ਲੁਧਿਆਣਾ – ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਮੁੱਖ ਸੇਵਾਦਾਰ ਸ.ਗੁਰਦੀਪ ਸਿੰਘ ਸਮਰਾ ਦੀ ਅਗਵਾਈ ਹੇਠ ਪੁੱਜੇ ਵਫਦ ਦੇ ਮੈਬਰਾਂ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੇ ਵੱਖ -ਵੱਖ ਰਾਜਾਂ ਅੰਦਰ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿਕਲਗਰਾਂ ਤੇ ਵਣਜਾਰੇ ਸਿੱਖਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਉਨ੍ਹਾਂ ਨੂੰ ਪੰਥ ਦੀ ਮੁੱਖ ਧਾਰਾ ਨਾਲ ਜੋੜਨ ਲਈ ਕਈ ਭਲਾਈ ਦੇ ਪ੍ਰੋਜੈਕਟ ਚਲਾ ਰਹੀ ਹੈ।ਅਪਣੀ ਗੱਲਬਾਤ ਦੌਰਾਨ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਮੁੱਖ ਸੇਵਾਦਾਰ ਸ.ਗੁਰਦੀਪ ਸਿੰਘ ਸਮਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਿੱਖ ਕੌਮ ਦੇ ਅਣਗੌਲੇ ਹੀਰਿਆਂ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਨੂੰ ਸੰਵਾਰਨ ਸਬੰਧੀ ਸਿੱਖ ਕੌਂਸਲ ਆਫ਼ ਸਕਾਟਲੈਂਡ ਵੱਲੋ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਦੌਰਾਨ ਸ.ਸਮਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਬੱਤ ਭਰੀ ਜਿੰਦਗੀ ਜੀਉ ਰਹੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਗਿਆਨ ਰੂਪੀ ਵਿੱਦਿਆ ਦਿਵਾਉਣ ਦੇ ਮਨੋਰਥ ਨਾਲ ਸਾਡੀ ਸੰਸਥਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਮੱਧ ਪ੍ਰਦੇਸ਼ ਵਿਖੇ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਮਾਡਰਨ ਸਕੂਲ ਦਾ ਨਿਰਮਾਣ ਕਰਵਾਉਣ ਜਾ ਰਹੀ ਹੈ। ਜਿਸ ਦੇ ਲਈ ਅਸੀਂ ਸ਼੍ਰੋਮਣੀ ਕਮੇਟੀ ਤੋ ਨਿੱਘੇ ਸਹਿਯੋਗ ਦੀ ਮੰਗ ਕਰਦੇ ਹਾਂ। ਇਸ ਮੌਕੇ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਮੁੱਖ ਸੇਵਾਦਾਰ ਸ.ਗੁਰਦੀਪ ਸਿੰਘ ਸਮਰਾ,ਗੁਰਮੇਲ ਸਿੰਘ ਧਾਮੀ (ਗਲਾਸਗੋ)
ਕੌਸਲ ਦੇ ਇੰਡੀਆ ਇਕਾਈ ਦੇ ਪ੍ਰਮੁੱਖ ਤਰਨਦੀਪ ਸਿੰਘ ਸੰਧਰ ,ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਅਤੇ ਵਫਦ ਵਿੱਚ ਸ਼ਾਮਲ ਮੈਬਰਾਂ ਨੇ ਜਿੱਥੇ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿਰੀ ਸਾਹਿਬ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਸ.ਸਤਬੀਰ ਸਿੰਘ ਨਿੱਜੀ ਸਕੱਤਰ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।