ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਨੇ ਆਪਣੀ ਭੈਣ ਜੀ ਨਾਲ ਕੀਤੀ ਗੱਲਬਾਤ ਵਿਚ ਕਿਹਾ ਕਿ ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਦੀਪ ਸਿੱਧੂ ਦੀ ਮੰਗਲਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਜਦੋਂ ਇਹ ਖਬਰ ਸਾਡੇ ਸਾਹਮਣੇ ਆਈ ਹੈ, ਉਦੋਂ ਤੋਂ ਹੀ ਜੇਲ੍ਹ ਅੰਦਰ ਅਤੇ ਦੇਸ਼ ਵਿਦੇਸ਼ ‘ਚ ਸੋਗ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨੇ ਬਹੁਤ ਥੋੜੇ ਸਮੇਂ ਵਿਚ ਹੀ ਸਾਰਿਆਂ ਨੂੰ ਆਪਣਾ ਬਣਾ ਲਿਆ ਸੀ ਕਿਉਂਕਿ ਓਹ ਕਿਸਾਨੀ ਅੰਦੋਲਨ ਵਿੱਚ ਬਹੁਤ ਸਰਗਰਮ ਸੀ ਅਤੇ ਕਿਸਾਨਾਂ ਦੀ ਆਵਾਜ਼ ਬੜੇ ਜੋਸ਼ ਨਾਲ ਬੁਲੰਦ ਕਰਦਾ ਸੀ, ਇਸ ਦੇ ਮੱਦੇਨਜ਼ਰ ਪੰਜਾਬ ਦਾ ਹਰ ਬੱਚਾ ਉਨ੍ਹਾਂ ਨੂੰ ਵੱਡਿਆਂ ਤੋਂ ਲੈ ਕੇ ਪਛਾਣਦਾ ਸੀ।
ਉਨ੍ਹਾਂ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ ਨੇ ਸਿੱਧੂ ਨੂੰ ਅੰਦੋਲਨ ਤੋਂ ਵੱਖ ਕਰ ਲਿਆ ਸੀ ਪਰ ਫਿਰ ਵੀ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਅਤੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਆਪਣੀ ਔਖ ਅਤੇ ਅੰਦੋਲਨ ਬਾਰੇ ਗੱਲ ਕਰਦੇ ਰਹੇ। ਓਹ ਹਮੇਸ਼ਾ ਸਿੱਖਾਂ ਨੂੰ ਨੂੰ ਚੇਤਨ੍ਹ ਕਰਵਾਂਦਾ ਸੀ ਕਿ ਤੁਸੀਂ ਆਪਣੇ ਹਕਾਂ ਲਈ ਲੜਨਾ ਹੈ ਤੇ ਹਰ ਕੀਮਤ ਤੇ ਆਪਣੇ ਹਕ਼ ਲੈਣੇ ਹਨ । ਉਨ੍ਹਾਂ ਕਿਹਾ ਕਿ ਇਤਨੀ ਛੋਟੀ ਉਮਰ ਵਿਚ ਉਸਦੇ ਤੁਰ ਜਾਣ ਨਾਲ ਇਕ ਨਵੀਂ ਉਠੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਓਹ ਨਾ ਕਿਸੇ ਸਰਕਾਰ ਕੋਲੋਂ ਡਰਿਆ ਸੀ, ਨਾ ਵਿਕੀਆ ਸੀ ਤੇ ਨਾ ਹੀ ਕਿਸੇ ਅੱਗੇ ਝੁਕੀਆ ਸੀ ਜਦਕਿ ਓਸ ਨੂੰ ਸਰਕਾਰੀ ਏਜੰਸੀਆਂ ਵਲੋਂ ਡਰਾਇਆ ਤੇ ਧਮਕਾਇਆ ਜਾ ਰਿਹਾ ਸੀ । ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀ ਸਮੂਹ ਬੰਦੀ ਸਿੰਘ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਹਾਂ ਕਿ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।