦਾ ਤਾਂ ਸਾਨੂੰ ਮੂੰਹ ਦੇਖਣਾ ਵੀ ਨਸੀਬ ਨਹੀਂ ਸੀ ਹੋਇਆ । ….”ਖ਼ਬਰੇ ਕਿੱਥੇ ਮਾਰ-ਖਪਾ ਛਡਿਆ ਸੀ ਔਂਤਰਿਆ ……।”
….ਉਸਦਾ ਪਤੀ ਬਿਸ਼ਨ ਵੀ ਤਾਂ ਸ਼ੇਰੀ ਦੀ ਉਮਰੋ ਹੀ ਉਸ ਤੋਂ ਵਿਛੜ ਕੇ ਗਿਆ ਸੀ ।
ਸੱਤ ਸਮੁੰਦਰ ਟੱਪ ਕੇ ਆਈ ਵਲੈਤੀ ਵਹਿਸ਼ਤ ਨਾਲ ਲੋਹਾ ਲੈਣ ।
ਮੁੱਢਲੀ ਸ਼ਰਤ ਸਾਂਭਦੇ ਸ਼ੇਰੀ ਨੂੰ ਜਦ ਬਾਪੂ ਬਿਸ਼ਨ ਸਿੰਘ ਦੇ ਦੇਸੀ  ਵਲੈਤੀ ਦੋਖੀਆਂ ਦੀ ਸਮਝ ਪੈਣ ਲੱਗੀ , ਤਾਂ ਉਸ ਲੇ ਇਕ ਦਿਨ ਤੋਜੋ ਬੇਬੇ ਤੋਂ ਸਪਾਟ ਪੁੱਛ ਲਿਆ – ”ਏਹ ਟੋਡੀ-ਬੱਚਾ ਕੌਣ ਹੁੰਦੇ ਸੀ ਬੇਬੇ ? “
“ਪਰੇਤ-ਰੂਹਾਂ , ਮਾਣਸਖਾਣੇ-ਦੇਅ  ਮੇਰਿਆਂ ਬੱਚਿਆਂ । ਲਿਸ਼ਕੀ ਪੋਚਵੀਂ ਸ਼ਕਲ-ਸੂਰਤ ਉਹਲੇ ਲੁਕੀ ਬੈਠੀ ਅੰਨ੍ਹੀ ਤਮਾਂ, ਨਿਰੀ ਈ ਚੁਗਲ-ਮਿੱਟੀ । “
ਬੇਬੇ ਦੇ ਬੋਲਾਂ ਅੰਦਰਲਾ ਸਾਰਾ ਦਰਦ ਆਪਣੇ ਸਾਹਾ ਤੇ ਬੋਚਦਾ ਸ਼ੇਰੀ , ਪਾਠ ਪੁਸਤਕਾਂ ਦੀ ਪੜ੍ਹਾਈ ਦੇ ਨਾਲ ਨਾਲ ਬੇਬੇ ਤੋਂ ਮਿਲਦੀ ਵਿਦਿਆ ਵੀ ਗ੍ਰਹਿਣ ਕਰਦਾ ਗਿਆ ।
ਬਾਪੂ ਬਿਸ਼ਨ ਸਿੰਘ ਦੀ ਦੱਸੀ ਸਮਝਾਈ ਸਿੱਖਿਆ ।
ਨਾਲ ਨਾਲ ਪੜ੍ਹਾਈ,ਨਾਲ ਨਾਲ ਅਮਲੀ ਕਾਰਜ ।
ਉਸਦੇ ਈਸਪਾਤੀ ਸਿਰੜ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਸੀ ਦੇਖਿਆ । ਔਖੇ ਤੋਂ ਔਖੇ ਵੇਲੇ ਵੀ, ਕਰੜੀ ਤੋਂ ਕਰੜੀ ਟੱਕਰ ਵੇਲੇ ਵੀ । ਖਾਸ ਕਰ ਸੋਢੀਆਂ ਨਾਲ।  ਉਹਨਾਂ ਦੇ ਚੇਲੇ ਚਾਟਕਿਆਂ ਨਾਲ । ਜਿਹਨਾਂ ਭੁੱਲ ਕੇ ਵੀ ਕਦੀ ਦੇਸ਼-ਮੁਲਕ ਦੀ ਗੱਲ ਨਹੀਂ ਸੀ ਕੀਤੀ , ਆਜ਼ਾਦੀ ਗੁਲਾਮੀ ਦਾ ਭੋਗ ਨਹੀਂ ਸੀ ਪਾਇਆ ।
ਨਾ ਪਿੰਡ ਦੀ ਪਰ੍ਹੇ ‘ਚ ਉਠਦਿਆਂ ਬੈਠਦਿਆਂ , ਨਾ ਡੇਰੇ ਦੁਆਰੇ ਆਇਆਂ ਗਿਆਂ ।
ਨਿੰਦੀ –ਦਾਰੀ  ਦੇ ਕਤਲਾਂ ਵੇਲੇ ਤਾਂ ਉਹਨਾਂ ਦੇ ਮੂੰਹਾਂ ‘ਚ ਘੁੰਗਣੀਆਂ ਈ ਪੈ ਗਈਆਂ , ਜਿਵੇਂ ਸ਼ੇਰੀ ਦੇ ਪੈ ਗਈਆਂ ਸਨ, ਉਹਨਾਂ ਨਾਲ ਉੱਠਦਿਆਂ ਬੈਠਦਿਆਂ । ਉਹਨਾਂ ਦੇ ਸਕੂਲ ਦੀ ਸਕੂਲ-ਮਾਸਟਰੀ ਕਰਦਿਆਂ ।…ਆਪ ਤਾਂ ਉਸਦਾ ਵੱਢਿਆਂ ਚਿੱਤ ਨਹੀਂ ਸੀ ਕਰਦਾ ਸੋਢੀਆਂ ਦੀ ਹਵੇਲੀ ਜਾਣ ਨੂੰ । ਬੇਬੇ ਵੀ ਇਸ ਗੱਲੋ ਉਸਦੀ ਡੱਟ ਕੇ ਪਿੱਠ ਥਾਪੜਵੀ ਸੀ , ਪਰ ਉਸਦਾ ਪਿਓ ਸਾਧੂ ਹੀ ਉਸਨੂੰ ‘ਸਮਝਾ-ਬੁਝਾ ’ ਕੇ ਲੈ ਗਿਆ – “ ਐਮੇਂ ਨਈਂ ਤੜਿੰਗ-ਡੜਿੰਗ ਕਦੀ ਜਾਈਦੀ ਬਾਹਰੀ…ਬੰਦਾ-ਕੁਬੰਦਾ ਵੀ ਦੇਖੀਦਾਅ….ਲੋੜ ਉਨ੍ਹਾਂ ਨੂੰ ਆ ਕਿ ਸਾਨੂੰ ….।“
ਆਪ ਵੀ ਸਾਧੂ ਸਿੰਘ ਕਦੀ ਕਿਸੇ ਦੇ ਮੂੰਹ ਅੱਗੇ ਨਹੀਂ ਸੀ ਆਇਆ । ਸੁਭਾ ਈ ਐਹੋ ਜਿਹਾ ਸੀ ਉਸਦਾ । ਭੌਲੀ-ਠੇਕੇ ਤੇ ਲੈਣੇ ਹੁੰਦੇ ਪੰਜ-ਸੱਤ ਖੇਤ ਸਿਰ ਵੀ ਕਿੱਥੇ ਚੱਕਣ ਦਿੱਦੇ ਸਨ ਉਸਨੂੰ ਅਣਖੀਲੇ ਸੁਭਾ ਦੇ ਸ਼ੇਰੀ  ਨੂੰ ਵੀ ਹਮੇਸ਼ਾ ਏਹੀ ‘ਮੱਤਾਂ ’ ਦਿੰਦਾ  । ਸੋਢੀਆਂ ਦਾ ਮਾਣ-ਸਤਿਕਾਰ ਕਰਨ ਤੋਂ ਉੱਕਦੇ ਨੂੰ ਉਸਨੂੰ ਕਦੀ-ਕਦਾਈ ਉਹ ਝਾੜ-ਝਿੜਕ ਵੀ ਛੱਡਦਾ-“ ਕੀ ਤੂੰ ਐਮੇ ਟਟੀਰੀ ਆਂਗੂ ਟਾਰਾਂ ਜੈਈਆਂ ਮਾਰੀ ਜਾਠਾਂ ਰੈਨ੍ਹਾਂ ….ਆਪਣੀ ਅਲਾਂ ਵੀ ਦੇਖ ਲਿਆ ਕਰ , ਆਪਣੀ ਬੁੱਕਤ ਅਲਾਂ….। ਬੱਡੇ ਬੰਦੇ ਆ ਉਹ, ਸੋ ਲੋੜ ਆ ਉਨ੍ਹਾਂ ਦੀ ਕੇਲ੍ਹ-ਕਲੌਤਰ ਨੂੰ ……।“
ਤੇ ਸੱਚ-ਮੁੱਚ ਪੜਾਈ ਪੂਰੀ ਹੋਣ ਤੇ ਸ਼ੇਰੀ ਨੂੰ ਉਹਨਾਂ ਦੀ ਸਿੱਧੀ ਲੋੜ ਆ ਪਈ ਸੀ ।
ਕਈ ਪਾਸੇ ਟੱਕਰਾਂ ਮਾਰਨ ਪਿਛੋਂ ।
ਪਰ, ਸੰਤ ਖਾਲਸਾ ਹਾਈ ਸਕੂਲ ‘ਚ ਦਿੱਤੀ ਨੌਕਰੀ ਦੀ ਅਰਜੀ ਓਨਾ ਚਿਰ ਉਸਦੇ ਪਿਓ ਸਾਧੂ ਸਿੰਘ ਦੇ ਹੱਥਾਂ ‘ਚ ਭਟਕਦੀ ਰਹੀ , ਜਿੰਨਾਂ ਚਿਰ ਸ਼ੇਰੀ ਆਪ ਚੱਲ ਕੇ ਸੋਢੀਆਂ ਦੀ ਹਵੇਲੀ ਪੇਸ਼ ਨਹੀਂ ਸੀ ਹੋਇਆ ।
ਸੋਢੀ ਗੁਰਕਰਨੈਲ ਸਿੰਘ ਲਾਗੇ ਨੀਵੀਂ ਪਾਏ ਖੜੇ ਸ਼ੇਰੀ ਤੋਂ ਉਸਦੀ ਮੰਨਚਲੀ ਜਿਹੀ ਮੁਸਕਾਨ ਸਾਹਮਣੇ ਇਕ ਵਾਰ ਵੀ ਅੱਖ ਉੱਚੀ ਨਹੀਂ ਸੀ ਹੋਈ – ਨਾ ਉਸ ਦਿਨ , ਨਾ ਉਸ ਦਿਨ ਤੋਂ ਪਿਛੋਂ ਕਿਸੇ ਦੀ ਦਿਨ ।
ਪੂਰਾ ਯਤਨ ਕਰਨ ਤੇ ਵੀ ।
ਬੇਬੇ ਤੋਂ ਤਾਂ ਜਿਵੇਂ ਉਸਦੇ ਆਖ਼ਰੀ ਦਮਾਂ ਦੀ ਖੂੰਟੀ-ਡੰਗੋਰੀ ਈ ਕਿਸੇ ਨੇ ਖੋਹ-ਖਿੰਝ ਕੇ ਤੋੜ-ਮਰੋੜ ਸੁੱਟੀ ਹੋਵੇ ।
ਇਕ ਘੋਰ-ਡੂੰਘੀ ਉਦਾਸੀ ਉਸਦੇ ਨਿੱਗਰ-ਸਢੋਲ ਅੰਗਾਂ-ਪੈਰਾਂ ‘ਚ ਘਰ ਬਣਾ ਕੇ ਬੈਠ ਗਈ ਪੱਕੀ ਤਰਾਂ ….।
…ਤੇਜੋ ਬੇਬੇ ਦੀ ਯਖ਼-ਠੰਡੀ ਉਦਾਸੀ ਦਾ ਸੇਕ ਮਹਿਸੂਸਦੀ ਗਿੰਦਰੇ ਥੋੜਾ ਕੁ ਫਿਕਰਮੰਦ ਹੁੰਦੀ , ਸੰਭਲ ਗਈ ।
ਦਾਦੀ ਸੱਸ ਦੀ ਬੁੱਕਲ ‘ਚ ਨਿਢਾਲ ਡਿਗਿਆ ਲੁੜਕਿਆ ਸਿਰ , ਪੂਰਾ ਸਿੱਧਾ ਕਰਕੇ ਉਸਦੇ ਮੋਢੇ ਤੇ ਟਿਕਦਾ ਕਰ ਲਿਆ ।
ਮਸਾਣ-ਝਿੜੀ ‘ਚੋਂ ਉੱਠਿਆ ਘਾੜ੍ਹਾ-ਕਾਲਾ ਧੂੰਆਂ ਉਹਨਾਂ ਦੇ ਸਿਰਾਂ ਉਪਰੋਂ ਦੀ ਲੰਘਦਾ, ਦੂਰ-ਦੂਰ ਤੱਕ ਖਿੱਲਰ-ਪੱਚਰ ਗਿਆ । ਤੜ-ਤੜ ਮਘ੍ਹਦੇ ਸੇਕ ਤੋਂ ਹਟਵੇਂ ਖੜੇ ਲੋਕ,  ਲਸ਼ਕਰ-ਮਿੰਦਰ ਦੀ ਕਾਰਵਾਈ ਨਾਲ ਪੂਰੀ ਤਰ੍ਹਾਂ ਜੁੜੇ ਪਏ ਸਨ ।
ਪੋਟਾ-ਪੋਟਾ, ਚੱਪਾ-ਚੱਪਾ ਕਰਕੇ ਰਾਖ਼ ਹੁੰਦੇ ਸ਼ੇਰੀ ਵਲ੍ਹ ਕਿਸੇ ਦਾ ਵੀ ਧਿਆਨ ਨਹੀਂ ਸੀ ਰਿਹਾ ।
ਸਿਵਾ ਬੇਬੇ ਦੇ , ਸਿਵਾ ਗਿੰਦਰੋਂ ਦੇ ।
ਪਿਛਲੇ ਕਲ੍ਹ ਦਾ ਲੌਢਾ ਵੇਲਾ ਤਾਂ ਜਿਵੇਂ ਉਹਨਾਂ ਦੋਨਾਂ ਤੇ ਆਫ਼ਤ ਬਣ ਕੇ ਆ ਡਿਗਿਆ ਸੀ ।….ਮਿੰਦਰ ਵਕੀਲ ਦਾ ਮੁਨਸ਼ੀ ਹਫਿਆ-ਖਫਿਆ ਆਇਆ , ਬੱਸ ਏਨਾਂ ਕੁ ਆਖ ਕੇ ਮੁੜਦਾ ਹੋਇਆ – “ਸ਼ੇਰੀ ਤੁਆਡੇ ਨੂੰ ਪਤਆ ਨਈਂ ਕੀ ਹੋਇਆ ….ਬੈਠਾ ਪੀਂਦਾ-ਪੀਂਦਾ ਡਿਗ ਪਿਆ , ਕੁੱਲੀ ‘ਚ ਹੁਣ ਹਸਪਤਾਲ ਆ ……।”
ਉਸਦੇ ਸੁਨੇਹੇ ਦਾ ਰੰਗ-ਢੰਗ ਸੁਣਦੀ ਬੇਬੇ ਤਾਂ ਡਿਗਦੀ –ਡੋਲਦੀ ਰਤਾ ਕੁ ਸੰਭਲ ਗਈ ਸੀ , ਪਰ ਭੈਅ-ਭੀਤ ਹੋਈ ਗਿੰਦਰੋ ਸਾਰੀ ਦੀ ਸਾਰੀ ਮਿੱਟੀ ਹੋ ਗਈ ।
ਹਸਪਤਾਲ ਜਾਣ ਤੱਕ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ ।
ਰਾਤ ਹਨੇਰੇ ਪਏ ਲੰਬੜਾਂ ਦੀ ਟਰਾਲੀ ਦਰਾਂ ਮੂਹਰੇ ਖੜੀ ਦੇਖ ਕੇ ਤਾਂ ਉਸਦਾ ਕੜ ਈ ਪਾਟ ਗਿਆ – ਜੁਆਨ –ਜਹਾਨ ਪਤੀ ਦੇ ‘ਤੁਰ-ਜਾਣ ’ ਕਾਰਨ ਵੀ ਅਤੇ ਸ਼ੇਰੀ ਵਰਗੇ ਕੌਲ-ਫੁੱਲ ਦੇ ਪੱਤੀ-ਪੱਤੀ ਵਿਖ਼ਰ ਜਾਣ ਤੇ ਵੀ । ….ਉਸਦੇ ਹੱਠ-ਧਰਮ ਨੇ ਵੀ ਤਾਂ ਹਰ ਸੰਭਵ ਯਤਨ ਕੀਤਾ ਸੀ , ਕਰੜੀ ਤੋਂ ਕਰੜੀ ਸਾਧਨਾ ਕੀਤੀ ਸੀ । ਸ਼ੇਰੀ ਨੂੰ ‘ਤੁਰਦਾ ’ ਰੱਖਣ ਲਈ । ਪਹਿਲੀਆਂ ਵਾਂਗ । ਉਸਦੇ ਯੂਨੀਵਰਸਟੀ ਇਤਿਹਾਸ ਵਾਂਗ । ਹੋਰ ਨਈਂ ਤਾਂ ਘੱਟੋ-ਘੱਟ ਉਸਦੀ ਆਪਣੀ ਟਰੇਡ ‘ਚ । ਅਧਿਆਪਨ ਖੇਤਰ ‘ਚ । ਜਿਸ ਦੀ ਕਾਰਕਰਦਗੀ ਬਾਰੇ ਹਰ ਕੋਈ ਬੇਲਿਹਾਜ ਟਿਪਣੀ ਕਰਦਾ – “ਬਗੈਰ ਕਿਸੇ ਨਿਸਚਿੱਤ ਸਮਾਜਿਕ ਦਿਸ਼ਾ ਦੇ ਸਾਡੀ ਸਾਰੀ ਵਿਦਿਅਕ ਸਰਗਰਮੀ ਆਉਂਦੀਆਂ ਨੌ-ਜਵਾਨ ਪੀੜੀਆਂ ਨੂੰ ਔਹੋ ਜਿਹੇ ਅੰਨ੍ਹੇ-ਖੂਹਾਂ ‘ਚ ਸੁੱਟਦੀ ਜਾ ਰਹੀ ਐ, ਜਿਹਨਾਂ ਅੰਦਰ ਗੇੜੇ  ਕੱਢਦਾ ਹਰ ਡਿਗਰੀ-ਡਿਪਲੋਮਾ ਹੋਲਡਰ , ਚੂਲੀ ਭਰ ਪਾਣੀ ਨੂੰ ਵੱਡੇ ਤੋਂ ਵੱਡਾ ਸਮੁੰਦਰ ਸਮਝਕੇ ਆਪਣੇ ਆਪ ਨੂੰ ਸੱਭ ਤੋਂ ਵੱਡਾ ਤੈਰਾਕ ਮਿਥੀ ਬੈਠਾ ……।”
ਪਰ ਸ਼ੇਰੀ …..ਸ਼ੇਰੀ ਨੂੰ ਕਿਸੇ ਦਾ ਕੋਈ ਵੀ ਬੋਲ…ਕਿਧਰੇ ਰਤਾ ਮਾਸਾ ਵੀ ਚੋਭ ਨਹੀਂ ਸੀ ਲਾਉਂਦਾ ।
ਆਪਣੇ ਗਿਣਵੇਂ-ਟੋਕਵੇਂ ਯਾਰਾਂ-ਮਿੱਤਰਾਂ ਨਾਲ ਉੱਠਦਾ-ਬੰਨਦਾ , ਰਚਦਾ –ਵਿਚਰਦਾ ਆਖਿਰ ਉਹ ਮਿੰਦਰ ਦੀ ਕਚਹਿਰੀ –ਕੁੱਲੀ ‘ਚ     ਚੋਫਾਲ ਆ ਡਿੱਗਿਆ ।
ਗਿੰਦਰੋ ਵੀ ਉਸ ਨੂੰ ਬਚਾ ਨਹੀਂ ਸੀ ਸਕੀ …..।
ਰਾਤ ਭਰ ਉਸ ਦੀਆਂ ਲੇਰਾਂ-ਚੀਕਾਂ ਪਿੰਡ ਦੀ ਸੋਗੀ ਫਿਜ਼ਾ ਅੰਦਰ , ਮਾਤਮ ਦੀ ਸੰਘਣੀ ਸਫ਼ ਵਿਛਾਉਂਦੀਆਂ ਰਹੀਆਂ ।
ਅਗਲੇ ਦਿਨ ਸ਼ੇਰੀ ਦੇ ਸਮਸ਼ਾਨ ਭੂਮੀ ਪੁੱਜ ਜਾਣ ਤੱਕ ਵੀ ਉਹ ਉਵੇਂ ਦੀ ਉਵੇਂ ਪਈ ਰਹੀ , ਸਾਹ-ਸੱਤ ਹੀਣ । …ਵੱਡੀ ਬੇਬੇ ਦੀ ਗੋਦੀ ‘ਚੋਂ ਉੱਠੀ ਗਿੰਦਰੋ ਦੇ ਕੰਨਾਂ ਤੱਕ ਇਕ ਨਾਅਰਾ ਹੋਰ ਅੱਪੜਿਆ- “ਪ੍ਰੋ : ਸ਼ੇਰ ਸਿੰਘ  ਸ਼ੇਰੀ , ਅਮਰ ਰਹੇ ……।”
ਜਿਹੋ ਜਿਹੀ ਉੱਚੀ ਭਰਵੀਂ ਹੇਕ, ਓਹੋ ਜਿਹੀ ਉੱਚੀ-ਭਰਵੀਂ ਪ੍ਰਵਾਨਗੀ ।
‘ਸ਼ੇਰੀ ’ ਤੋਂ ਥੋੜ੍ਹਾ ਕੁ ਹਟਵੀਂ ਖੜ੍ਹੀ ਕਰੀਬ ਸਾਰੀ ਭੀੜ ਵਲੋਂ – ਬਿਲਕੁਲ ਯੂਨੀਵਰਸਿਟੀ ਇਕੱਠਾਂ ਦੇ ਸਮਾਂਅੰਤਰ ।
ਸ਼ੇਰੀ ਈ ਸ਼ੇਰੀ ਹੁੰਦੀ ਸੀ ਸਾਰੇ ਕੰਪਲੈਕਸ ‘ਚ । ….ਉਸ ਨੂੰ ਵਿਦਿਆਰਥੀ ਸਫਾਂ ‘ਚ ਵਿਚਰਦੇ ਦੇਖਦੀ ਤਾਂ ਬਣੇ ਮਾਣ ਨਾਲ ਦੱਸਣੀ ਤਾਂ ਬੜੇ ਮਾਣ ਨਾਲ ਦੱਸਣੀ , ਹਮਜੋਲਣਾਂ –ਸਹਿਪਾਠਣਾਂ ਨੂੰ – “ਏਹ ਸਾਡੀ ਅਲ੍ਹ ਦਾਆ …..ਮੇਰੇ ਪਿੰਡ ਦੇ ਲਾਗੇ ਆ ਏਦ੍ਹਾ ਪਿੰਡ…..ਬਾਬਾ ਏਦ੍ਹਾ ਵੀ ਵੱਡੇ ਜੋੜਾਂ ‘ਚ ਰਿਹਾ – ਬਾਪੂ ਬਿਸ਼ਨ ਸਿੰਘ, ਬਿਸ਼ਨ ਸੂੰਹ ਗੜਗੱਜ………”
“ਫੇਏ ਤਾ ਕੁੜੇ ਵਧਾਈਆਂ , ਤੈਨੂੰ ਵੀ ਤੇ ਉਹਨੂੰ ਵੀ । …..ਹਾਏ ਨੀ ਹਾਏ ਦੋ-ਦੋ ਡਿਗਰੀਆਂ ਕੱਠੀਆਂ ਈ , ਏਹਨੂੰ ਕੈਂਦ੍ਹੇ ਆ ਪਰਾਲਭਦ………,” ਉਹ ਵੀ ਉਸ ਦੇ ਸ਼ੇਰੀ ਨਾਲ ਰੰਗ-ਬਰੰਗੇ ਰਿਸ਼ਤੇ ਜੋੜਦੀਆਂ, ਖੁਲ੍ਹਾ-ਖ਼ਲਾਸਾ ਹਾਸਾ-ਠੱਠਾ ਕਰਦੀਆਂ ।
ਹਰ ਤਰ੍ਹਾਂ ਦੀ ਟਿੱਚਰ-ਟਕੋਰ ਖਿੜੇ-ਮੱਥੇ ਸਾਹਰਦੀ ਗਿੰਦਰੋ ਕਦੀ ਵੀ ਕਿਸੇ ਨਾਲ ਖਫਾ ਨਹੀਂ ਸੀ ਹੋਈ ।
ਸਗੋਂ , ਪਿੰਡ ਆਈ ਉਹ  ਉਸ ਦੀ ਗੱਲ ਜ਼ਰੂਰ  ਛੇੜਦੀ – ਮਾਂ ਨਾਲ ਵੀ , ਪਿਓ ਨਾ ਵੀ । ਮਾਂ-ਪਿਓ ਉਸ ਨੂੰ ਮੱਤਾਂ-ਸੁਮੱਤਾਂ ਵੀ ਦਿੰਦੇ ਰਹੇ , ਗੁੱਸੇ-ਰਾਜ਼ੀ ਵੀ ਹੁੰਦੇ ਰਹੇ ।
ਦਰਜਾ-ਬਦਰਜਾ ।
“….. ਸਿਆਣੀ ਬਣ ਕੇ ਰੈਹੀਦਾ , ਘਰੋਂ ਬਾਅਰ ….ਸਮੇਂ ਬੜੇ ਭੈੜੇ ਆ ਧੀਏ ….,,” ਉਸ ਦੀ ਮਾਂ ਨੇ ਕਦੀ ਇਸ ਤੋਂ ਵੱਧ ਕੁਝ ਨਹੀ ਸੀ ਕਿਹਾ ਉਸ ਨੂੰ । ਪਰ , ਫੌਜੀ ਸੁਭਾ ਦੇ ਸੂਬੇਦਾਰ ਨੇ ਗਿੰਦਰੋ ਨੂੰ ਵਿਚ-ਵਾਰ ਝਿੜਕਿਆ ਵੀ , ਕਦੀ ਓਪਰੇ ਮਨੋਂ, ਕਦੀ ਦਿਲੋਂ-ਮਨੋਂ – “ਕੀ ਤੂੰ ਆਈ ਵਾਰ ਓਦ੍ਹੀਓ ਘਾਣੀ ਲੈ ਬੈਨ੍ਹੀ ਆਂ ….ਹੈਂਅ, ਹੱਦ ਹੋ ਗਈ ਤੇਰੇ ਆਲੀ ….ਦੱਸ , ਮੈਂ ਪੁਛਦਆਂ ਪੱਲੇ ਕੀਈ ਆ ਉਦ੍ਹੇ ….? ” ਨਿਰੀਈ ਭੁੱਖ-ਨੰਗ । …..ਨਾ ਉਨ੍ਹਾਂ ਦਾ ਕਿਸੇ ਨਾ ਉੱਠਣ-ਬੈਠਣ, ਨਾ ਬੋਲ-ਚਾਲ …..। ਸਾਰਾ ‘ਲਾਕਾ ਇਕ ਬੰਨੇ, ਉਹ ‘ ਕੱਲੇ ਇਕ ਬੰਨੇ । ….ਦੇਸ਼-ਦੁਸ਼ਮਣ, ਏਕ-ਦੰਮ ਗੱਦਾਰ ਕਿਸੇ ਥਾਂ ਦੇਏ ….। “
ਸੂਬੇਦਾਰ ਦੀ ਤਲ਼ਖੀ ਸ਼ੇਰੀ ਤੋਂ ਤਿਲਕ ਕੇ ਝੱਟ ਉਸ ਦੇ ਪਿਤਾ-ਪੁਰਖਿਆਂ ਵਲ੍ਹ ਨੂੰ ਹੋ ਤੁਰਦੀ ।
ਗਿੰਦਰੋ ਨੂੰ ਉਸ ਦਾ ਆਖਿਆ-ਬੋਲਿਆ, ਬੇ-ਹੱਦ ਬੇਚੈਨ ਕਰ ਜਾਂਦਾ , ਬੇਚੈਨ ਤੇ ਉਦਾਸ । ਕਈ ਵਾਰ ਉਸ ਦੇ ਮਨ ‘ਚ ਆਈ ਕਿ ਪਿਓ ਦੀ ਅੱਖੜ-ਝੱਖੜ ਬੋਲ-ਬਾਣੀ  ਦਾ ਉਹ ਮੋੜਵਾਂ ਉੱਤਰ ਦੇਵੇ , ਤੇ ਉਸ ਦੀ ਫੌਜ ਯੈਸ-ਨੋਅ ਤੱਕ ਸਿੱਖਿਅਤ ਸੂਬੇਦਾਰੀ ਨੂੰ , ਦੇਸ਼-ਭਗਤੀ ਦੇਸ਼-ਗੱਦਾਰੀ ਵਰਗੀਆਂ ਆਮ ਪ੍ਰਚੱਲਤ ਸੰਗਿਆਵਾਂ ਦਾ ਸੰਦਰਭੀ ਅਰਥ ਸਮਝਾਵੇ । ਪਰ ,ਛੇਤੀ ਹੀ ਉਸ ਨੂੰ ਇਹ ‘ਰੁੱਖੇ-ਕੌੜੇ ’ ਖਿਆਲ-ਵਿਚਾਰ ਮੁੱਢੋ-ਸੁੱਢੋਂ ਬਦਲਨੇ ਪੈ ਗਏ ।
ਲੋੜ ਹੀ ਨਹੀਂ ਰਹੀ ਇਹਨਾਂ ਦੀ ।
ਕਹਿਰ ਹੀ ਐਹੋ ਜਿਹਾ ਟੁੱਟਾ ਸੀ ਉਸ ਦੇ ਘਰ ਤੇ , ਉਸ ਦੀ ਮਾਂ ਦੀ ਕੁੱਖ ਤੇ , ਉਸ ਦੇ ਬਾਪ ਦੇ ਸੀਨੇ ਤੇ ।…..ਉਹਨਾਂ ਦਾ ਪੁੱਤਰ ਜੱਸੀ  ਜੇ  ਨਈਂ ਸੀ ਜਾਂਦਾ ਪੱਤਣ ਤੇ , ਤਾਂ  ‘ਉਹਨਾਂ ’ ਹੱਥੋਂ ਮਾਰਦਾ ਸੀ , ਸਾਰਾ ਟੱਬਰ । ਜੇ ਉਹ ਗਿਆ ਈ ਗਿਆ , ਤਾਂ ਉਹਨੂੰ ਮੁੜਦੇ ਪੈਰੀਂ ਬੋਚ ਲਿਆ – ਬੀ.ਐਸ.ਐਫ. ਨੇ । ਟਰੈਕਟਰ ਸਮੇਤ ।
ਸੂਬੇਦਾਰ ਨੇ ਲੱਖ ਵਾਸਤੇ ਪਾਏ , ਲੱਖ ਮਿਨਤਾਂ ਕੀਤੀਆਂ । ਇਨਾਮਾਂ-ਮੈਡਲਾਂ ਦੀਆਂ ਸੌਹਾਂ ਖਾ ਕੇ ਵੀ ਜੱਸੀ ਦੇ ਬੇ-ਲਾਗ ਹੋਣ ਦੀ ਭੀਖਿਆ ਮੰਗੀ , ਪਰ ਉਸ ਦੀ ਜਾਣੀ –ਪਛਾਣੀ ਵਰਦੀ ਨੇ ਉਸ ਦੀ ਇਕ ਨਹੀਂ ਸੀ ਸੁਣੀ ।
ਆਪ ਨੂੰ ਉਸ ਨੂੰ ਉੱਪਰ-ਹੇਠਾਂ ਧੂਹ-ਖਿੱਚ ਹੁੰਦੇ ਨੂੰ , ਥਾਂ-ਥਾਂ ਤੋਂ ਇਕੋ ‘ਗਾਲ੍ਹ ’ ਸੁਨਣੀ ਪਈ ਸੀ –“ਤੁੱਮ ਸੀ ਲੋਕ ਏਕ ਦੰਮ ਗੱਦਾਰ ਹੈਅ ਗੱਦਾਰ…..ਗੱਦਾਰ ਔਰ ਦੇਸ਼-ਦੁਸ਼ਮਣ …….।”
ਪੰਜਾਂ ਕੁ ਦਿਨਾਂ ਦੀ ਕੈਂਪ-ਕੈਦ ਤੋਂ ਮੁੜਦੇ ਸੂਬੇਦਾਰ ਦੀ ਸਾਰੀ ਦੀ ਸਾਰੀ ਦਸ਼ਾ-ਦਿਸ਼ਾ ਹੀ ਉਲਟ-ਬਦਲ ਗਈ ਸੀ ।
ਅੱਖਾਂ ਸਾਹਮਣੇ ‘ਤੋੜੇ-ਭੰਨੇ ’ਪੁੱਤਰ ਨੂੰ ਭੁੱਲਣ ਦਾ ਯਤਨ ਕਰਦੀ , ਉਸ ਦੀ ਨਿੱਗਰ-ਸਢੌਲ ਦੇਹ , ਬੱਸ ਦਿਨਾਂ ਅੰਦਰ ਹੀ ਬੁੱਢੀ-ਕੁਬੜੀ ਦਿੱਸਣ ਲੱਗ ਪਈ ।
ਜੱਸੀ ਦੇ ਭੋਗ ਤੋਂ ਵਿਹਲਾ ਹੋ ਕੇ ਉਹ ਸਿੱਧਾ ਸ਼ੇਰੀ ਕੋਲ ਪਹੁੰਚ ਗਿਆ । …..’ਦੇਸ਼ ਦਸ਼ਮਣ ‘, ਬਾਪੂ ਬਿਸ਼ਨ ਸਿੰਘ ਦੇ ਵਾਰਿਸ ਕੋਲ । ਉਸ ਦੇ ਸਕੂਲੇ ।
ਵਡੇਰੀ ਉਮਰ ਦੇ ਸਕੂਲ ਹੈੱਡ ਨੇ ਸ਼ੇਰੀ ਨੂੰ ਉਸੇ ਵੇਲੇ ਦਫ਼ਤਰ ਬੁਲਾ ਕੇ ਉਸ ਨੂੰ ਸਿੱਧੀ-ਸਪਾਟ ਜਾਣਕਾਰੀ ਦੇ ਛੱਡੀ – “ਪੁੱਤਰ ਜੀਈ …..ਪੁੱਤਰ ਜੀਈ , ਏਹ ਭਾਈ ਸੈਬ ਆਲੇ ਨੇ ਤੁਆਨੂੰ ਮਿਲਣ, ਮੇਰਾ ਮਤਲਬ ਤੁਆਨੂੰ ਦੇਖਣ ….ਅਪਣੀ ਬੇਟੀ ਲਈ । …..ਕਿੰਨਾ ਪੜ੍ਹੀ ਆ ਭਲਾ ਬੇਟੀ । ….ਏਹ ਸਾਡੇ ਪੁੱਤਰ ਜੀਈ ਐਮ.ਏ, ਬੀ.ਐਡ. ਨੇ । ਇਮਾਨਦਾਰੀ ਔਰ ਮਿਹਨਤੀ । …..ਆਈ ਲਾਈਕ ਹਿੱਮ ਮੋਸਟ । ਸਕੂਲ ਡਿਊਟੀ ਦੇ ਨਾਲ-ਨਾਲ ਹੋਰ ਐਮ.ਏ. ਵੀ ਕਰਕੇ ਪਏ ਨੇ….ਐਮ.ਏ. ਇੰਗਲਿਸ਼ …..।”
ਦੋ-ਇਕ ਵਾਰ ਰੁਕ ਕੇ ਸਕੂਲ ਹੈਡ ਨੇ ਸਾਡਾ ਪੈਂਡਾ ਇਕੋ-ਹੱਲੇ ਤੈਅ  ਕਰ ਲਿਆ ।
ਘਰ ਪਹੁੰਚ ਕੇ ਸੂਬੇਦਾਰ ਨੇ ਅੱਖ਼ਰ-ਅੱਖ਼ਰ ਵਾਰਤਾ ਗਿੰਦਰੋ ਨੂੰ ਕਹਿ ਸੁਣਾਈ । ਗਿੰਦਰੋ ਅੱਗੋਂ ਸ਼ਰਮਾਉਣ, ਖੁਸ਼ ਹੋਣ ਦੀ ਬਜਾਏ ਬੁਰੀ ਤਰ੍ਹਾਂ ਖਿੱਝ-ਖੱਪ ਗਈ । ਸ਼ੇਰੀ ਲਈ ਬਣਿਆ ਉਸ ਦਾ ਕਿੰਨਾ ਸਾਰਾ ਪਿਆਰ ਸਤਿਕਾਰ , ਸਾਰੇ ਦਾ ਸਾਰਾ ਖਿੱਲਰ-ਬਿਖ਼ਰ ਗਿਆ ।
ਪੈਂਦੀ ਸੱਟੇ ੳਸ ਦੇ ਪਿਓ ਨੂੰ ਹੋਰ ਅੱਗੇ ਤੁਰਨ ਤੋਂ ਹਾਲ ਦੀ ਘੜੀ ਨਾਂਹ ਕਰ ਛੱਡੀ ।
ਸੂਬੇਦਾਰ ਨੇ ਸਮਝਿਆ ਐਮ.ਏ. ਪਾਸ ਗਿੰਦਰੋ ਨੂੰ ਸ਼ੇਰੀ ਦੀ ਪ੍ਰਾਈਵੇਟ ਸਕੂਲ ਮਾਸਟਰੀ ਪਸੰਦ ਨਹੀਂ ਆਈ – “…..ਕੀ ਘਾਟ ਐ ਉਦ੍ਹੇ ‘ਚ । ਪਹਿਲਾਂ ਤੂੰ ਉਦ੍ਹੀਆਂ ਸਿਫਤਾਂ ਕਰਦੀ ਸਾਹ ਨਈਂ ਸੀ ਲੈਂਦੀ , ਹੁਣ ਤੂੰ …। ਉਨ੍ਹੇ ਕਿਤੇ ਐਥੇ ਈ ਚਿਪਕਿਆ ਰੈਣ੍ਹਾ ਐਸੇ ਈ ਸਕੂਲੇ , ਹੋਰ ਭਲਕ ਨੂੰ ਉਹ ਪ੍ਰੋਫੈਸਰ ਬਣਿਆ ਲੈਅ, ਕਿਸੇ ਵੱਡੇ ਸਰਕਾਰ ਕਾਂਲਜ ਦਾਆ ………”
ਪਰ, ਗਿੰਦਰੋ ਨੂੰ ਉਸ ਵੀ ਸਕੂਲ ਮਾਸਟਰੀ ਦਾ ਹਿਰਖ ਸੀ , ਨਾ ਉਸ ਦੇ ਛੇਤੀ ਹੀ ਪ੍ਰੋਫੈਸਰ ਬਣ ਜਾਣ ਜਾ ਚਾਅ ।  ਉਹ ਤਾਂ ਇਤਿਹਾਸ ਦੇ ਪ੍ਰੋਫੈਸਰ ਦੇ ਸਮਝਾਏ ‘ਨੁਕਤੇ ’ ਦੇ ਭੈਅ-ਸੱਚ ਵਿਚਕਾਰ ਪੂਰੀ ਤਰ੍ਹਾਂ ਘਿਰ ਗਈ ਸੀ – “…ਨਾ ਤਾਂ ਕਿਸ਼ੋਰ ਉਮਰ ਦੀ ਅਲੜ੍ਹ ਆਪ ਮੁਹਾਰੀ ਗਰਮੀ ਹੀ ਅਮਲੀ ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਦੂਰ-ਦੇਰ ਤੱਕ ਸਾਥ ਦਿੰਦੀ  ਐ …..ਤੇ ਨਾ ਹੀ ਨਿੱਜਵਾਦੀ-ਕੈਰੀਅਰਿਸਟ ਲੰਮੇ ਸਮੇਂ ਤੱਕ ਇਨਕਲਾਸੀ ਰਾਹਾਂ ਤੇ ਲੰਮਾ ਪੈਂਡਾ ਤੁਰੇ ਰਹਿ ਸਕਦੇ ਆ……।”
ਉਸ ਦੇ ਜਾਣੇ-ਪਛਾਣੇ ਕਸਬੇ ਦੇ ਸੰਤ-ਖਾਲਸਾ ਹਾਈ ਸਕੂਲ ਦਾ ਅੰਗਰੇਜ਼ੀ-ਮਾਸਟਰੀ ਸ਼ੇਰੀ, ਉਸ ਨੂੰ ਯੂਨੀਵਰਸਿਟੀ ਪੜ੍ਹਦੇ ਸ਼ੇਰੀ ਨਾਲੋਂ ਬਿਲਕੁਲ ਵੱਖਰਾ-ਵੱਖਰਾ ਲੱਗਾ । ….ਉਹ ਤਾਂ ਸਮਝਦੀ ਤਾਂ ਉਸ ਨੂੰ ਫੀਸਾਂ –ਪਾਸਾਂ ਦੇ ਹਲਕੇ –ਫੁਲਕੇ ਟੀਚਿਆਂ ਤੋਂ ਅਗਲੇ ਪੜਾਵਾਂ ਦਾ ਰਾਹਗੀਰ ਸਮਝਦੀ ਰਹੀ ।ਓਬੜ-ਖੋਬੜ ਧਰਤੀ ਤੇ ਰਿੜ੍ਹਦੇ-ਸਰਕਦੇ ਜੀਵਨ ਦਾ ਹਮਸਫ਼ਰ ਗਿਣਤੀ ਰਹੀ , ਪਰ ਉਹ ਟੀਚਰੀ-ਪ੍ਰੇਫੈਸਰੀ ਦੇ ਕੋਲੂ-ਘੇਰੇ ਚੜ੍ਹਿਆ, ਕਿਸੇ ਵੀ ਆਮ-ਸਥਾਰਨ ਪਤੀ ਨਾਲੋਂ ਵੱਧ ਵਿਸ਼ੇਸ਼ ਕੁਝ ਵੀ ਨਹੀਂ ਸੀ ਨਿਕਲਿਆ ।
…..ਮਸਾਣਝਿੜੀ ‘ਚ ਆਉਂਦੀਆਂ ,ਉਸ ਦੀ ਜ਼ਿੰਦਾਬਾਦ ਦੀਆਂ ਆਵਾਜ਼ਾਂ ਉਸ ਨੂੰ ਬੇਹੱਦ ਓਪਰੀਆਂ ਤੇ ਭੈੜੀਆਂ ਲੱਗੀਆਂ ।
ਲਸ਼ਕਰ-ਮਿੰਦਰ ਦੀ  ਕਾਰਗੁਜ਼ਾਰੀ ਉਸ ਦੀ ਨਿਰਜਿੰਦ ਹੋਈ ਦੇਹ ਨੂੰ ਜਿਵੇਂ ਈਸਾ-ਸੂਲੀ ਤੇ ਟੰਗ ਗਈ ।
ਨਾਅਰੇ-ਹੇਕਾ ਦੀ ਤਲਖੀ ਮਹਿਸੂਸਦੀ ਉਹ ਹੰਭਲਾ ਮਾਰ ਕੇ ਉੱਠ ਬੈਠੀ । ਦਾਦੀ ਸੱਸ ਦੇ ਮੋਢੇ ਤੇ ਟਿਕਿਆ ਅੱਧੋਰਾਣਾ ਨੰਗ-ਸਿਰ , ਉਸ ਨੇ ਆਪਣੇ ਮੋਢਿਆਂ ਦੇ ਭਾਰ ਦੇ ਕੇ ਪੂਰਾ ਸਿੱਧਾ ਕਰ ਲਿਆ ।
ਲੱਟ-ਲੱਟ ਕ੍ਰਿੱਲਰੇ ਕਾਲੇ-ਭੂਰੇ ਵਾਲ੍ਹ ਪਿੱਠ ਵਾਲੇ ਪਾਸੇ ਨੂੰ ਥੋੜ੍ਹੇ ਕੁ ਸੁਆਰੇ ਕਰ ਲਏ ।
ਉਸ ਦੀਆਂ ਲਾਲ ਡੋਰੇ ਉੱਗਲੀਆਂ ਅੱਖਾਂ ਮਸਾਣਝਿੜੀ ਦੀ ਹਿੱਲ-ਜੁਲ ਨਾਲ ਇਕ-ਟੱਕ ਜੁੜ ਗਈਆਂ । …..ਆਪਣੀ ਠੇਠ ਮੁਜ਼ਾਰ੍ਹਾਕਾਰੀ ਸ਼ੈਲੀ –ਬੋਲੀ ‘ਚ ਲਸ਼ਕਰ ਦਾ ਅਮਲ ਲਗਾਤਾਰ ਜਾਰੀ ਸੀ – ਕਿਸੇ ਦੀ ਮੁਰਦਾਬਾਦ , ਕਿਸੇ ਦੀ ਜ਼ਿੰਦਾਬਾਦ । ਨਾਲ-ਨਾਲ ਸਰਧਾਂਜਲੀ ਸ਼ੇਰੀ ਨੂੰ , ਪ੍ਰੋਫੈਸਰ ਸ਼ੇਰ ਸਿੰਘ ਸ਼ੇਰੀ ਨੂੰ ।
-“ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਕਰਨ ਆਏ ਦੋਸਤੋ , ਤੁਆਡੇ ਚਿਹਰਿਆਂ ਤੇ ਛਾਈਂ ਫਿਕਰਮੰਦੀ ਤੋਂ ਏਹ ਸਾਫ-ਸਾਫ ਪੜ੍ਹਿਆ ਜਾ ਰਿਹੈ , ਕਿ ਸਾਡ ਦੁਆਲੇ ਤੰਦੂਆ ਜਾਲ੍ਹ ਸੁੱਟੀ ਬੈਠੀ ਏਸ ਨਾਮੁਰਾਦ ਅਰਥ-ਵਿਵਸਥਾ ਨੇ , ਅੱਜ ਸਾਥੋਂ ਪਿਆਰਾ ਤੇ ਮਹਿਬੂਬ ਸਾਥੀ ਖੋਹ ਕੇ ਸ਼ਹੀਦ ……। ”ਇਕ ਵਾਕ ‘ਚ ਉਹ ‘ਸ਼ਹੀਦ ’, ਦੂਜੇ ‘ਚ ‘ਅਮਰ’, ਤੀਜੇ ‘ਚ ‘ਅਮਰ-ਸ਼ਹੀਦ’…..।
ਗਿੰਦਰੋ ਤੀ ਤੜਪਦੀ ਰੂਹ ਨੂੰ ਇਹ ਆਵਾਜ਼ਾਂ ਤੀਰਾਂ ਵਾਂਗ ਵਿੰਨ੍ਹਦੀਆਂ ਗਈਆਂ ।
….ਉਸ ਦੀ ਹੁਣ ਤੱਕ ਦੀ ਸਮਝ-ਸੂਝ ਨੇ ਇਹਨਾਂ ਸ਼ਬਦਾਂ ਦੇ ਸਹਿਜ ਅਰਥਾਂ ਨੂੰ ਜਾਂ ਤਾਂ ਬਾਪੂ ਬਿਸ਼ਨ ਸਿੰਘ ਵਰਗੇ ਗ਼ਦਰੀ-ਇਨਕਸਾਲਬੀ ਬਾਬਿਆਂ ਨਾਲ ਜੋੜ ਕੇ ਵਾਚਿਆ ਸੀ , ਜਾਂ ਫਿਰ ਅੰਨ੍ਹੀ-ਹਨੇਰੀ ਵਰਗੀ ਕਾਲ੍ਹੀ-ਬੋਲੀ ‘ਰਾਤ ’ ‘ਚ ਬੇ-ਖੌਫ ‘ਵਿਚਰਦੇ ’ ਨਿੰਦੀ-ਦਾਰੀ ਸਮੇਤ ਸੁਹਰੇ ਪਿੰਡ ਦੇ ਅਨੇਕਾਂ ਬੇ-ਕਸੂਰਾਂ ਨਾਲ ।
ਘਰ ਦੇ ਜੀਆਂ ਦੇ ਜੀਅ –ਘਾਣ ਤੋਂ ਡਰਦਾ , ‘ਉਨ੍ਹਾਂ’ ਨੂੰ ਪੱਤਣ ਤੱਕ ਛੱਡਣ ਗਿਆ ਛੋਟਾ ਭਰਾ ਜੱਸੀ ਵੀ ਉਸ ਨੇ ਇਹਨਾਂ ਦੀ ਅਰਥ-ਵਲਗਣ ਨਹੀਂ ਸੀ ਲਿਆਂਦਾ ।
ਫਿਰ ਸ਼ੇਰੀ …..ਉਸ ਦੀ ਆਸ-ਉਮੀਦ ਦੇ ਹਾਣ-ਪ੍ਰਵਾਣ ਤੋਂ ਬਹੁਤ ਹੀ ਨੀਵੀਂ ਥਾਂ ਜਾ ਡਿੱਗਿਆ ਸ਼ੇਰੀ । ਉਸ ਦੀ ਸਕੀ-ਸਕੀਰੀ ਮੰਡ ‘ਚ ਵਰ੍ਹਦੀ ਅੱਗ ਤੋਂ ਡਰ ਸਹਿਮ ਦੇ ਕਚਹਿਰੀ ਕੁੱਲੀ ਦੀ ਛੱਤ ਹੇਠ ਲੁਕੇ-ਦੜੇ ਸ਼ੇਰੀ ਲਈ ਵਰਤੇ ਗਏ ਪਾਕ-ਪਵਿੱਤਰ ਸਿਲਾਲੇਖਾਂ ਦਾ ਉਚਾਰਨ ਸੁਣ ਕੇ ਉਹ ਵਿਆਕੁਲ ਹੀ ਹੋ ਉੱਠੀ ।
ਉਸ ਦੇ ਮਨ ‘ਚ ਆਈ ਕਿ ਬੇਬੇ ਲਾਗਿਓਂ ਉੱਠ ਕੇ , ਉਹ ਝੱਟ-ਪੱਟ ਮਸਾਣਝਿੜੀ ਜਾ ਪਹੁੰਚੇ ਅਤੇ ਲਸ਼ਕਰ ਦੀ ਥਾਂ ਖੜੋ ਕੇ , ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ ਦੀ ਥਾਂ ਖੜੋ ਕੇ ,ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ-ਮਿੰਦਰ ਤੋਂ ਇਹਨਾਂ ਸ਼ਬਦ-ਸੰਗਿਆਵਾਂ ਦੇ ਭਾਵ-ਅਰਥ ਪੁੱਛੇ ਤੇ ਫਿਰ…..ਫਿਰ ਉਹਨਾਂ ਦੁਆਲੇ ਜੁੜੀ ਸਾਰੀ ਦੀ ਸਾਰੀ ਭੀੜ ਨੂੰ ਬੇ-ਹੱਦ , ਬੇ-ਲਿਹਾਜ਼ ਹੋ ਕੇ ਮੁਖਾਤਿਬ ਹੋਵੇ –“ ….. ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਆਏ ਸਾਥੀਓ , ਤੁਹਾੜੇ ਸਭ ਦੇ ਚਿਹਰਿਆਂ ਤੇ ਚਿਪਕੀ ਉਦਾਸੀ ਤੋਂ ਕੀ ਏਹ ਸਾਫ਼-ਸਾਫ਼ ਪੜ੍ਹ ਲਿਆ ਜਾਏ ਕਿ ਸੱਚ-ਮੁੱਚ ਹੀ ਤੁਆਡਾ ‘ਪਿਆਰਾ ਤੇ ਮਹਿਬੂਬ ’ ਸ਼ੇਰੀ ਤੁਆਡੀ ਹਰ ਭੀੜ-ਮੁਸ਼ਕਲ , ਔਖ-ਤਕਲੀਫ਼ ਦੇ ਅੰਗ-ਸੰਗ ਖਲੋ ਕੇ ਚਲਦਾ ਵਿਚਰਦਾ ਰਿਹੈ ਜਾਂ ਉਹ ਹਲਕੀ –ਭਾਰੀ ਹਵਾ ਦੇ ਛੋਟੇ ਵੱਡੇ ਬੁੱਲ੍ਹੇ-ਵਰੋਲੇ ਤੋਂ ਡਰਦਾ , ਆਪਣੇ ਹੀ ਨਿੱਜ ਦੇ ਖੋਲ੍ਹ ਅੰਦਰ ਡੂੰਘਾ ਹੋਰ ਡੂੰਘਾ ਗ਼ਰਕ ਹੁੰਦਾ ਗਿਆ ……ਆਪਣਾ ਆਪ , ਆਪਣੇ ਲੋਕ, ਅਪਣੇ ਆਦਰਸ਼ ਸੱਭ ਕੁਝ ਭੁੱਲ-ਭੁਲਾ ਕੇ ।
ਪਰ……ਬੇਬੇ ਤੇਜੋ ਨਾਲ ਢੁੱਕ ਕੇ ਬੈਠੀ ਗਿੰਦਰੋ ਉਵੇਂ ਦੀ ਉਵੇਂ ਬੈਠੀ ਰਹੀ । ਉੱਠ ਨਾ ਸਕੀ । ਲੋਕ-ਲੱਜਾ ਵਜੋਂ ਜਾਂ ਮੁੱਢ ਤੋਂ ਚੱਲੀ ਆਉਂਦੀ ਅਪਣੀ ਭਾਸ਼ਣ ਕਰ ਸਕਣ ਦੀ ਝਿਜਕ ਕਾਰਨ ।…..ਯੂਨੀਵਰਸਟੀ , ਵਿਦਿਆਰਥੀ  ਇਕੱਠਾਂ ‘ਚ ਵੀ ਉਸ ਤੋਂ ਅਜਿਹੀ ਹਿੰਮਤ ਕਦੀ ਸੀ ਹੋਈ । ਤਨੋ-ਮਨੋ ਚਾਹੁੰਦਿਆਂ ਹੋਇਆਂ ਵੀ ਨਹੀਂ ਸੀ ਹੋ ਸਕੀ । ਉਸ ਅੰਦਰ ਉਬਲਦਾ ਰੋਹ-ਹਿਰਖ਼, ਉਸ ਦੀ ਹਿੱਕ-ਛਾਤੀ ਨਾਲ ਟੱਕਰਾ ਦੇ ਬੱਸ ਅੰਦਰੋ-ਅੰਦਰ ਡੱਕਿਆ ਰਹਿੰਦਾ । ਜਾਂ , ਵੱਧ ਤੋਂ ਵੱਧ ਕਿਸੇ ਨੇਤਾ-ਵਕਤਾ ਨੂੰ ਕੱਲਿਆਂ ਰੋਕ  ਬੋਲ-ਖਹਿਬੜ ਲੈਂਦਾ – ਉਸ ਦੀ ਆਪ-ਵਿਰੋਧੀ ਬਿਆਨਬਾਜ਼ੀ ਤੇ ਜਾਂ ਉਸ ਦੀ ਕਰਨੀ-ਕਥਨੀ ਵਿਚਲੇ ਲੰਮੇ-ਚੌੜੇ ਅੰਤਰ ਕਰਕੇ ।
ਸ਼ੇਰੀ ਨਾਲ ਵੀ ਗਿੰਦਰੋ ਰੱਜ ਕੇ ਆਡ੍ਹਾ ਲਾਉਂਦੀ । ਨਾ ਰਾਤ ਦੇਖਦੀ ਨਾ ਦਿਨ । ਨਾ ਉਸ ਦੀ ਸਰਤ ਦੇਖਦੀ ਨਾ ਬੇ-ਸੁਰਤੀ  । ਉਹ ਉਸ ਨੂੰ ਚੰਗੇ –ਮਾੜੇ ਸਾਰੇ ਸ਼ਬਦਾਂ ਨਾਲ ਫਿਟਕਾਰਦੀ । ਉਸ ਨੂੰ ਨਿਕੰਮਾ, ਭਗੌੜਾ, ਸੁਆਰਥੀ ਤੱਕ ਦੇ ਦੋਸ਼ ਲਾ ਕੇ ਆਰ੍ਹਾਂ-ਹੁੱਝਾਂ ਲਾਉਂਦੀ । ਪਰ ਉਹ….ੳਸ ਉੱਤੇ ਰਤਾ-ਮਾਸਾ ਵੀ ਕਿਧਰੇ ਕੋਈ ਅਸਰ ਨਾ ਹੁੰਦਾ ।ਸੜਦੀ-ਭੁਜਦੀ ਗਿੰਦਰੋ ਦਾ ਭਰਿਆ-ਕਲਪਿਆ ਚਿੱਤ , ਆਬਸ਼ਾਰ ਬਣ ਕੇ ਬਹਿ ਉੱਠਦਾ । …..ਉਸ ਦੀਆਂ ਖਾਖਾਂ ਤੋਂ ਡਾਰਾਂ ਬਣ ਕੇ ਡਿੱਗਦੇ ਹੰਝੂ , ਕਿੰਨਾ-ਕਿੰਨਾ ਚਿਰ ਦੀ ਨਿਰਜਿੰਦ ਹੋਈ ਦੇਹ ਨੂੰ ਨਿਰਜਾਨ ਕੀਤੀ ਰੱਖਦੇ ।
ਬੇ-ਬੱਸ , ਬੇ-ਚੈਨ ਹੋਈ  ਉਹ ਕਈ-ਵਾਰ ਸੱਭ ਕੁੱਝ ਛੱਡ-ਛੁਡਾ ਕੇ ਪੇਕੇ ਘਰ ਪਰਤ ਜਾਣ ਨੂੰ ਆਹੁਲਦੀ । ਪਰ…..ਉਸ ਦਾ ਪੇਕਾ ਘਰ ਹੈਅ ਕਿੱਥੇ ਸੀ । …..ਬੁੱਢੇ ਮਾਂ-ਪਿਓ ਦੀ ਬੇ-ਸਹਾਰਾ ਜੂਨ ਤਾਂ ਗੋਡਿਆਂ ‘ਚ ਸਿਰ ਸੁੱਟੀ , ਅਜੇ ਤੱਕ ਬਾਹਰਲੀ ਸਰਦਲ ਵਲ੍ਹ ਨੂੰ ਟਿਕਟਿਕੀ ਲਾਈ ਬੈਠੀ ਸੀ , ਕਿਸੇ ਵੀ ਜੱਸੀ ਦੀ ਉਡੀਕ ‘ਚ ।
ਛੋਟੇ ਭਰਾ ਦੀ ਬੇ-ਵਕਤ ਹੋਈ ਮੌਤ, ਉਸ ਨੂੰ ਬੀਤੇ ਸਾਰੇ ਸਮੇਂ ਨਾਲੋਂ ਕਿਤੇ ਵੱਧ ਦੁਖਦਾਈ ਮਹਿਸੂਸ ਹੋਣ ਲੱਗੀ ।
ਉਸ ਨੂੰ ਸਮਝ ਨਹੀਂ ਸੀ ਪੈਂਦੀ ਕਿ ਪਿੱਛਲੀ ਇਕੋ ਰਾਤ ‘ਚ ਉਸ ਅੰਦਰ ਉੱਗ ਆਈ ਉਜਾੜ, ਉਸ ਦੇ ਸਹੁਰੇ ਘਰ ਦੇ ਇਕੋ ਚਿਰਾਗ੍ ਦੇ ਗੁੱਲ ਹੋ ਜਾਣ  ਕਾਰਨ ਪੱਸਰਾ ਖਲੋਈ ਹੈ ਜਾਂ ਉਸ ਦੇ ਪੇਕੇ ਘਰ ਦੀ ਥੋੜ੍ਹਾ ਕੁ ਸਮਾਂ ਪਹਿਲਾਂ , ਬੁਝ ਚੁੱਕੀ ਇਕੋ-ਇਕ ਕਾਰਨ ।
ਬੇਬੇ ਦੀ ਉਮਰ ਵਾਂਗ ਤੁਰਦਾ , ਉਜਾੜ ਲੰਮਾ ਸਫ਼ਰ , ਉਸ ਦੀ ਗਹਿਰ-ਗੰਭੀਰ ਨਿਗਾਹ ਸਾਹਮਣੇ ਦੂਰ ਤੱਕ ਫੈਲਿਆ , ਉਸ ਨੂੰ ਉਸ ਦੇ ਸਫ਼ਰ ਨਾਲੋਂ ਕਿਤੇ ਵੱਧ ਡਰਾਉਣਾ ਦਿੱਸਣ ਲੱਗਾ ।
ਬੇਬੇ ਨੂੰ ਤਾਂ ਉਸ ਦੀ ਹਰੀ-ਭਰੀ ਕੁੱਖ ਨੇ ਕਈ ਵਰ੍ਹੇ ਚਾਅ-ਮਲ੍ਹਾਰ ਕਰਦਿਆਂ ਕਟਵਾ ਹੀ ਛੱਡੇ ਸਨ , ਪਰ ਉਹ ਤਾਂ ਅਜੇ…।
ਚਾਨਚੱਕ ਉਸ ਦੇ ਮਿੱਟੀ ਲਿਬੜੇ ਹੱਥ, ਉਸ ਦੀ ਖਾਲੀ-ਖਾਲੀ ਕੁੱਖ ਤੇ ਦਹੱਥੜ ਮਾਰਨ ਵਾਂਗ ਆ ਵੱਜੇ ।
ਸੜਦੀ-ਬਲਦੀ ਚਿਤਾ ਵਲ ਇਕ-ਟੱਕ ਦੇਖਦੀ ਗਿੰਦਰੋ ਅੰਦਰੋਂ ਉੱਠਿਆ ਤੂਫਾਨ ਜਿੱਡਾ ਹਓਕਾ, ਦਾਦੀ-ਸੱਸ ਦੀ ਬੁੱਕਲ ਨਾਲ ਟੱਕਰਾ ਕੇ ਮੂੜ ਉਸ ਦੀ ਅਪਣੀ ਝੋਲੀ ‘ਚ ਆ ਖਿੱਲਰਿਆ ।
ਮਸਾਣਝਿੜੀ ਦਾ ਸ਼ੋਰੋ-ਗੁੱਲ ਅਜੇ ਵੀ ਉਸ ਦੇ ਕੰਨਾਂ ਵਿਚ ਲਗਾਤਾਰ ਵੱਜ ਰਿਹਾ ਸੀ –ਠੱਕ-ਠੱਕ ।
ਉਸ ਨੂੰ ਹੁੱਝਾਂ ਮਾਰਨ ਵਾਂਗ ।
ਤੇਜੋ ਬੇਬੇ ਲਾਗੇ ਚੇਤੰਨ ਹੋ ਬੈਠੀ , ਉਹ ਆਖਿਰ ਉਸ ਦੇ ਮੋਢੇ ਦਾ ਆਸਰਾ ਲੈ ਕੇ ਉੱਠ ਖਲੋਈ । ……ਆਸ-ਪਾਸ ਬੈਠੀਆਂ ਢੇਰ ਸਾਰੀਆਂ ਮਾਈਆਂ-ਬੀਬੀਆਂ ਵਲੋਂ ਅਸਲੋਂ ਬੇ-ਧਿਆਨ ।
ਇਕ-ਦੰਮ, ਉਸ ਦੇ ਡੋਲਦੇ –ਡਿੱਗਦੇ ਪੈਰ , ਸਿੱਧੇ ਮਸਾਣਝਿੜੀ ਵਲ੍ਹ ਨੂੰ ਹੋ ਤੁਰੇ । ਕੱਖ-ਕੰਡ ਮਿੱਧਦੇ-ਨੱਪਦੇ ।
…..ਲਸ਼ਕਰ ਦੁਆਲੇ ਜੁੜੇ ਸੋਗੀ ਇਕੱਠ ਦੇ ਰੂ-ਬ-ਰੂ ਹੋ ਕੇ ਕੁਝ ਆਖਣ-ਪੁੱਛਣ ਲਈ ਜਾਂ…..ਜਾਂ ਪ੍ਰੋ: ਸ਼ੇਰੀ , ਜੁਆਨ-ਜਹਾਨ ਪਤੀ ਸ਼ੇਰੀ ਦੀ ਤੜ-ਤੜ ਬਲ੍ਹਦੀ ਚਿਤਾ ਤੇ ਆਖ਼ਰੀ ਤੀਲ੍ਹਾ ਸੁੱਟਣ ਦਾ ਸਤਿਕਾਰ ਪੇਸ਼ ਕਰਨ ਲਈ ।
ਇਹ ਨਾ ਉਸ ਨੂੰ ਆਪ ਨੂੰ ਪਤਾ ਲੱਗਾ , ਨਾ ਉਸ ਦੇ ਲਾਗੇ ਬੈਠੀ , ਉਸ ਦੀ ਬੇਬੇ ਤੇਜੋ ਨੂੰ ….?

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>