ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਜਮਨਾਪਾਰ ਵਿਖੇ ਹੋਏ ਦੰਗਾ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਵੱਡੀ ਕਾਰਵਾਈ ਕਰਦਿਆਂ ਸੋਨੀਆ-ਰਾਹੁਲ-ਪ੍ਰਿਅੰਕਾ ਗਾਂਧੀ ਅਤੇ ਅਨੁਰਾਗ ਠਾਕੁਰ ਸਣੇ ਕਈ ਵੱਡੀਆਂ ਸਿਆਸੀ ਹਸਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਦੰਗਾ ਮਾਮਲੇ ਵਿੱਚ ਧਿਰ ਵਜੋਂ ਕੇਸ ਚਲਾਉਣ ਬਾਰੇ ਸਵਾਲ ਪੁੱਛਿਆ ਹੈ। ਦਿੱਲੀ ਹਾਈਕੋਰਟ ਨੇ ਦੰਗਾ ਮਾਮਲੇ ‘ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅਤੇ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਸੰਸਦ ਮੈਂਬਰ ਪਰਵੇਜ਼ ਵਰਮਾ ਅਤੇ ਕਪਿਲ ਮਿਸ਼ਰਾ ਦੇ ਨਾਂ ਸ਼ਾਮਲ ਹਨ।
ਦੰਗਾ ਮਾਮਲੇ ‘ਚ ਅਦਾਲਤ ਅੰਦਰ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਸਿਆਸੀ ਨੇਤਾਵਾਂ ਨੂੰ ਜਵਾਬ ਦਾਖ਼ਲ ਕਰਨ ਲਈ 4 ਮਾਰਚ ਤੱਕ ਦਾ ਸਮਾਂ ਦਿੱਤਾ ਹੈ। ਪਟੀਸ਼ਨਕਰਤਾ ਨੇ ਦੰਗਿਆਂ ਨੂੰ ਭੜਕਾਉਣ ਲਈ ਕਈ ਸਿਆਸਤਦਾਨਾਂ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਪਿਛਲੀ ਸੁਣਵਾਈ ‘ਚ ਦਿੱਲੀ ਹਾਈਕੋਰਟ ਨੇ ਪੁੱਛਿਆ ਸੀ ਕਿ ਕੀ ਇਹ ਉਹੀ ਲੋਕ ਹਨ, ਜਿਨ੍ਹਾਂ ‘ਤੇ ਦੋਸ਼ ਲੱਗੇ ਹਨ, ਕਿ ਇਹ ਲੋਕ ਕੇਸ ਵਿੱਚ ਧਿਰ ਹਨ।
ਦਿੱਲੀ ਹਾਈ ਕੋਰਟ ਨੇ ਪੁੱਛਿਆ ਸੀ ਕਿ ਕੀ ਉਸ ਦੀ ਗੱਲ ਸੁਣੇ ਬਿਨਾਂ ਗ੍ਰਿਫਤਾਰੀ ਦੀ ਪਟੀਸ਼ਨ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ 23 ਫਰਵਰੀ 2020 ਨੂੰ ਦਿੱਲੀ ਵਿੱਚ ਦੰਗਾ ਹੋਇਆ ਸੀ। ਇਨ੍ਹਾਂ ਦੰਗਿਆਂ ਵਿੱਚ 26 ਫਰਵਰੀ ਤੱਕ ਕਰੀਬ 53 ਲੋਕਾਂ ਦੀ ਮੌਤ ਹੋ ਚੁੱਕੀ ਸੀ। ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ ਕਰੀਬ 581 ਲੋਕ ਜ਼ਖ਼ਮੀ ਹੋਏ ਸਨ। ਦੰਗਿਆਂ ਦੇ ਮਾਮਲੇ ਵਿੱਚ ਪੁਲਿਸ ਨੇ 755 ਐਫਆਈਆਰ ਦਰਜ ਕੀਤੀਆਂ ਸਨ। ਦਿੱਲੀ ਹਾਈ ਕੋਰਟ, ਕੜਕੜਡੂਮਾ ਕੋਰਟ ਵਿੱਚ ਦਰਜ ਕੇਸਾਂ ਵਿੱਚੋਂ ਕੁਝ ਦੀ ਸੁਣਵਾਈ ਚੱਲ ਰਹੀ ਹੈ।