ਰਾਜਿਆਂ, ਮਹਾਂ-ਰਾਜਿਆਂ , ਬਾਦਸ਼ਾਹਾਂ, ਗੁਰੂਆਂ, ਪੀਰਾਂ, ਫਕੀਰਾਂ ਨੂੰ ਜਨਮ ਦੇਣ ਵਾਲੀ ਤਿਆਗ ਦੀ ਮੂਰਤ ਔਰਤ (ਜੱਗ ਜਨਨੀ) ਨੂੰ ਰੱਬ ਨੇ ਕੁਝ ਵਿਸ਼ੇਸ਼ ਗੁਣ ਦੇ ਕੇ ਪੈਦਾ ਕੀਤਾ ਹੈ। ਰੱਬ ਦੁਆਰਾ ਪੈਦਾ ਕੀਤੇ ਇਸ ਜੀਵ (ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ) ਦੇ ਗੁਣਾਂ ਦੀ ਮਹਿਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਔਖਾ ਜਰੂਰ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਮਨੁੱਖ ਜਾਤੀ ਦਾ ਜਨਮ ਹੋਇਆ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਤੋ ਸਾਨੂੰ ਇਤਿਹਾਸਿਕ ਘਟਨਾਵਾਂ ਦੇ ਲਿਖਤੀ ਸਬੂਤ ਮਿਲਦੇ ਹਨ ਉਦੋਂ ਤੋਂ ਹੀ ਦੇਖਣ ਵਿੱਚ ਆਉਂਦਾ ਹੈ ਕਿ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲਤਾੜਿਆ-ਫਿਟਕਾਰਿਆ ਜਾਂਦਾ ਰਿਹਾ ਹੈ। ਜਿਵੇਂ ਕਿ ਪ੍ਰਾਚੀਨ ਹਿੰਦੂ ਸਮਾਜ ਵਿਚ ਤਿਆਗ ਦੀ ਮੂਰਤ ਨੂੰ ਆਪਣੇ ਪਤੀ ਦੇ ਮਰਨ ਉਪਰੰਤ ਉਸਦੀ ਚਿਤਾ ਵਿਚ ਸਤੀ ਦੇ ਰੂਪ ਵਿਚ ਸੜ੍ਹਨ ਲਈ ਮਜਬੂਰ ਕਰਕੇ ਉਸਦੀ ਪਵਿੱਤਰਤਾ ਦੀ ਰੱਖਿਆ ਕਰਨ ਦਾ ਢੋਂਗ ਰਚਿਆ ਜਾਂਦਾ ਸੀ ਤੇ ਕਦੇ ਬਾਲ ਵਿਆਹ ਕਰਕੇ ਕੁਦਰਤ ਦੇ ਸਿਧਾਂਤਾ ਦੇ ਵਿਰੁੱਧ ਉਸਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਭਾਵੇਂ ਕਿ ਇਸਲਾਮ ਧਰਮ ਵਿਚ ਔਰਤ ਨੂੰ ਮਾਂ ਦੇ ਰੂਪ ਵਿਚ ਬਹੁਤ ਸਨਮਾਣ ਦਿੱਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ (ਸਵਰਗ) ਹੈ। ਭਾਵ ਮਾਂ ਦੀ ਸੇਵਾ ਅਤੇ ਸਤਿਕਾਰ ਕੀਤੇ ਬਿਨ੍ਹਾਂ ਜੰਨਤ ਵਿਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ ਪਰ ਮੁਸਲਿਮ ਭਾਇਚਾਰੇ ਦੇ ਵਿੱਚ ਵੀ ਅਸਲ ਸਥਿਤੀ ਇਸਦੇ ਬਿਲਕੁਲ ਉਲਟ ਹੈ ਭਾਰਤੀ ਇਤਿਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਮੁਸਲਿਮ ਧਰਮ ਦੇ ਲੋਕ ਵੀ ਔਰਤ ਨੂੰ ਦਿਲ ਪਰਚਾਵੇ ਦਾ ਸਾਧਨ ਮਾਤਰ ਹੀ ਮੰਨਦੇ ਸਨ। ਤਰ੍ਹਾਂ ਤਰ੍ਹਾਂ ਦੇ ਨਾਲ ਔਰਤ ਦਾ ਸੋਸ਼ਣ ਕੀਤਾ ਜਾਂਦਾ ਸੀ। ਔਰਤ ਦੀ ਅਜਿਹੀ ਸਥਿਤੀ ਨੂੰ ਦੇਖ ਕੇ ਹੀ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਔਰਤ ਦੀ ਸਥਿਤੀ ਦੂਜੇ ਦਰਜੇ ਵਾਲੀ ਹੀ ਹੈ।ਗੱਲ ਕੀ ਭਾਵੇਂ ਕੋਈ ਵੀ ਧਰਮ ਹੋਵੇ ਜਾਂ ਕੋਈ ਵੀ ਸਮਾਜ ਸਿਧਾਤਾਂ ਵਿੱਚ ਤਾਂ ਔਰਤ ਨੂੰ ਉੱਚਾ ਦਰਜਾ ਦਿੰਦਾਂ ਹੈ ਪਰ ਅਸਲ ਵਿਚ ਕੁੱਖ ਤੋਂ ਲੈ ਕੇ ਕਬਰ/ਮੌਤ ਤੱਕ ਉਸ ਨੂੰ ਜਲੀਲ ਕਰਨ , ਨਿੱਚਾ ਦਿਖਾਉਣ, ਉਸਦਾ ਸੋਸ਼ਣ ਕਰਨ ਦਾ ਕੋਈ ਵੀ ਮੌਕਾ ਮਰਦ ਪ੍ਰਧਾਨ ਸਮਾਜ ਦੁਆਰਾ ਜਾਇਆ ਨਹੀਂ ਕੀਤਾ ਜਾਂਦਾ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਨੇ ਆਪਣੀ ਕਾਬਲੀਅਤ, ਪ੍ਰਤਿਭਾ, ਦਲੇਰੀ, ਸਮਰਪਣ ਆਦਿ ਦੇ ਨਾਲ ਯੁੱਗ ਪਲਟਾਊ ਘਟਨਵਾਂ ਨੂੰ ਅੰਜਾਮ ਦਿੱਤਾ ਹੈ। ਜਿਵੇਂ ਕਿ ਝਾਂਸੀ ਦੀ ਰਾਣੀ ਲਕਛਮੀ ਬਾਈ, ਸ਼੍ਰੀਮਤੀ ਐਂਨੀ ਬੇਸੈਂਟ, ਸਰੋਜਨੀ ਨਾਇਡੂ, ਮਦਰ ਟਰੇਸਾ, ਤਈਬਾ ਬੇਗਮ, ਭੀਕਾ ਜੀ ਕਾਮਾ, ਕਲਪਣਾ ਚਾਵਲਾ ਆਦਿ ਦੁਆਰਾ ਕੀਤੇ ਕਾਰਨਾਮਿਆਂ ਨੂੰ ਅਗਰ ਇਤਿਹਾਸ ਵਿਚੋ ਹਟਾ ਦੇਈਏ ਤਾਂ ਇਤਿਹਾਸ ਅਧੂਰਾ ਰਹਿ ਜਾਵੇਗਾ।
ਭਾਵੇਂ ਕਿ ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵੱਧ ਰਹੀ ਹੈ। ਮਰਦ ਪ੍ਰਧਾਨ ਸਮਾਜ ਦੇ ਦੁਆਰਾ ਪ੍ਰਚਾਰ ਵੀ ਇਹ ਕੀਤਾ ਜਾ ਰਿਹਾ ਹੈ ਕਿ ਅੱਜ ਦੀ ਔਰਤ ਹਰ ਪੱਖ ਤੋਂ ਸੁਤੰਤਰ ਹੈ, ਮਰਦ ਦੇ ਬਰਾਬਰ ਹੈ। ਭਾਰਤੀ ਸੰਵਿਧਾਨ ਅਨੁਸਾਰ ਵੀ ਔਰਤ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਭਾਵ ਲਿੰਗ ਦੇ ਆਧਾਰ ਤੇ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਔਰਤ ਤੇ ਹੋ ਰਹੇ ਅਤਿੱਆਚਾਰ ਘਟਣ ਦਾ ਨਾਮ ਨਹੀਂ ਲੈ ਰਹੇ। ਕਦੇ ਔਰਤ ਦੇ ਭਰੂਣ ਦਾ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਕਦੇ ਦਹੇਜ ਦੇ ਕਾਰਨ ਅਬਲਾ ਨਾਰੀ ਨੂੰ ਜਲਾਇਆ ਜਾਂਦਾ ਹੈ ਅਤੇ ਕਦੇ ਜਬਰ ਜਿਨਾਹ ਦਾ ਸ਼ਿਕਾਰ ਬਣਾ ਕਿ ਔਰਤ ਨੂੰ ਜਿੰਦਾ ਲਾਸ਼ ਦਾ ਰੂਪ ਦੇ ਕੇ ਨਿਰਦਈ ਸਮਾਜ ਵਿਚ ਧੱਕੇ ਖਾਣ ਅਤੇ ਤਾਨੇ-ਮਿਹਨੇ ਸੁਨਣ ਲਈ ਛੱਡ ਦਿੱਤਾ ਜਾਂਦਾ ਹੈ ਕਈ ਬਾਰ ਤਾਂ ਹਬਸ ਦੇ ਦਰਿੰਦਿਆਂ ਦੁਆਰਾ ਸਾਲ-ਛੇ ਮਹੀਨਿਆਂ ਦੀਆਂ ਮਾਸੂਮ ਬੱਚੀਆਂ ਅਤੇ 70-80 ਸਾਲਾਂ ਦੀਆਂ ਬਜ਼ੁਰਗ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਆਪਣੀ ਹਬਸ ਦੀ ਭੁੱਖ ਮਿਟਾਉਣ ਲਈ ਔਰਤ ਜਾਤੀ ਦੇ ਹੋ ਰਹੇ ਘੋਰ ਅਪਮਾਣ ਨੂੰ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਖਿਲਾਫ ਸਾਰੇ ਮੱਤ-ਭੇਦ ਭੁਲਾ ਕੇ ਸਮੁੱਚੇ ਸਮਾਜ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ। ਭਾਵੇਂ ਕਿ ਔਰਤਾਂ ਤੇ ਹੋ ਰਹੇ ਅਤਿੱਆਚਾਰ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਕਈ ਕਾਨੂੰਨ ਜਿਵੇਂ ਕਿ ਬਾਲ ਵਿਆਹ ਰੋਕੂ ਕਾਨੂੰਨ, ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ, ਜਬਰ ਜਿਨਾਹ ਵਿਰੁੱਧ ਕਾਨੂੰਨ, ਦਹੇਜ ਵਿਰੋਧੀ ਕਾਨੂੰਨ ਅਦਿ ਬਣਾਏ ਹੋਏ ਹਨ ਫਿਰ ਵੀ ਇਹ ਸਮੱਸਿਆ ਜਿਵੇਂ ਦੀ ਤਿਵੇਂ ਹੀ ਖੜ੍ਹੀ ਹੈ। ਅਸਲ ਵਿੱਚ ਇਹ ਸਮੱਸਿਆ ਬਹੁਤ ਗੰਭੀਰ ਹੈ। ਸਦੀਆਂ ਤੋਂ ਮਨੁੱਖ ਦੀ ਮਾਨਸਿਕਤਾ ਵਿੱਚ ਜੰਮੀ ਬੈਠੀ ਹੈ। ਇਸ ਮਾਨਸਿਕਤਾ ਨੂੰ ਬਦਲਣ ਲਈ ਮਰਦ ਪ੍ਰਧਾਨ ਸਮਾਜ ਨੂੰ ਕਾਨੂੰਨਾਂ ਦੇ ਨਾਲ-ਨਾਲ ਮਾਨਸਿਕ ਰੂਪ ਵਿੱਚ ਵੀ ਤਿਆਰ ਕਰਨ ਦੀ ਲੋੜ ਹੈ। ਉਸਨੂੰ ਔਰਤ ਦੀ ਮਹੱਤਤਾ, ਉਸਦੇ ਤਿਆਗ, ਬਲੀਦਾਨ, ਸਮਰਪਣ ਆਦਿ ਤੋਂ ਜਾਣੂ ਕਰਵਾਉਣਾ ਪਵੇਗਾ। ਇੱਥੇ ਮੈ ਇਹ ਜਰੂਰ ਕਹਿਣਾ ਚਹੁੰਦਾਂ ਹਾਂ ਕਿ ਔਰਤ ਨੂੰ ਪਵਿੱਤਰਤਾ ਦੀ ਮੂਰਤ ਮੰਨਿਆ ਜਾਂਦਾ ਹੈ ਇਸ ਕਰਕੇ ਉਸਨੂੰ ਆਪਣੀ ਪਵਿੱਤਰਤਾ ਅਤੇ ਸਤਿਕਾਰ ਨੂੰ ਬਹਾਲ ਕਰਨ ਲਈ ਆਪਣੇ ਸਰੀਰ ਨੂੰ ਇਕ ਵਸਤੂ ਦੇ ਰੂਪ ਵਿਚ ਫੈਸ਼ਨ ਸ਼ੋਆਂ, ਵੱਖ-ਵੱਖ ਵਸਤੂਆਂ ਦੇ ਇਸ਼ਤਿਹਾਰਾਂ ਆਦਿ ਵਿੱਚ ਆਪਣੇ ਜਿਸਮ ਦੀ ਨੁਮਾਇਸ਼ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਅਸ਼ਲੀਲ, ਭੜਕਾਊ, ਮਰਦਾਂ ਦਾ ਧਿਆਨ ਖਿੱਚਣ ਵਾਲਾ ਪਹਿਰਾਵਾ ਪਹਿਨਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕੱਪੜੇ ਤਨ ਦਾ ਸ਼ਿੰਗਾਰ ਹੁੰਦੇ ਹਨ ਨਾ ਕਿ ਅੰਗ ਪ੍ਰਦਰਸ਼ਨ ਦਾ ਸਾਧਨ। ਸੋ ਸਮਾਜ ਅਤੇ ਦੇਸ਼ ਦੇ ਵਡੇਰੇ ਹਿੱਤਾਂ ਲਈ ਔਰਤ ਨੂੰ ਆਪਣੀ ਪਵਿੱਤਰਤਾ ਬਣਾਈ ਰੱਖਣ ਲਈ ਸੰਜ਼ਮ ਤੋਂ ਕੰਮ ਲੈਣਾ ਚਾਹੀਦਾ ਹੈ ਇਸਦੇ ਨਾਲ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਔਰਤ ਨੂੰ ਦਿੱਤੇ ਉੱਚੇ ਅਤੇ ਸਤਿਕਾਰ ਵਾਲੇ ਸਥਾਨ ਨੂੰ ਕੇਵਲ ਧਾਰਮਿਕ ਗ੍ਰੰਥਾਂ ਦਾ ਸਿੰਗਾਰ ਨਾ ਬਣਾ ਕੇ ਰੱਖਿਆ ਜਾਵੇ ਸਗੋਂ ਇਸਨੂੰ ਅਮਲੀ ਰੂਪ ਦੇ ਕੇ ਸਮਾਜ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ ਕੀਤੀ ਜਾਵੇ।