ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਰਨਾਟਕ ਵਿੱਚ ਹਿਜਾਬ ਨੂੰ ਲੈ ਕੇ ਵਿਵਾਦ ਜਾਰੀ ਹੈ ਇਸੇ ਮਾਮਲੇ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਹਿਜਾਬ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਮੁਸਲਿਮ ਵਿਦਿਆਰਥਣਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਰਵੀ ਵਰਮਾ ਕੁਮਾਰ ਨੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਵਕੀਲ ਨੇ ਦਲੀਲ ਦਿੱਤੀ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਹਿੰਦੂ ਕੁੜੀਆਂ ਚੂੜੀਆਂ ਪਾਉਂਦੀਆਂ ਹਨ, ਜਦੋਂਕਿ ਈਸਾਈ ਕੁੜੀਆਂ ਕ੍ਰਾਸ ਪਹਿਨਦੀਆਂ ਹਨ, ਸਿੱਖ ਬੱਚੇ ਪੱਗਾਂ ਬੰਨ੍ਹਦੇ ਹਨ। ਆਖ਼ਰ ਉਨ੍ਹਾਂ ਨੂੰ ਸੰਸਥਾਵਾਂ ਤੋਂ ਬਾਹਰ ਕਿਉਂ ਨਹੀਂ ਭੇਜਿਆ ਜਾਂਦਾ.? ਹਿਜਾਬ ਵਾਲੀਆਂ ਨੂੰ ਹੀ ਕਿਉਂ ਤੰਗ ਕੀਤਾ ਜਾ ਰਿਹਾ ਹੈ.? ਜਦੋਂ ਦੁਪੱਟਾ, ਚੂੜੀਆਂ, ਦਸਤਾਰ, ਕਰਾਸ ਵਰਗੇ ਸੈਂਕੜੇ ਧਾਰਮਿਕ ਚਿੰਨ੍ਹ ਲੋਕ ਰੋਜ਼ਾਨਾ ਪਹਿਨਦੇ ਹਨ ਤਾਂ ਫਿਰ ਹਿਜਾਬ ‘ਤੇ ਸਵਾਲ ਕਿਉਂ..? ਦੂਜੇ ਪਾਸੇ ਕਰਨਾਟਕ ਵਿੱਚ ਇੱਕ ਹਫ਼ਤੇ ਬਾਅਦ ਕਈ ਪ੍ਰੀ-ਯੂਨੀਵਰਸਿਟੀ ਕਾਲਜ ਖੋਲ੍ਹੇ ਗਏ, ਪਰ ਬੁਰਕਾ ਪਹਿਨਣ ਵਾਲੀਆਂ ਮੁਸਲਿਮ ਵਿਦਿਆਰਥਣਾਂ ਨੂੰ ਕਾਲਜਾਂ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਰਾਜ ਅੰਦਰ ਸੁਰੱਖਿਆ ਸਖ਼ਤ ਕੀਤੀ ਗਈ ਸੀ ਅਤੇ ਕਈ ਸੰਵੇਦਨਸ਼ੀਲ ਥਾਵਾਂ ‘ਤੇ ਪ੍ਰੀ ਯੂਨੀਵਰਸਿਟੀ ਕਾਲਜਾਂ ਦੇ ਆਲੇ-ਦੁਆਲੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਉਡੁਪੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਪ੍ਰੀ ਯੂਨੀਵਰਸਿਟੀ ਅਤੇ ਡਿਗਰੀ ਕਾਲਜ ਖੋਲ੍ਹੇ ਗਏ। ਪੁਲਿਸ ਕਾਲਜਾਂ ਦੇ ਆਲੇ ਦੁਆਲੇ ਤਿੱਖੀ ਨਜ਼ਰ ਰੱਖ ਰਹੀ ਹੈ ਜਿੱਥੇ ਫੌਜਦਾਰੀ ਦੰਡ ਸੰਹਿਤਾ ਪ੍ਰਕਿਰਿਆ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਉਡੁਪੀ ਦੇ ਸਰਕਾਰੀ ਪੀਯੂ ਮਹਿਲਾ ਕਾਲਜ ਦੀ ਪ੍ਰਿੰਸੀਪਲ ਰੁਦਰੇ ਗੌੜਾ ਨੇ ਕਿਹਾ ਕਿ ਛੇ ਮੁਸਲਿਮ ਵਿਦਿਆਰਥਣਾਂ ਜਿਨ੍ਹਾਂ ਨੇ ਹਿਜਾਬ ‘ਤੇ ਪਾਬੰਦੀ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਦਾ ਰੁਖ ਕੀਤਾ ਸੀ, ਉਹ ਕਾਲਜ ਤੋਂ ਗੈਰ-ਹਾਜ਼ਰ ਰਹੀਆਂ। ਕਾਲਜ ਵਿੱਚ ਕਲਾਸਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ ਜਿੱਥੇ ਹੋਰ ਮੁਸਲਿਮ ਵਿਦਿਆਰਥਣਾਂ ਨੇ ਕਲਾਸਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਹਿਜਾਬ ਉਤਾਰ ਲਿਆ।