ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਵਿਦਵਾਨਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ 14 ਦਸੰਬਰ ਨੂੰ ਕਾਂਸ਼ੀ ਵਿਖੇ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਸਮੇਂ ਇੱਕ ਕਿਤਾਬਚਾ (ਬੁਕਲੈਟ) ‘ਸ੍ਰੀ ਕਾਂਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਰਲੀਜ਼ ਕੀਤਾ ਗਿਆ ਜਿਸ ਵਿੱਚ ਸਿੱਖ ਇਤਿਹਾਸ ਨੂੰ ਤ੍ਰੋੜ ਮ੍ਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਦੀ ਚਾਰੇ ਪਾਸਿਉਂ ਨਿੰਦਾ ਹੋ ਰਹੀ ਹੈ ਤੇ ਇਸ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ।ਭਾਰਤ ਸਰਕਾਰ ਵੱਲੋਂ ਅਜੇ ਤੀਕ ਇਸ ‘ਤੇ ਕੋਈ ਪ੍ਰਤੀਕ੍ਰਮ ਨਹੀਂ ਆਇਆ ।ਪ੍ਰੈਸ ਨੂੰ ਜਾਰੀ ਬਿਆਨ ਵਿਚ ਪੰਜਾਬੀ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਇਹ ਪੁਸਤਕ ਉਤਰ ਪ੍ਰਦੇਸ਼ ਦੇ ਸੂਚਨਾ ਤੇ ਪਬਲਿਕ ਰੀਲੇਸ਼ਨ ਵਿਭਾਗ ਵੱਲੋਂ ਛਪਵਾਈ ਗਈ ਹੈ।
ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਕਾਂਸ਼ੀ ਸ਼ਹਿਰ ਜੋ ਬੋਧੀਆਂ ਅਤੇ ਜੈਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਤੇ ਸਿੱਖਾਂ ਦਾ ਵੀ ਕੇਂਦਰ ਸੀ। ਇਸ ਵਿੱਚ ਅੱਗੇ ਇਹ ਲਿਖਿਆ ਹੋਇਆ ਹੈ ਸਿੱਖ ਧਰਮ ਦੀ ਸਥਾਪਨਾ ਸਨਾਤਨ ਧਰਮ ਨੂੰ ਮੁਗਲਾਂ ਤੋਂ ਬਚਾਉਣ ਲਈ ਹੋਈ ਹੈ। ਇਸ ਕਿਤਾਬਚੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਖਾਲਸਾ ਪੰਥ ਦੀ ਸਾਜਨਾ ਲਈ ਚੁਣੇ ਗਏ ਪੰਜ ਪਿਆਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਕਾਂਸ਼ੀ ਭੇਜਿਆ ਤਾਂ ਜੋ ਉਹ ਸਨਾਤਨ ਧਰਮ ਬਾਰੇ ਪੂਰਾ ਗਿਆਨ ਪ੍ਰਾਪਤ ਕਰ ਸਕਣ ਤੇ ਇਸ ਦੀ ਰੱਖਿਆ ਲਈ ਤਿਆਰ ਹੋ ਸਕਣ। ਅਖੀਰ ਵਿੱਚ ਇਹ ਲਿਖਿਆ ਹੈ ਕਿ ਇਸ ਧਾਰਮਿਕ ਸਿੱਖਿਆ ਕਰਕੇ ਪੰਜ ਪਿਆਰਿਆਂ ਦਾ ਕਾਂਸ਼ੀ ਨਾਲ ਗੂੜ੍ਹਾ ਸੰਬੰਧ ਰਿਹਾ।
ਇਸ ਦੀ ਸਿੱਖ ਬੁਧੀਜੀਵੀਆਂ ਵੱਲੋਂ ਸਖ਼ਤ ਆਲੋਚਨਾ ਹੋ ਰਹੀ ਹੈ।ਸਾਬਕਾ ਆਈ ਏ ਐਸ ਸ. ਗੁਰਤੇਜ ਸਿੰਘ ਅਨੁਸਾਰ ਸਿੱਖ ਧਰਮ ਮੁਗਲਾਂ ਤੋਂ ਹਿੰਦੂਆਂ ਦੀ ਰੱਖਿਆ ਕਰਨ ਲਈ ਨਹੀਂ ਸੀ ਬਣਾਇਆ ਗਿਆ। ਇਹ ਵਿਸ਼ਵਵਿਆਪੀ ਧਰਮ ਹੈ ੁਜੋ ਹਰ ਤਰ੍ਹਾਂ ਦੇ ਜ਼ੁਲਮ ਖਿਲਾਫ ਹੈ ਭਾਵੇਂ ਉਹ ਹਿੰਦੂਆਂ ਦੁਆਰਾ ਹੋਵੇ ਜਾਂ ਮੁਗਲਾਂ ਦੁਆਰਾ। ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਉਹ ਭਾਵੇਂ ਕਿਸੇ ਵੀ ਧਰਮ ਵੱਲੋਂ ਹੋਵੇ। ਉਨ੍ਹਾਂ ਅਨੁਸਾਰ ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਪੰਜ ਪਿਆਰਿਆਂ ਨੂੰ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਕਾਂਸ਼ੀ ਭੇਜਿਆ ਗਿਆ। ਪੰਜ ਪਿਆਰਿਆਂ ਦੀ ਚੋਣ 80 ਹਜ਼ਾਰ ਦੀ ਸੰਗਤ ਵਿੱਚੋਂ ਕੀਤੀ ਗਈ। ਉਨ੍ਹਾਂ ਅਨੁਸਾਰ ਗੁਰੂ ਨਾਨਕ ਜੀ ਨੇ ਹਿੰਦੂ ਧਰਮ ਨੂੰ ਉਸ ਸਮੇਂ ਰੱਦ ਕਰ ਦਿੱਤਾ ਜਦ ਉਨ੍ਹਾਂ ਨੂੰ 10 ਸਾਲ ਦੀ ਉਮਰ ਵਿੱਚ ਜਨੇਊ ਪਹਿਨਣ ਤੋਂ ਨਾਂਹ ਕਰ ਦਿਤੀ।
ਗੁਰੁ ਨਾਨਕ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾ. ਧਰਮ ਸਿੰਘ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲਾ ਵੀ ਸੰਘ ਪ੍ਰਵਾਰ ਵੱਲੋਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਵਿਸਥਾਰ ਕਿਹਾ ਜਾਂਦਾ ਰਿਹਾ ਹੈ ਪਰ ਹੁਣ ਤਾਂ ਬਹੁਤ ਹੀ ਗਲਤ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ ਕਿ ਸਨਾਤਨ ਧਰਮ ਦੀ ਸੁਰੱਖਿਆ ਲਈ।
ਸੀਨੀਅਰ ਪੱਤਰਕਾਰ ਸ. ਜਗਤਾਰ ਸਿੰਘ ਅਨੁਸਾਰ ਸਿੱਖ ਧਰਮ ਦੀ ਆਪਣੀ ਵਿਲੱਖਣ ਪਛਾਣ ਹੈ ਤੇ ਇਸ ਕਿਤਾਬਚੇ ਵਿੱਚ ਬਹੁਤ ਹੀ ਗ਼ਲਤ ਬਿਆਨੀ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਪਹਿਲਾਂ ਵੀ 1999 ਵਿੱਚ ਖ਼ਾਲਸਾ ਪੰਥ ਦੀ 300 ਸਾਲਾ ਸਥਾਪਨਾ ਸਮੇਂ ਸੱਜੇ ਪੱਖੀ ਜਥੇਬੰਦੀ ਨੇ ਪੰਜਾਬੀ ਵਿੱਚ ਇੱਕ ਛਾਪਿਆ ਸੀ ਜਿਸ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਇਆ ਗਿਆ ਸੀ। ਜਿਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧਤਾ ਕੀਤੀ ਗਈ। ਹੁਣ ਮੁੜ ਇਨ੍ਹਾਂ ਨੇ ਇਹੋ ਗ਼ਲਤੀ ਕੀਤੀ ਹੈ। ਜਿਸ ਦੀ ਆਲੋਚਨਾ ਚਾਰੇ ਪਾਸੇ ਤੋਂ ਹੋ ਰਹੀ ਹੈ। ਹੁਣ ਭਾਜਪਾ ਲੀਡਰ ਵੋਟਾਂ ਮੰਗਣ ਆ ਰਹੇ ਹਨ, ਇਨ੍ਹਾਂ ਤੋਂ ਵੋਟਰਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਉਹ ਸਿੱਖ ਧਰਮ ਬਾਰੇ ਗਲਤ ਬਿਆਨੀ ਕਿਉਂ ਕਰ ਰਹੇ ਹੋ ? ਇਸ ਦਾ ਇਹੋ ਹੱਲ ਹੈ ਕਿ ਇਸ ਉਪਰ ਪਾਬੰਦੀ ਲਾਉਣ ਲਈ ਵਿਸ਼ਵ ਭਰ ਦੇ ਸਿੱਖਾਂ ਤੇ ਭਾਜਪਾ ਦੇ ਸਮਰਥਨ ਕਰ ਰਹੇ ਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂਪ ਜ਼ੋਰ ਦਾ ਦਬਾਅ ਬਣਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਇਸ ਕਿਤਾਬਚੇ ਉਪਰ ਪਾਬੰਦੀ ਲਾਉਣ ਦੀ ਮੰਗ ਦੋ ਮਹੀਨੇ ਪਹਿਲਾਂ ਕੀਤੀ ਸੀ ਪਰ ਇਸ ਦਾ ਭਾਰਤ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਆਉਣ ਵਾਲੇ ਸਮੇਂ ਇਹ ਗਲਤ ਬਿਆਨੀ ਸਿੱਖ ਇਤਿਹਾਸ ਬਣ ਜਾਵੇਗੀ। ਵਿਸ਼ਵ ਭਰ ਦੇ ਸਿੱੱਖਾਂ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਜਿਹੜਾ ਵੀ ਸਿੱਖ ਇਤਿਹਾਸ ਕਿਸੇ ਨੇ ਤੋੜ ਮ੍ਰੋੜ ਕੇ ਹੁਣ ਤੀਕ ਲਿਖਿਆ ਹੈ ਉਸ ਵਿਚ ਸੁਧਾਈ ਕਰਵਾਉਣੀ ਚਾਹੀਦੀ ਹੇ ਅਤੇ ਜਿਹੜਾ ਗ਼ਲਤ ਇਤਿਹਾਸ ਛੱਪ ਚੁੱਕਾ ਹੈ ਉਸ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ।