ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੁਣ ਕਲਾਸਰੂਮਾਂ ਵਿੱਚ ਚਿਹਰੇ ਦੇ ਮਾਸਕ ਪਹਿਨਣ ਦੀ ਲੋੜ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਘੋਸ਼ਣਾ ਕਰਨ ਤੋਂ ਬਾਅਦ ਸੋਮਵਾਰ ਨੂੰ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਇਸ ਢਿੱਲ ਦੇ ਬਾਵਜੂਦ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਮਾਰਤ ਦੇ ਆਲੇ-ਦੁਆਲੇ ਅਤੇ ਕੋਰੀਡੋਰ ਆਦਿ ਵਿੱਚ ਘੁੰਮਦੇ ਹੋਏ ਵੀ ਮਾਸਕ ਪਹਿਨਣੇ ਪੈਣਗੇ। ਜਿਹੜੇ ਲੋਕ ਮਾਸਕ ਪਹਿਨਣਾ ਜਾਰੀ ਰੱਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਸਮਰਥਨ ਵੀ ਕੀਤਾ ਜਾਵੇਗਾ। ਸਕਾਟਲੈਂਡ ਦੀ ਸਿੱਖਿਆ ਸਕੱਤਰ ਸ਼ਰਲੀ ਐਨ ਸੋਮਰਵਿਲ ਨੇ ਇਸ ਕਦਮ ਦੀ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ ਹੈ। ਉਸਨੇ ਕਿਹਾ ਕਿ ਅਧਿਆਪਕਾਂ ਅਤੇ ਸਹਾਇਕ ਸਟਾਫ਼ ਨੂੰ ਵੀ ਇੱਕ ਚੁਣੌਤੀਪੂਰਨ ਮਾਹੌਲ ਵਿੱਚ ਕੰਮ ਕਰਨਾ ਪਿਆ ਹੈ, ਪਰ ਸਾਰਿਆਂ ਨੇ ਵਿਦਿਆਰਥੀਆਂ ਦੀ ਬਿਹਤਰੀ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ। ਸਟਰਜਨ ਅਨੁਸਾਰ ਨਿਯਮਾਂ ਵਿੱਚ ਢਿੱਲ ਮਾਹਿਰਾਂ ਦੀ ਸਲਾਹ ਉਪਰੰਤ ਹੀ ਦਿੱਤੀ ਗਈ ਹੈ ਇਸ ਦੇ ਨਾਲ ਸਕੂਲ ਅਸੈਂਬਲੀਆਂ ‘ਤੇ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਨੇ ਵਾਇਰਸ ਵਿਰੁੱਧ ਲੜਾਈ ਵਿੱਚ ਨਿਰੰਤਰ ਚੌਕਸੀ ਰੱਖਣ ਦੀ ਮੰਗ ਵੀ ਕੀਤੀ।