ਬਲਾਚੌਰ, ( ਉਮੇਸ਼ ਜੋਸ਼ੀ ) – ਯੂਕਰੇਨ ਦੇ ਟਰਨੋਪਿਲ ਸ਼ਹਿਰ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 11 ਦੀ ਵਸਨੀਕ ਰੀਟਾ ਰਾਣਾ ਆਪਣੇ ਪਰਿਵਾਰਕ ਮੈਂਬਰਾਂ ਅਰਦਾਸਾ ਤੇ ਦੁਆਵਾਂ ਸੱਦਕੇ ਤੰਦਰੁਸਤ ਆਪਣੇ ਘਰ ਪਹੁੰਚ ਗਈ ਹੈ । ਯੂਕਰੇਨ ਵਿਖੇ ਪੜ੍ਹਾਈ ਕਰਦੀ ਰੀਟਾ ਰਾਣਾ ਦਾ ਇਹ ਦੂਸਰਾ ਸਾਲ ਸੀ ਕੇ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਜਿੱਥੇ ਕਿ ਪੂਰੀ ਤਰ੍ਹਾਂ ਨਾਲ ਬੰਬਾਰੀ ਹੋ ਰਹੀ ਹੈ ਅਤੇ ਉਥੇ ਭਾਰਤੀ ਵਿਦਿਆਰਥੀ ਬਹੁਤ ਹੀ ਜ਼ਿਆਦਾ ਭੈਅ ਭੀਤ ਹਨ ਜੋ ਬਚਾਅ ਲਈ ਬੰਕਰਾਂ ਦੇ ਬੇਸਮੇੈਟਾਂ ਚ ਲੁਕ ਕੇ ਜਾਨ ਬਚਾ ਰਹੇ ਹਨ । ਰੀਟਾ ਰਾਣੀ ਦੀ ਤੰਦ ਰੋਸੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪਰਿਵਾਰ ਉੱਪਰ ਡਿੱਗਿਆ ਦੁੱਖਾਂ ਦਾ ਪਹਾੜ ਆਪਣੀ ਬੱਚੀ ਨੂੰ ਵੇਖ ਆਪ ਮੁਹਾਰੇ ਹੀ ਖ਼ੁਸ਼ੀ ਦੇ ਹੰਝੂਆਂ ਵਿੱਚ ਵਹਿ ਗਿਆ ।
ਇਸ ਸਬੰਧੀ ਰੀਟਾ ਰਾਣੀ ਪੁੱਤਰੀ ਰਣਵਿਜੈ ਸਿੰਘ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਟਰਨੋਪਿਲ ਯੂਕਰੇਨ ਗਈ ਸੀ ਅਤੇ ਉਸ ਦਾ ਇਹ ਦੂਜਾ ਸਾਲ ਸੀ । ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰਨ ਉਪਰੰਤ ਉੱਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ । ਹਰ ਪਾਸੇ ਹੋ ਰਹੀ ਬੰਬਾਰੀ ਨਾਲ ਹਾਹਾਕਾਰ ਮੱਚ ਗਈ । ਉੱਥੇ ਲੜਾਈ ਲੱਗਣ ਕਾਰਨ ਉਸ ਦੇ ਪਿਤਾ ਨੇ ਉਸ ਦੀ ਘਰ ਵਾਪਸੀ ਲਈ ਟਿਕਟ ਵੀ ਭੇਜੀ ਸੀ ਜਿਹੜੀ ਕਿਸੇ ਕਾਰਨਾਂ ਕੈਂਸਲ ਹੋ ਗਈ । ਦੁਪਹਿਰ ਉਹ ਸਹੀ-ਸਲਾਮਤ ਬਲਾਚੌਰ ਸਥਿਤ ਆਪਣੇ ਘਰ ਪਹੁੰਚ ਗਈ ਹੈ। ਰੀਟਾ ਰਾਣਾ ਨੇ ਦੱਸਿਆ ਕਿ ਲੜਾਈ ਦੇ ਮਾਹੌਲ ਕਾਰਨ ਵਿਦੇਸ਼ ਵਿੱਚ ਕੁਝ ਤਣਾਅ ਵਿਚ ਸਨ ਮਗਰ ਹੁਣ ਉਹ ਆਪਣੇ ਮਾਪਿਆਂ ਕੋਲ ਪੁੱਜ ਚੁੱਕੇ ਹਨ ਅਤੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ । ਉਸ ਨੇ ਦੱਸਿਆ ਕਿ ਉਸ ਦੇ ਮਾਪੇ ਵੀ 15 ਦਿਨਾਂ ਤੋਂ ਚਿੰਤਤ ਆ ਰਹੇ ਸਨ ਅਤੇ ਮੇਰੀ ਘਰ ਵਾਪਸੀ ਤੇ ਉਨ੍ਹਾਂ ਵਿੱਚ ਵੀ ਅੱਜ ਖ਼ੁਸ਼ੀ ਵੇਖੀ ਜਾ ਰਹੀ ਹੈ । ਰੀਟਾ ਰਾਣਾ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ ਹੋਏ ਬੱਚੇ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ਬਣਾ ਕੇ ਇੱਧਰ ਆ ਰਹੇ ਹਨ ਅਤੇ ਭਾਰਤ ਸਰਕਾਰ ਵੱਲੋਂ ਵੀ ਲਗਾਤਾਰ ਲੜਾਈ ਵਿਚ ਫਸੇ ਬੱਚਿਆਂ ਨੂੰ ਸੁਰੱਖਿਅਤ ਲਿਆਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਉਨ੍ਹਾਂ ਇਸ ਗੱਲ ਉਪਰ ਬੜਾ ਮਾਣ ਮਹਿਸੂਸ ਕਰਦਿਆਂ ਆਖਿਆ ਕਿ ਭਾਰਤ ਦੇ ਤਿਰੰਗੇ ਝੰਡੇ ਦੀ ਤਾਕਤ ਦਾ ਵਿਦੇਸ਼ੀ ਧਰਤੀ ਤੇ ਵੀ ਪੂਰਾ ਸਤਿਕਾਰ ਹੈ । ਭਾਰਤੀ ਲੋਕਾਂ ਦੇ ਹੱਥਾਂ ਵਿੱਚ ਫੜੇ ਤਿਰੰਗੇ ਝੰਡੇ ਨੂੰ ਵੇਖ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਨੇ ਸਰਹੱਦ ਪਾਰ ਕਰਨ ਤੋਂ ਕਿਸੇ ਨੂੰ ਵੀ ਨਹੀਂ ਰੋਕਿਆ ।
ਉਸ ਨੇ ਅੱਗੇ ਦੱਸਿਆ ਕਿ ਮੈ ਪਹਿਲਾਂ 2 ਦਿਨ ਪੋਲੈਂਡ ਦੀ ਸਰਹੱਦ 0ਤੇ ਰਹੀ ਸੀ। ਜਿੱਥੋਂ ਕੇ ਭਾਰਤੀ ਦੂਤਾਵਾਸ ਨੇ ਸਾਨੂੰ ਰਾਹਤ ਕੈਂਪ ਵਿੱਚ ਭੇਜ ਦਿੱਤਾ । ਤੀਜੇ ਦਿਨ ਸਾਨੂੰ ਸਰਹੱਦ ਤੋਂ ਪਾਰ ਪਹੁੰਚਾਇਆ ਗਿਆ । ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਕਦਮੀ ਸਦਕਾ ਯੂਕਰੇਨ ਤੋਂ ਬੱਚੇ ਸੁਰੱਖਿਅਤ ਭਾਰਤ ਪਹੁੰਚ ਰਹੇ ਹਨ ਜਿਸ ਲਈ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ।
ਰੀਟਾ ਰਾਣੀ ਦੇ ਪਿਤਾ ਰਣਵਿਜੇ ਸਿੰਘ ਨੇ ਆਖਿਆ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ ਕਿ ਸਾਡੀ ਲੜਕੀ ਸੁਰੱਖਿਅਤ ਘਰ ਵਾਪਸ ਆ ਗਈ ਹੈ । ਅਸੀਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ ਅਤੇ ਜਲਦੀ ਹੀ ਇਹ ਜੰਗ ਖ਼ਤਮ ਹੋਵੇ ।