ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਆਏ ਤੂਫ਼ਾਨ ਡਡਲੇ ਕਾਰਨ ਜਨਤਕ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਤੂਫ਼ਾਨ ਦਾ ਜ਼ਿਆਦਾਤਰ ਪ੍ਰਭਾਵ ਰੇਲ ਸੇਵਾਵਾਂ ‘ਤੇ ਪਿਆ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਵੀਰਵਾਰ ਸਵੇਰੇ 10 ਵਜੇ ਤੱਕ ਸਕਾਟਰੇਲ ਦੁਆਰਾ ਜ਼ਿਆਦਾਤਰ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ। ਇਸ ਰੇਲ ਆਪਰੇਟਰ ਨੇ ਬੁੱਧਵਾਰ ਨੂੰ ਸਾਰੀਆਂ ਸੇਵਾਵਾਂ ਨੂੰ ਜਲਦੀ ਖਤਮ ਕਰ ਦਿੱਤਾ ਸੀ। ਸਕਾਟਲੈਂਡ ਦੇ ਦੱਖਣੀ ਲੈਨਾਰਕਸ਼ਾਇਰ ਵਿੱਚ ਡ੍ਰਮਾਲਬਿਨ ਯੂਕੇ ਦੇ ਉਹਨਾਂ ਖੇਤਰਾਂ ਵਿੱਚੋਂ ਇੱਕ ਸੀ ਜਿੱਥੇ ਸਭ ਤੋਂ ਵੱਧ ਹਵਾ ਦੇ ਝੱਖੜ ਦਰਜ ਕੀਤੇ ਗਏ ਜਿਸਦੀ ਗਤੀ 74 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਮੌਸਮ ਦਫਤਰ ਦੁਆਰਾ ਸਕਾਟਲੈਂਡ ਦੇ ਉੱਤਰ ਵਿੱਚ ਵੀਰਵਾਰ ਸਵੇਰ ਤੱਕ ਬਰਫ਼ ਲਈ ਚੇਤਾਵਨੀ ਵੀ ਲਾਗੂ ਕੀਤੀ ਗਈ ਹੈ। ਸਕਾਟਲੈਂਡ ਦੀਆਂ ਸੜਕਾਂ ‘ਤੇ ਡਰਾਈਵਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬਰਫੀਲੇ ਹਾਲਾਤਾਂ ਦੇ ਕਾਰਨ ਸਾਵਧਾਨ ਰਹਿਣ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਕੇਂਦਰੀ ਪੱਟੀ ਅਤੇ ਦੱਖਣੀ ਸਕਾਟਲੈਂਡ ਵਿੱਚ ਹਵਾ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਸਕਾਟਲੈਂਡ: ਤੂਫਾਨੀ ਹਵਾਵਾਂ ਕਾਰਨ ਆਵਾਜਾਈ ਪ੍ਰਭਾਵਿਤ, ਰੇਲ ਯਾਤਰਾਵਾਂ ‘ਚ ਉਥਲ ਪੁਥਲ
This entry was posted in ਅੰਤਰਰਾਸ਼ਟਰੀ.