ਚੰਡੀਗੜ੍ਹ – ਪੰਜਾਬੀ ਫ਼ਿਲਮਾਂ ਦੇ ਅਦਾਕਾਰ ਦੀਪ ਸਿੱਧੂ ਦੀ ਸੋਨੀਪਤ ਦੇ ਨੇੜੇ ਹੋਏ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਉਹ ਦਿੱਲੀ ਤੋਂ ਪੰਜਾਬ ਆ ਰਹੇ ਸਨ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਸੋਨੀਪਤ ਪੁਲਿਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਹਾਦਸਾ ਸੋਨੀਪਤ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਤੇ ਹੋਇਆ। ਹਰਿਆਣਾ ਪੁਲਿਸ ਅਨੁਸਾਰ ਦੀਪ ਸਿੱਧੂ ਦੀ ਸਕਾਰਪਿਯੋ ਗੱਡੀ ਸੜਕ ਦੇ ਕੰਢੇ ਖੜੇ ਇੱਕ ਟਰੱਕ ਵਿੱਚ ਜਾ ਵਜੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੀਪ ਸਿੱਧੂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਉਨ੍ਹਾਂ ਦੇ ਨਾਲ ਗੱਡੀ ਵਿੱਚ ਸਵਾਰ ਔਰਤ ਦੀ ਦੀ ਹਾਲਤ ਵੀ ਗੰਭੀਰ ਹੈ।
ਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡਾ ਫਹਿਰਾਇਆ ਸੀ। ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਕਈ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇਸ ਸਮੇਂ ਉਹ ਜਮਾਨਤ ਤੇ ਬਾਹਰ ਸਨ। ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਪ ਸਿੱਧੂ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।