ਤਰਲਾ ਵੇ ਜੰਗਾ ਵਾਲਿਓ,
ਹਾੜਾ ਵੇ ਦੁਨੀਆ ਵਾਲਿਓ,
ਹੈ ਤੁਸਾਂ ਅੱਗੇ ਵਾਸਤਾ ,
ਆਦਮ ਸਮੁਚੀ ਜ਼ਾਤ ਦਾ,
ਤਰਲਾ ਵੇ ਜੰਗਾਂ ਵਾਲਿਓ,
ਹਾੜਾਂ ਵੇ ਦੁਨੀਆ ਵਾਲਿਓ।
ਹੁਣ ਅੰਤ ਕਰੋ ਬਾਤ ਛੱਡ,
ਇਹ ਮਨਚਲੇ ਜਜ਼ਬਾਤ ਛੱਡ,
ਇਹ ਬੰਬਾਂ ਦੀ ਬਰਸਾਤ ਛੱਡ,
ਇਹ ਕਾਲੀ ਬੋਲੀ ਰਾਤ ਛੱਡ,
ਅਮਨਾਂ ਦੇ ਦੀਵੇ ਬਾਲਿਓ।
ਤਰਲਾ ਵੇ ਜੰਗਾਂ ਵਾਲਿਓ।
ਹਾੜਾ ਵੇ ਦੁਨੀਆ ਵਾਲਿਓ।
ਬਾਰੂਦ ਦੀਆਂ ਇਹ ਕਾਲਖਾਂ,
ਹੁਣ ਖਾ ਲਿਆ ਹੈ ਭਾਂਬੜਾਂ,
ਇਹ ਸੜਦੀਆਂ ਇਮਾਰਤਾਂ,
ਜੰਗਾਂ ਨੂੰ ਪਾਵਣ ਲਾਅਣਤਾਂ,
ਨਾ ਧਰਤ ਨੂੰ ਹੁਣ ਗਾਲਿਓ,
ਤਰਲਾ ਵੇ ਜੰਗਾਂ ਵਾਲਿਓ;
ਹਾੜਾ ਵੇ ਦੁਨੀਆ ਵਾਲਿਓ।
ਅਮਨ ਵਿੱਚ ਨੇ ਬਰਕਤਾਂ,
ਛੱਡੋ ਇਹ ਖੂਨੀ ਹਰਕਤਾਂ,
ਲਾਇਓ ਨਾ ਮੱਥੇ ਕਾਲਖਾਂ,
ਖੱਟਿਓ ਨਾ ਐਵੇਂ ਲਾਅਣਤਾਂ,
ਜ਼ਰਾ ਝਾਤ ਅੰਦਰ ਪਾ ਲਿਓ
ਤਰਲਾ ਹੈ ਜੰਗਾਂ ਵਾਲਿਓ,
ਹਾੜਾ ਹੈ ਦੁਨੀਆ ਵਾਲਿਓ।
ਹਉਮੈ ਤੇ ਹੈਂਕੜ ਵਾਸਤੇ,
ਇਹ ਧਰਤ ਮੱਲਣ ਵਾਸਤੇ,
ਮਾੜੇ ਨੂੰ ਟੰਗਣ ਵਾਸਤੇ,
ਕੁਝ ਹੱਥ ਰੰਗਣ ਵਾਸਤੇ,
ਕਈ ਰੋਗ ਨਾ ਗਲ਼ ਪਾ ਲਿਓ,
ਤਰਲਾ ਵੇ ਜੰਗਾਂ ਵਾਲਿਓ,
ਹਾੜਾ ਵੇ ਦੁਨੀਆ ਵਲਿਓ।
ਇਹ ਯੁੱਗ ਹੈ ਵਿਗਿਆਨ ਦਾ,
ਇਹ ਹਰ ਕੋਈ ਹੈ ਜਾਣਦਾ,
ਇਸ ਧਰਤ ਨੂੰ ਰੁਸ਼ਣਾਨ ਦਾ,
ਅਕਲ ਨੂੰ ਚਮਕਾਉਣ ਦਾ,
ਜ਼ਿੰਦਗਾਨੀਆਂ ਨਾ ਗਾਲਿਓ,
ਤਰਲਾ ਵੇ ਜੰਗਾਂ ਵਾਲਿਓ,
ਹਾੜਾਂ ਵੇ ਦੁਨੀਆ ਵਾਲਿਓ।
ਅਮਨ ਜੇਕਰ ਮਰ ਗਿਆ,
ਮੱਥੇ ਕਲੰਕ ਧਰ ਗਿਆ,
ਇੱਕ ਜ਼ਹਿਰ ਸਾਰੇ ਭਰ ਗਿਆ,
ਮੇਹਣਾ ਤੁਹਾਨੂੰ ਕਰ ਗਿਆ ,
ਇਤਹਾਸ ਸਿਰਜਣ ਵਾਲਿਓ,
ਤਰਲਾ ਵੇ ਜੰਗਾਂ ਵਾਲਿਓ,
ਹਾੜਾ ਵੇ ਦੁਨੀਆ ਵਾਲਿਓ।