ਨਨਕਾਣਾ ਸਾਹਿਬ – ਅੱਜ ਪੰਜਾਬ ਦੇ ਵਾਰਿਸ ਭਾਈ ਸੰਦੀਪ ਸਿੰਘ ਸਿੱਧੂ ਹੁਣਾਂ ਦੀ ਅੰਤਮ ਅਰਦਾਸ ‘ਫਤਿਹਗੜ੍ਹ ਸਾਹਿਬ ‘ ਦੀਵਾਨ ਟੋਡਰ ਮੱਲ ਦੀਵਾਨ ਹਾਲ ਵਿਚ ਹੋ ਰਹੀ ਹੈ । ਇਸ ਸਬੰਧ ‘ਚ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵੀ ਅਰਦਾਸ ਕੀਤੀ ਗਈ। ਸਭ ਤੋਂ ਪਹਿਲਾ ਅਖੰਡ ਪਾਠ ਵੀ ਬਾਈ ਦੀਪ ਸਿੱਧੂ ਦੀ ਯਾਦ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਤੇ ਰੱਖਿਆ ਗਿਆ ਸੀ। ਅੱਜ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਵੱਡੀ ਤਦਾਦ ਵਿਚ ਦੀਪ ਨੂੰ ਪਿਆਰ ਕਰਨ ਵਾਲੇ ਇਸ ਅਰਦਾਸ ਵਿਚ ਸ਼ਾਮਿਲ ਹੋਣ ਜਾ ਰਹੇ ਹਨ । ਉਥੇ ਪਾਕਿਸਤਾਨੀ ਸੰਗਤਾਂ ਤਾਂ ਨਹੀਂ ਪਹੁੰਚ ਸਕੀਆਂ ਪਰ ਉਨ੍ਹਾਂ ਦੇ ਦਿਲਾਂ ਅੰਦਰ ਦੀਪ ਸਿੱਧੂ ਬਾਈ ਵੱਸ ਰਿਹਾ ਹੈ ਇਸੇ ਲਈ ਪਾਕਿਸਤਾਨ ਦੇ ਵੀ ਅਨੇਕਾਂ ਗੁਰਦੁਆਰਿਆਂ ਵਿਚ ਦੀਪ ਸਿੱਧੂ ਦੀ ਯਾਦ ਵਿੱਚ ਸੁਖਮਨੀ ਸਾਹਿਬ ਅਤੇ ਸਿਮਰਨ ਦੇ ਸਮਾਗਮ ਰੱਖੇ ਗਏ ਹਨ।
ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਪੰਥਕ ਏਕਤਾ ਲਈ ਸੰਗਤਾਂ ਅਰਦਾਸ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਜੀ, ਸਾਨੂੰ ਬਲ ਬਖਸ਼ੋ ਸਾਡੇ ਲਈ ਪ੍ਰਥਮ ਤੇ ਦੋਇਮ ਸਿਰਫ਼ ਪੰਥ ਹੋਵੇ। ਪੰਥ ਵਿੱਚ ਏਕਤਾ ਬਖ਼ਸ਼ੋ। ਬਿਬੇਕਤਾ ਬਖ਼ਸ਼ੋ । ਗੁਰੂ ਤੇ ਸੰਗਤ ਦਾ ਅਦਬ ਬਖਸ਼ੋ। ਗੁਰੂ ਜੀ ਦੋਸਤ ਦੁਸ਼ਮਣ ਨਾਲ ਇਕੋ ਜਿਹਾ ਵਿਹਾਰ ਬਖਸ਼ੋ।
ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਥੋਂ ਖਾਲਸਾ ਰਾਜ ਦੀ ਸਥਾਪਤੀ ਦਾ ਪਿੜ੍ਹ ਬੱਝਾ ਸੀ । ਉਸ ਧਰਤੀ ਤੇ ਹਰ ਬੰਦੇ ਦਾ ਫ਼ਰਜ਼ ਬਣਦਾ ਹੈ ਕਿ ਉਹ ਇਹ ਪ੍ਰਣ ਕਰਕੇ ਆਵੇ ਕਿ ਪਹਿਲਾਂ ਮੈਂ ਖਾਲਿਸ ਹੋਣ ਦਾ ਯਤਨ ਕਰਾਂਗਾ ਤੇ ਨਾਲ ਹੀ ਖਾਲਸਾਈ ਨਿਸ਼ਾਨੇ ਦੀ ਪ੍ਰਾਪਤੀ ਲਈ ਸਰਗਰਮ ਹੋਵਾਂਗਾ।
ਗੁਰੂ ਕੋਲੋਂ ਸਿੱਖੀ ਸਿੱਦਕ, ਭਰੋਸਾ ਤੇ ਮਨ ਨੀਵਾਂ ਮਤਿ ਉਚੀ ਦੀ ਦਾਤ ਜ਼ਰੂਰ ਮੰਗ ਕੇ ਆਉਣਾ ਜੀ। ਅਸੀਂ ਅੱਜ ਆਪਣੇ ਜੀਵਨ ਦੇ ਔਗੁਣ ਉਥੇ ਛੱਡ ਆਉਣੇ ਹਨ। ਇਹੀ ਦੀਪ ਸਿੱਧੂ ਨੂੰ ਸਾਡੀ ਸੱਚੀ ਸ਼ਰਧਾਜ਼ਲੀ ਹੋਵੇਗੀ। ਇੰਨ੍ਹਾਂ ਗੱਲਾਂ ਦਾ ਪੁਗਟਾਵਾਂ ਗਿਆਨੀ ਜਨਮ ਸਿੰਘ ਨੇ ਗੁਰਦੁਆਰਾ ਜਨਮ ਅਸਥਾਨ ਵਿੱਖੇ ਸ਼ਹੀਦ ਭਾਈ ਲਛਮਣ ਸਿੰਘ ਜੀ ਅਤੇ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੱਖਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਕਹੇ ਗਏ।
ਨਨਕਾਣਾ ਵਿਖੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਦੀਪ ਸਿੰਘ ਸਿੱਧੂ ਲਈ ਅਰਦਾਸ ਵੀ ਕੀਤੀ ਗਈ ਸੱਚੇ ਪਾਤਸ਼ਾਹ ਤੁਹਾਡੇ ਆਪਣੇ ਅਣਖੀਲੇ ਪੁਤ ਕੋਲੋਂ ਜਾਣੇ ਅਣਜਾਣੇ ਬੇਅੰਤ ਭੁੱਲਾਂ ਹੋਈਆਂ ਹੋਵਣਗੀਆਂ ‘ਹਮਰੋ ਸਹਾਉ ਸਦਾ ਸਦ ਭੂਲਣ , ਤੁਮਰੋ ਬਿਰਦ ਪਤਿਤ ਉਧਰਨ’ ਸੇਵਕ ਦੀਆਂ ਭੁੱਲਾਂ ਨਾਲ ਚਿਤਾਰਦਿਆਂ ਆਪਣੇ ਬਿਰਦ ਦੀ ਲਾਜ ਰੱਖਦਿਆਂ, ਉਸਦੀ ਅਣਥਕ ਘਾਲਣਾ ਥਾਇ ਪਾਵਣਾ ਜੀ।