ਸਮਾਜ ’ਚ ਔਰਤਾਂ ਦੀ ਭੂਮਿਕਾ ਨੂੰ ਸਨਮਾਨ ਦਿੰਦਿਆਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਵਿਲੱਖਣ ਅੰਦਾਜ਼ ਨਾਲ ਮਨਾਇਆ ਗਿਆ। ਮਹਿਲਾ ਦਿਵਸ ਮੌਕੇ ’ਵਰਸਿਟੀ ਦੇ ਸਮੁੱਚੇ ਕੰਮਕਾਜ ਦਾ ਸੰਚਾਲਨ ਮਹਿਲਾ ਫੈਕਲਟੀ ਵੱਲੋਂ ਕੀਤਾ ਗਿਆ, ਜਿਸ ਦੇ ਅੰਤਰਗਤ ਚਾਂਸਲਰ ਦਫ਼ਤਰ ਸਮੇਤ ’ਵਰਸਿਟੀ ਦੇ ਸਮੁੱਚੇ ਉਚ ਅਹੁਦਿਆਂ ’ਤੇ ਮਹਿਲਾ ਫੈਕਲਟੀ ਨੂੰ ਬਿਰਾਜਮਾਨ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਮੁਖੀ ਵਜੋਂ ਮਹਿਲਾ ਫੈਕਲਟੀ ਵੱਲੋਂ ਇੱਕ ਦਿਨ ਲਈ ਸਮੁੱਚੇ ਦਫ਼ਤਰੀ ਕੰਮਾਂ ਦੀ ਅਗਵਾਈ ਕੀਤੀ ਗਈ। ਇਸ ਦੌਰਾਨ 40 ਦੇ ਕਰੀਬ ਮਹਿਲਾ ਫੈਕਲਟੀ ਨੂੰ ‘ਸ਼ੀ ਇੰਸਪਾਇਰਸ’ ਐਵਾਰਡ ਨਾਲ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ’ਵਰਸਿਟੀ ਦੇ ਵੱਖ-ਵੱਖ ਅਹੁਦਿਆਂ ’ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ। ਇਨ੍ਹਾਂ ਐਵਾਰਡਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਵੱਲੋਂ ਦਿੱਤੇ ਗਏ। ਇਸ ਤੋਂ ਇਲਾਵਾ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਕਾਰਨੀਵਲ ਦਾ ਆਯੋਜਨ ਵੀ ਕਰਵਾਇਆ ਗਿਆ। ਮਹਿਲਾ ਕਾਰਨੀਵਲ ਦੌਰਾਨ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਨੇ ਕਵਿਤਾ ਅਤੇ ਸਟੋਰੀ ਟੈਲਿੰਗ ਮੁਕਾਬਲਿਆਂ ’ਚ ਉਤਸ਼ਾਹਪੂਰਵਕ ਭਾਗ ਲਿਆ।
ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਨ.ਟੀ ਰਾਓ ਨੇ ਕਿਹਾ ਕਿ ’ਵਰਸਿਟੀ ਕੋਰਸਾਂ ਵਿੱਚ ਲੜਕੀਆਂ ਦੀ ਭਾਗੀਦਾਰੀ ਵਧਾਉਣ ਤੋਂ ਲੈ ਕੇ ਪ੍ਰਸ਼ਾਸਨ ਤੱਕ ਹਰ ਪੱਧਰ ’ਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਯੂਨੀਵਰਸਿਟੀ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਮਹਿਲਾਵਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ। ਇਹ ਮਾਨਤਾ ਦੇਸ਼ ਵਿੱਚ ਸਿਰਫ਼ 30 ਵਿਦਿਅਕ ਅਦਾਰਿਆਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਇੱਕੋ-ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ ਕਿ 40 ਦੇ ਕਰੀਬ ਮਹਿਲਾ ਫੈਕਲਟੀ ਦੇ ਸਨਮਾਨ ਵਜੋਂ ‘ਸ਼ੀ ਇੰਸਪਾਈਰਿੰਗ’ ਪੁਰਸਕਾਰ ਭੇਂਟ ਕਰਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ, ਜਿਨ੍ਹਾਂ ਨੇ ਅਕਾਦਮਿਕ, ਪ੍ਰਬੰਧਨ, ਖੋਜ, ਇਨੋਵੇਸ਼ਨ ਅਤੇ ਸਵੈ-ਰੋਜ਼ਗਾਰ ਦੇ ਖੇਤਰ ’ਚ ਵਢਮੁੱਲੀਆਂ ਸੇਵਾਵਾਂ ਨਿਭਾਈਆਂ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ, ਔਰਤਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਲੜਕੀਆਂ ਦੀ ਪੜ੍ਹਾਈ ਤੋਂ ਲੈ ਕੇ ਕੰਮਕਾਜੀ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਮੌਕੇ ਅਤੇ ਸਨਮਾਨ ਦੇਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ’ਵਰਸਿਟੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ’ਚ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਦਾ ਵਢਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਦੇ ਖੇਤਰਾਂ ਵਿੱਚ ਵਿਦਿਆਰਥਣਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਢੁਕਵਾਂ ਵਿਦਿਅਕ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਸਟੈਮ ਕੋਰਸਾਂ ਵਿੱਚ ਵਿਦਿਆਰਥਣਾਂ ਦਾ ਲਿੰਗ ਅਨੁਪਾਤ 53.1 ਪ੍ਰਤੀਸ਼ਤ ਹੋ ਗਿਆ ਹੈ, ਜਦਕਿ ਲੜਕਿਆਂ ਦੀ ਗਿਣਤੀ 46.9 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2021-22 ਦੌਰਾਨ 9969 ਵਿਦਿਆਰਥਣਾਂ ਨੂੰ ’ਵਰਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਵਜ਼ੀਫ਼ਾ ਸਕੀਮਾਂ ਦਾ ਲਾਭ ਮਿਲਿਆ ਹੈ। ਇੰਨਾ ਹੀ ਨਹੀਂ, ਕੋਰਸਾਂ ਵਿੱਚ ਮਹਿਲਾ ਫੈਕਲਟੀ 52 ਫ਼ੀਸਦੀ ਹੈ, ਜਦੋਂ ਕਿ ਪੁਰਸ਼ ਫੈਕਲਟੀ 48 ਫ਼ੀਸਦੀ ਹੈ। ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ 60 ਖੋਜ ਗਰੁੱਪ ਬਣਾਏ ਹਨ, ਜਿਨ੍ਹਾਂ ਵਿੱਚ ਹਰੇਕ ਖੋਜ ਗਰੁੱਪ ਵਿੱਚ 1 ਮਹਿਲਾ ਵਿਦਿਆਰਥੀ/ਫੈਕਲਟੀ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਜੋ ਖੋਜ ਦੇ ਖੇਤਰ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਸ. ਸੰਧੂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦਾਇਰ ਕੀਤੇ ਗਏ 1300 ਪੇਟੈਂਟਾਂ ਵਿੱਚੋਂ 30 ਫ਼ੀਸਦੀ ਯੂਨੀਵਰਸਿਟੀ ਦੀਆਂ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਵੱਲੋਂ ਦਾਇਰ ਕੀਤੇ ਗਏ ਹਨ। ਡਾ. ਰਾਓ ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ 36% ਮਹਿਲਾ ਅਧਿਆਪਕਾਂ ਅਤੇ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ 60 ਖੋਜ ਸਮੂਹ ਬਣਾਏ ਗਏ ਹਨ। ਪਿਛਲੇ ਕੁਝ ਸਾਲਾਂ ਵਿੱਚ, ਯੂਨੀਵਰਸਿਟੀ ਦੁਆਰਾ ਸਥਾਪਿਤ ਕੀਤੇ ਗਏ ਕੁੱਲ 108 ਸਟਾਰਟਅੱਪਾਂ ਵਿੱਚੋਂ, 47 ਪ੍ਰਤੀਸ਼ਤ ਸਟਾਰਟਅੱਪ ਮਹਿਲਾ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਸਥਾਪਿਤ ਕੀਤੇ ਗਏ ਹਨ, ਜੋ ਕਿ ਮਹਿਲਾ ਸਸ਼ਕਤੀਕਰਨ ਲਈ ਇੱਕ ਉਤਸ਼ਾਹਜਨਕ ਪ੍ਰਾਪਤੀ ਹੈ। ਇੰਨਾ ਹੀ ਨਹੀਂ, ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਅਧੀਨ ਵਿਦਿਆਰਥਣਾਂ ਨੂੰ ਕੋਰਸ ਦੀ ਪੂਰੀ ਮਿਆਦ ਲਈ ਸਾਲਾਨਾ ਫੀਸਾਂ ’ਤੇ 10% ਦੀ ਛੋਟ ਪ੍ਰਦਾਨ ਕਰਦੀ ਹੈ। ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹਾਸਲ ਕੀਤੇ ਕੁੱਲ ਮੈਡਲਾਂ ਵਿਚੋਂ 36 ਫ਼ੀਸਦੀ ਮੈਡਲ ਖਿਡਾਰਣਾਂ ਵੱਲੋਂ ਪ੍ਰਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਕਈ ਖੇਤਰਾਂ ਵਿੱਚ ਪ੍ਰਾਪਤੀਆਂ ਦੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ ਅਤੇ ਸਾਨੂੰ ਖੁਸ਼ੀ ਹੈ ਕਿ ਯੂਨੀਵਰਸਿਟੀ ਆਪਣੇ ਕੋਰਸਾਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ।