ਨਵੀਂ ਦਿੱਲੀ – ਕਰਨਾਟਕ ਵਿਖੇ ਸਿੱਖ ਵਿਦਿਆਰਥੀਆਂ ਨਾਲ ਦਸਤਾਰ ਤੇ ਪਟਕਾ ਸਜਾਉਣ ਕਰਕੇ ਹੋ ਰਹੇ ਵਿਤਕਰੇ ਨੂੰ ਲੈਕੇ ਜਾਗੋ ਪਾਰਟੀ ਚੌਕਸ ਹੋ ਗਈ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਕਰੋਨਾ ਪੋਜੀਟੀਵ ਹੋਣ ਕਰਕੇ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਜੀਕੇ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਦਸਿਆ ਕਿ ਕਰਨਾਟਕ ਵਿੱਚ ਇੱਕ ਸਿੱਖ ਬੱਚੀ ਨੂੰ ਦਸਤਾਰ ਸਣੇ ਕਾਲਜ਼ ਆਉਣ ਤੋਂ ਰੋਕਣ ਅਤੇ 6 ਸ਼ਾਲ ਦੇ ਸਿੱਖ ਬੱਚੇ ਨੂੰ ਪਟਕੇ ਸਣੇ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਨ ਦੀ ਖਬਰਾਂ ਆਈਆਂ ਹਨ। ਹਾਲਾਂਕਿ ਇਸ ਪਿੱਛੇ ਵਿਦਿਅਕ ਅਦਾਰਿਆਂ ਵੱਲੋਂ ਹਿਜਾਬ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਆਏ ਅੰਤਰਿਮ ਆਦੇਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪਰ ਅਸੀਂ ਇਸ ਵਿਤਕਰੇ ਨੂੰ ਕਿਸੀ ਕੀਮਤ ਉਤੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ।
ਜੀਕੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੈਂ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਦੀ ਜ਼ਿਮੇਵਾਰੀ ਲਾਈ ਹੈ ਕਿ ਲੋੜੀਂਦੀ ਕਾਰਵਾਈ ਤੁਰੰਤ ਕੀਤੀ ਜਾਵੇ। ਜਿਸ ਉਪਰੰਤ ਪਰਮਿੰਦਰ ਦੀ ਸਿੱਖ ਬੱਚੀ ਦੇ ਪਿਤਾ ਨਾਲ ਮੋਬਾਈਲ ਫੋਨ ਉਤੇ ਗਲਬਾਤ ਹੋਈ ਹੈ। ਉਨ੍ਹਾਂ ਨੇ ਦਸਿਆ ਹੈ ਕਿ ਅੱਜ ਬੱਚੀ ਦਸਤਾਰ ਸਣੇ ਕਾਲਜ਼ ਗਈ ਹੈ। ਇਸ ਦੇ ਨਾਲ ਹੀ ਸਾਡੇ ਵਕੀਲਾਂ ਦੀ ਟੀਮ ਇਸ ਮਸਲੇ ਵਿੱਚ ਬਣਦੀ ਅਗਲੇਰੀ ਕਾਰਵਾਈ ਬਾਰੇ ਦਿਸ਼ਾ ਤੈਅ ਕਰ ਰਹੀ ਹੈ। ਲੋੜ ਪੈਣ ‘ਤੇ ਕਾਨੂੰਨੀ ਲੜਾਈ ਲਈ ਅਸੀਂ ਕਰਨਾਟਕ ਹਾਈ ਕੋਰਟ, ਸੁਪਰੀਮ ਕੋਰਟ ਜਾਂ ਕੌਮੀ ਘੱਟ ਗਿਣਤੀ ਕਮਿਸ਼ਨ ਆਦਿਕ ਤੋਂ ਲੈਕੇ ਸਿਆਸੀ ਲੜਾਈ ਲਈ ਸੜਕਾਂ ‘ਤੇ ਵੀ ਉਤਰ ਸਕਦੇ ਹਾਂ। ਕਿਉਂਕਿ ਭਾਰਤ ਦਾ ਸੰਵਿਧਾਨ ਸਾਨੂੰ ਧਾਰਮਿਕ ਅਜ਼ਾਦੀ ਦੇ ਨਾਲ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੰਦਾ ਹੈ। ਇਸ ਲਈ ਦਸਤਾਰ ਜਾਂ ਪਟਕੇ ਕਰਕੇ ਸਿੱਖ ਵਿਦਿਆਰਥੀਆਂ ਨੂੰ ਸਕੂਲ-ਕਾਲਜ ਵਿੱਚ ਦਾਖਲ ਹੋਣ ਤੋਂ ਰੋਕਣਾ ਨਾਗਰਿਕ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੇ ਬਰਾਬਰ ਹੈ।