ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਦੇ ਹੁਨਰ ਦੀ ਭਾਲ ਲਈ ਦੋ ਰੋਜ਼ਾ ਟੈਲੰਟ ਹੰਟ ਸਮਾਗਮ ਦਾ ਆਯੋਜਨ ਕਰਵਾਇਆ ਗਿਆ।’ਵਰਸਿਟੀ ਵੱਲੋਂ ਵਿਦਿਆਰਥੀਆਂ ਦਾ ਕੈਂਪਸ ’ਚ ਮੁੜ ਤੋਂ ਸਵਾਗਤ ਕਰਦਿਆਂ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਇਨ੍ਹਾਂ ਗਤੀਵਿਧੀਆਂ ’ਚ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਭਨਾਂ ਨੂੰ ਖੂਬ ਪ੍ਰਭਾਵਿਤ ਕੀਤਾ। ’ਵਰਸਿਟੀ ਵਿਖੇ ਪੜ੍ਹਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਡਾਸਿੰਗ, ਗਾਇਕੀ, ਸਕਿੱਟ ਆਦਿ ਗਤੀਵਿਧੀਆਂ ’ਚ ਭਾਗ ਲਿਆ।
ਟੈਲੰਟ ਹੰਟ ਸਮਾਗਮ ਦੇ ਅੱਜ ਆਖਰੀ ਦਿਨ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਬਾਕਾਮਲ ਗਾਇਕੀ ਨਾਲ ’ਵਰਸਿਟੀ ਦੀ ਰੌਣਕ ਵਧਾਈ। ਇਸ ਮੌਕੇ ਪ੍ਰਸਿੱਧ ਅਦਾਕਾਰਾ ਸੋਨਮ ਬਾਜਵਾ ਸਮੇਤ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਸਮੁੱਚੀ ਸਟਾਰਕਾਸਟ ਨੇ ਵੀ ਸਮਾਗਮ ’ਚ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵਧਾਇਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਵੇਖਦਿਆਂ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਜਿੱਥੇ ਵਿਦਿਆਰਥੀਆਂ ਦੇ ਹੁਨਰ ਅਤੇ ਰਚਨਾਤਮਕਤਾ ਨੂੰ ਉਜਾਗਰ ਕਰਨ ਲਈ ਲਾਹੇਵੰਦ ਸਾਬਤ ਹੁੰਦੇ ਹਨ ਉਥੇ ਹੀ ਵਿਦਿਆਰਥੀਆਂ ਦੇ ਮਨੋਬਲ ਨੂੰ ਵੀ ਉਚਾ ਚੁੱਕਦੇ ਹਨ। ਇਸ ਤੋਂ ਇਲਾਵਾ ਡਾ. ਬਾਵਾ ਨੇ ਲੰਮੇ ਅਰਸੇ ਬਾਅਦ ਵਿਦਿਆਰਥੀਆਂ ਵੱਲੋਂ ਕੈਂਪਸ ’ਚ ਮੁੜ ਪਰਤਣ ’ਤੇ ਉਨ੍ਹਾਂ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।