ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿਚ ਮੈਡਮ ਨੀਲਮ ਕਪੂਰ ਮੁਖ ਮਹਿਮਾਨ ਤੇ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿਚ ਫੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਮ ਦੀਆਂ ਸੰਸਥਾਵਾਂ ਵਿਚ ਅਕਸਰ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਬਾਰੇ ਔਰਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਇਨ੍ਹਾਂ ਵਧੀਕੀਆਂ ਵਿਰੁੱਧ ਉੱਠ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰ ਖੇਤਰ ਵਿਚ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਮੁਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਸਮਕਾਲ ਵਿਚ ਮਹੱਤਤਾ ਬਾਰੇ ਦੱਸਿਆ ਕਿ ਪਿਤਰੀ ਸਮਾਜ ਵਿਚ ਔਰਤ ਨੂੰ ਅੱਗੇ ਵੱਧਣ ਤੇ ਫੈਸਲੇ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।
ਜਨਮੇਜਾ ਸਿੰਘ ਜੌਹਲ ਨੇ ਬੋਲਦਿਆਂ ਆਖਿਆ ਕਿ ਔਰਤ ਵਿਚ ਅਦਿੱਖ ਸ਼ਕਤੀ ਹੁੰਦੀ ਹੈ, ਜਿਸ ਨੂੰ ਜਾਣਨ ਦੀ ਲੋੜ ਹੈ ਤੇ ਇਸਦੀ ਪਛਾਣ ਉਸ ਨੂੰ ਰੋਲ ਮਾਡਲ ਬਣਾ ਸਕਦੀ ਹੈ। ਮਨਦੀਪ ਕੌਰ ਭੰਬਰਾ, ਜਸਪ੍ਰੀਤ ਕੌਰ, ਹਰਸਿਮਰਤ ਕੌਰ, ਇੰਦਰਜੀਤਪਾਲ ਕੌਰ ਆਦਿ ਨੇ ਅੰਤਰ-ਸੰਵਾਦ ਰਚਾਂਦਿਆਂ ਔਰਤ ਦੀ ਸ਼ਕਤੀ ਨੂੰ ਪਛਾਣਨ ਦੀ ਗੱਲ ਕੀਤੀ।
ਮੈਡਮ ਕੋਚਰ ਨੇ ਮੁਖ ਮਹਿਮਾਨ ਦੀ ਜਾਣ ਪਛਾਣ ਕਰਵਾਈ ਅਤੇ ਅੱਜ ਦੇ ਪ੍ਰੋਗਰਾਮ ਨੂੰ ਬਾਖੂਬੀ ਨਿਭਾਇਆ। ਬਾਦ ਵਿਚ ਨਾਰੀ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿਚ ਇੰਦੂ ਬਾਲਾ, ਨੀਲੂ ਬੱਗਾ, ਹਰਸਿਮਰਤ ਕੌਰ, ਪਰਮਜੀਤ ਮਹਿਕ, ਮਨਦੀਪ ਭੰਬਰਾ, ਜਗਜੀਵਨ ਕੌਰ, ਸ਼ਾਰਦਾ ਅਤੇ ਗੁਰਚਰਨ ਕੌਰ ਕੋਚਰ ਨੇ ਭਾਗ ਲਿਆ।
ਅੰਤ ਤੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਨੇ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਜਨਰਲ ਸਕੱਤਰ