ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਨਗਣਨਾ ਕਰਨ ਦੀ ਕਾਰਵਾਈ ਤਹਿਤ ਲੋਕਾਂ ਨੂੰ ਸੱਦੇ ਡਾਕ ਰਾਹੀਂ ਭੇਜੇ ਗਏ ਹਨ ਅਤੇ ਇਸ ਸਬੰਧੀ ਫਾਰਮ ਨੂੰ ਪੂਰਾ ਨਾ ਕਰਨ ‘ਤੇ 1,000 ਪੌਂਡ ਦਾ ਜੁਰਮਾਨਾ ਲੱਗ ਸਕਦਾ ਹੈ। ਜਨਗਣਨਾ ਤਹਿਤ ਦੇਸ਼ ਦੇ ਹਰੇਕ ਵਿਅਕਤੀ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਨਤੀਜਿਆਂ ਦੀ ਵਰਤੋਂ ਜਨਤਕ ਸੇਵਾਵਾਂ ਅਤੇ ਫੰਡਿੰਗ ਦੀ ਯੋਜਨਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਲਈ ਬਣਾਈ ਗਈ ਪ੍ਰਸ਼ਨਾਵਲੀ ਨੂੰ ਸਕਾਟਿਸ਼ ਸਰਕਾਰ ਦੁਆਰਾ ਇੱਕ ਕਾਨੂੰਨੀ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ ਅਤੇ ਹਰ ਘਰ ਨੂੰ ਇਸ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਜਨਗਣਨਾ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ ਅਤੇ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਆਨਲਾਈਨ ਜਾਂ ਕਾਗਜ਼ ‘ਤੇ ਫਾਰਮ ਨੂੰ ਪੂਰਾ ਨਾ ਕਰਨ ਲਈ 1,000 ਪੌਂਡ ਦਾ ਜੁਰਮਾਨਾ ਜਾਂ ਮੁਕੱਦਮੇ ਦਾ ਸਾਹਮਣਾ ਵੀ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਫਾਰਮ ਨੂੰ ਭਰਨ ਤੋਂ ਇਨਕਾਰ ਕਰਨਾ, ਲਾਜ਼ਮੀ ਸਵਾਲ ਦਾ ਜਵਾਬ ਦੇਣ ਤੋਂ ਅਣਗਹਿਲੀ ਕਰਨਾ, ਗਲਤ ਜਵਾਬ ਦੇਣਾ ਜਾਂ ਝੂਠੇ ਦਸਤਾਵੇਜ਼ ‘ਤੇ ਦਸਤਖਤ ਕਰਨਾ ਆਦਿ ਸਾਰੇ ਕਾਰਨ ਹਨ ਜਿਨ੍ਹਾਂ ਕਾਰਨ ਜੁਰਮਾਨਾ ਜਾਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਸਕਾਟਿਸ਼ ਜਨਗਣਨਾ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ, ਪਰ ਕੋਵਿਡ ਕਾਰਨ 2021 ਦੀ ਮਰਦਮਸ਼ੁਮਾਰੀ ਵਿੱਚ ਦੇਰੀ ਹੋਈ ਸੀ। ਜਨਗਣਨਾ ਦੇ ਸੱਦੇ ਫਰਵਰੀ ਦੇ ਅਖੀਰ ਵਿੱਚ ਪੋਸਟ ਕੀਤੇ ਗਏ ਸਨ। ਲੋਕ ਹੁਣ ਅਤੇ 20 ਮਾਰਚ (ਜਨਗਣਨਾ ਦਿਵਸ) ਦੇ ਵਿਚਕਾਰ ਕਿਸੇ ਵੀ ਸਮੇਂ ਫਾਰਮ ਭਰ ਸਕਦੇ ਹਨ। ਇਸਨੂੰ ਆਨਲਾਈਨ ਭਰਨ ਲਈ ਜਨਗਣਨਾ ਦੀ ਵੈੱਬਸਾਈਟ ‘ਤੇ ਜਾ ਕੇ ਭਰਿਆ ਜਾ ਸਕਦਾ ਹੈ। ਜਿਸ ਵਿੱਚ ਲੋਕਾਂ ਦੀ ਰਿਹਾਇਸ਼ ਦੀਆਂ ਕਿਸਮਾਂ, ਘਰੇਲੂ ਸਬੰਧਾਂ, ਉਮਰ, ਲਿੰਗ, ਸਿਹਤ ਅਤੇ ਰੁਜ਼ਗਾਰ ਦੀ ਸਥਿਤੀ ਸ਼ਾਮਲ ਹੈ। ਜਨਗਣਨਾ ਵਿੱਚ ਦੋ ਪ੍ਰਕਾਰ ਦੇ ਸਵਾਲ ਹਨ- ਘਰੇਲੂ ਅਤੇ ਵਿਅਕਤੀਗਤ। ਘਰੇਲੂ ਸਵਾਲ ਤੁਹਾਡੇ ਘਰ ਬਾਰੇ ਪੁੱਛਦੇ ਹਨ ਅਤੇ ਉੱਥੇ ਕੌਣ ਰਹਿ ਰਿਹਾ ਹੈ?
ਜਿਸ ਵਿੱਚ ਸ਼ਾਮਲ ਹੈ: ਤੁਹਾਡੇ ਘਰ ਵਿੱਚ ਕੌਣ ਰਹਿੰਦਾ ਹੈ ਅਤੇ ਤੁਹਾਡੇ ਕੋਲ ਕਿਸ ਕਿਸਮ ਦੀ ਰਿਹਾਇਸ਼ ਹੈ ? (ਭਾਵ ਤੁਸੀਂ ਕਿਰਾਏ ‘ਤੇ ਹੋ ਜਾਂ ਆਪਣੇ ਘਰ ਵਿੱਚ) ਹੋਰ ਵੇਰਵੇ, ਜਿਹਨਾਂ ਵਿੱਚ ਸੈਂਟਰਲ ਹੀਟਿੰਗ ਦੀ ਕਿਸਮ ਜੋ ਤੁਸੀਂ ਵਰਤਦੇ ਹੋ ਅਤੇ ਪਰਿਵਾਰ ਕੋਲ ਕਿੰਨੀਆਂ ਕਾਰਾਂ ਜਾਂ ਵੈਨਾਂ ਹਨ ਵੀ, ਸ਼ਾਮਲ ਹਨ। ਹਰ ਕਿਸੇ ਨੂੰ ਆਪਣੇ ਹਾਲਾਤਾਂ ਦੇ ਆਧਾਰ ‘ਤੇ ਹਰੇਕ ਸਵਾਲ ਦਾ ਜਵਾਬ ਨਹੀਂ ਦੇਣਾ ਪਵੇਗਾ। ਜਦਕਿ ਵਿਅਕਤੀਗਤ ਸਵਾਲ ਵਿਸ਼ਿਆਂ ਬਾਰੇ ਪੁੱਛੇ ਜਾਂਦੇ ਹਨ ਜਿਸ ਵਿੱਚ ਜਨਮ ਮਿਤੀਆਂ, ਨੌਕਰੀਆਂ, ਸਿਹਤ, ਸਿੱਖਿਆ ਆਦਿ ਬਾਰੇ ਸਵਾਲ ਸ਼ਾਮਲ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਘਰ ਦਾ ਮਾਲਕ ਜਾਂ ਘਰ ਦੇ ਵਿਅਕਤੀ ਹੀ ਦੇ ਸਕਦੇ ਹਨ।
ਜਿਕਰਯੋਗ ਹੈ ਕਿ ਮਰਦਮਸ਼ੁਮਾਰੀ ਰਾਹੀਂ ਵੱਖ ਵੱਖ ਭਾਸ਼ਾਵਾਂ ਬੋਲਦੇ ਲੋਕਾਂ ਦਾ ਅੰਕੜਾ ਵੀ ਇਕੱਤਰ ਹੁੰਦਾ ਹੈ। ਪੰਜਾਬੀ ਭਾਸ਼ਾ ਦੇ ਮਾਣ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਸਕਾਟਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਹ ਮੌਕਾ 10 ਸਾਲ ਮਿਲਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਗਲੇ 10 ਸਾਲ ਉਡੀਕ ਕਰਨ ਨਾਲੋਂ ਇਸੇ 20 ਮਾਰਚ ਤੋਂ ਪਹਿਲਾਂ ਹੀ ਆਪਣੀ ਹੋਂਦ ਦਾ ਅਹਿਸਾਸ ਕਰਵਾਈਏ। ਉਹਨਾਂ ਕਿਹਾ ਕਿ ਸਕਾਟਲੈਂਡ ਦੀ ਮਰਦਮਸ਼ੁਮਾਰੀ ਦੀ ਪ੍ਰਸ਼ਨਾਵਲੀ ਵਾਲੇ ਕਾਗਜਾਂ ਦੇ ਪੰਨਾ 6 ‘ਤੇ 16 ਨੰਬਰ ਖਾਨੇ ਵਿੱਚ “ਮੁੱਖ ਬੋਲੀ” ਵਜੋਂ “ਪੰਜਾਬੀ” ਭਰਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਸਿਰਫ ਇਸ ਇੱਕ ਸ਼ਬਦ ਦੀ ਵਰਤੋਂ ਕਰਕੇ ਹੀ ਆਪਣੀ ਮਾਂ ਦੇ ਸਪੁੱਤਰ ਹੋਣ ਦਾ ਫਰਜ ਅਦਾ ਕਰ ਸਕਦੇ ਹਾਂ।