ਚੰਡੀਗੜ੍ਹ – ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਜਾ ਰਹੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਆਰਚਰੀ ਚੈਂਪੀਅਨਸ਼ਿਪ 2021-22 ਦੇ ਅੱਜ ਦੂਜੇ ਦਿਨ ਬਿਹਤਰੀਨ ਮੁਕਾਬਲੇ ਵੇਖਣ ਨੂੰ ਮਿਲੇ। ਇਹ ਖੇਡ ਮੁਕਾਬਲੇ ਡਾਇਰੈਕਟਰ ਸ੍ਰੀ ਐਲ. ਮੂਰਤੀ, ਚੀਫ਼ ਜੱਜ ਸ਼੍ਰੀ ਬੀ. ਸ਼ਾਰਵਨ ਕੁਮਾਰ, ਸ਼ੂਟਿੰਗ ਡਾਇਰੈਕਟਰ ਸ਼੍ਰੀ ਸਨਦੀਪ ਕੁਮਾਰ ਸਮੇਤ 9 ਜੱਜਾਂ ਦੀ ਟੀਮ ਦੀ ਨਿਗਰਾਨੀ ਹੇਠ ਕਰਵਾਏ ਗਏ। ਦੂਜੇ ਦਿਨ ਮਹਿਲਾ/ਪੁਰਸ਼ ਵਰਗਾਂ ਦੇ ਇੰਡੀਅਨ ਰਾਊਂਡ (30 ਮੀਟਰ) ਅਤੇ ਰਿਕਰਵ ਰਾਉਂਡ ਵਿੱਚ ਮਹਿਲਾ ਸ਼੍ਰੇਣੀ ਦੇ (70+70) ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਦੇ ਖੇਡ ਮੁਕਾਬਲਿਆਂ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ 1 ਸੋਨ, 2 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਹਾਸਲ ਮੈਡਲ ਟੈਲੀ ’ਚ ਲੀਡ ਹਾਸਲ ਕਰਨ ’ਚ ਕਾਮਯਾਬ ਰਹੀ ਹੈ ਜਦਕਿ ਗੁਰੂ ਜੰਭੇਸ਼ਵਰ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਹਿਸਾਰ 1 ਗੋਲਡ, 1 ਚਾਂਦੀ ਅਤੇ 3 ਕਾਂਸੀ ਦੇ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੋਂ 160 ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਵਿੱਚ 800 ਲੜਕੇ ਅਤੇ 550 ਮਹਿਲਾ ਖਿਡਾਰਣਾਂ ਸਮੇਤ ਕੁੱਲ 1350 ਤੀਰਅੰਦਾਜ਼ ਆਪੋ ਆਪਣੀਆਂ ’ਵਰਸਿਟੀਆਂ ਦੀ ਝੋਲੀ ’ਚ ਮੈਡਲ ਪਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਇਸ ਦੌਰਾਨ ਇੰਡੀਅਨ ਰਾਊਂਡ ਅਤੇ ਰਿਕਰਵ ਰਾਊਂਡ ’ਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ ਗਏ।
ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦੌਰਾਨ ਮਹਾਤਮਾ ਗਾਂਧੀ ਕਾਸ਼ੀ ਵਿਦਿਆਪੀਠ ਯੂਨੀਵਰਸਿਟੀ ਬਾਰਾਨਸੀ ਦੇ ਸੌਰਭ ਮੌਰਿਆ ਨੇ ਇੰਡੀਅਨ ਰਾਊਂਡ (30 ਮੀਟਰ) ਦੇ ਤਹਿਤ 333 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਸੰਤ ਗਾਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਮਹਾਂਰਾਸ਼ਟਰ ਦੇ ਆਸ਼ੀਸ਼ ਜਦਹਲ ਨੇ 331 ਅੰਕਾਂ ਨਾਲ ਦੂਜਾ ਸਥਾਨ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਦਾ ਅਮਿਤ 330 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਇੰਡੀਅਨ ਰਾਊਂਡ (30 ਮੀਟਰ) ਮਹਿਲਾ ਵਰਗ ਵਿੱਚ ਯੂਨੀਵਰਸਿਟੀ ਸਪੋਰਟਸ ਬੋਰਡ ਕਾਕਤੀਆ ਯੂਨੀਵਰਸਿਟੀ, ਤੇਲੰਗਾਨਾ ਦੀ ਬੀ. ਦਿਵਿਆ ਨੇ 325 ਅੰਕਾਂ ਨਾਲ ਪਹਿਲਾ ਸਥਾਨ ਜਦਕਿ ਯੂਨੀਵਰਸਿਟੀ ਆਫ਼ ਕਾਲੀਕਟ, ਕੇਰਲ ਦੀ ਜੇਸਾਨਾ ਕੇਜੇ ਨੇ 321 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਹਿਸਾਰ ਦੀ ਪੁਸ਼ਪਾ ਨੇ 317 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਇਸ ਉਪਰੰਤ ਇੰਡੀਅਨ ਰਾਊਂਡ ਅਧੀਨ 50+30 ਮੀਟਰ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਅੰਕਾਂ ਨੂੰ ਜੋੜ ਕੇ ਓਵਰਆਲ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਸੁਮਿਤ 645 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦਾ ਵਾਸੂ ਸੈਣੀ 643 ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ ਜਦਕਿ ਯੂਨੀਵਰਸਿਟੀ ਆਫ਼ ਕਾਲੀਕਟ ਕੇਰਲਾ ਦਾ ਸਜੀਤ ਬਾਬੂ 643 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਕੋਲਹਾਨ ਯੂਨੀਵਰਸਿਟੀ ਚਾਈਬਾਸਾ (ਝਾਰਖੰਡ) ਦੀ ਦੀਪਤੀ ਨੇ 611 ਅੰਕਾਂ ਨਾਲ ਓਵਰਆਲ ਸ਼੍ਰੇਣੀ ’ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਣੀਪੁਰ ਯੂਨੀਵਰਸਿਟੀ ਦੀ ਐਮ.ਬੇਬੀ ਦੇਵੀ ਨੇ 607 ਅੰਕਾਂ ਨਾਲ ਦੂਜਾ ਸਥਾਨ ਅਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਯੂਨੀਵਰਸਿਟੀ ਅਜਮੇਰ ਦੀ ਆਰਤੀ ਪ੍ਰਜਾਪਤ ਨੇ 605 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਰਿਕਰਵ ਰਾਊਂਡ ਅਧੀਨ ਮਹਿਲਾ ਵਰਗ ਦੇ 70+70 ਮੀਟਰ ਮੈਚ ਕਰਵਾਏ ਗਏ। 70 ਮੀਟਰ ਦੇ ਪਹਿਲੇ ਗੇੜ ਵਿੱਚ ਯੂਨੀਵਰਸਿਟੀ ਆਫ਼ ਕਾਲੀਕਟ, ਕੇਰਲ ਦੀ ਅਦਿਤੀ ਜੈਸਵਾਲ ਨੇ 327 ਅੰਕਾਂ ਨਾਲ ਪਹਿਲਾ ਸਥਾਨ, ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਦੀ ਭਾਵਨਾ ਨੇ 323 ਅੰਕਾਂ ਨਾਲ ਦੂਜਾ ਅਤੇ ਇਸੇ ਯੂਨੀਵਰਸਿਟੀ ਦੀ ਸੰਗੀਤਾ ਨੇ 320 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਿਕਰਵ ਰਾਊਂਡ ਦੇ ਦੂਜੇ ਗੇੜ ਵਿੱਚ ਸੰਤ ਗਾਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਬਾਰਾਨਸੀ ਦੀ ਕੋਮਲ ਦਾਵਰੇ ਨੇ 322 ਅੰਕਾਂ ਨਾਲ ਪਹਿਲਾ ਸਥਾਨ ਜਦਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮਧੂ ਵੇਦਵਾਨ ਨੇ 319 ਅੰਕਾਂ ਨਾਲ ਦੂਸਰਾ ਸਥਾਨ ਅਤੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਹਿਸਾਰ ਦੀ ਸੰਗੀਤਾ ਨੇ 316 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਰਿਕਰਵ ਰਾਊਂਡ ਅਧੀਨ 70+70 ਮੀਟਰ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਅੰਕਾਂ ਨੂੰ ਜੋੜ ਕੇ ਓਵਰਆਲ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ’ਚ ਗੁਰੂ ਜੰਭੇਸ਼ਵਰ ਸਾਇੰਸ ਅਤੇ ਤਕਨਾਲੋਜੀ ਯੂਨੀਵਰਸਿਟੀ ਹਿਸਾਰ ਦੀ ਸੰਗੀਤਾ 636 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ ਅਤੇ ਮਹਿਲਾ ਵਰਗ ਵਿੱਚ ਓਵਰਆਲ ਜੇਤੂ ਰਹੀ। ਇਸ ਤੋਂ ਇਲਾਵਾ ਕਾਲੀਕਟ ਯੂਨੀਵਰਸਿਟੀ, ਕੇਰਲਾ ਦੀ ਅਦਿਤੀ ਜੈਸਵਾਲ 631 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ ਜਦਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮਧੂ ਨੇ 628 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।