ਲੁਧਿਆਣਾ – ਲੋਕ ਮੰਚ, ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀਅਤ ਦੇ ਪ੍ਰਤੀਕ ਡਾ.ਸਰਦਾਰਾ ਸਿੰਘ ਜੌਹਲ ਨੂੰ ‘ਮਾਣ ਪੰਜਾਬ ਦਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਇਕ ਲੱਖ ਰੁਪਏ, ਸਨਮਾਨ ਚਿੰਨ੍ਹ, ਦੁਸ਼ਾਲਾ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ ਡਾ.ਸੁਰਜੀਤ ਪਾਤਰ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ.ਗੁਰਭਜਨ ਗਿੱਲ, ਦਰਸ਼ਨ ਬੁੱਟਰ, ਡਾ.ਯੋਗਰਾਜ, ਅਤੇ ਡਾ.ਤੇਜਵੰਤ ਮਾਨ ਸ਼ਾਮਲ ਹੋਏ।
ਡਾ.ਸਰਦਾਰਾ ਸਿੰਘ ਜੌਹਲ ਨੇ ਸਨਮਾਨ ਪ੍ਰਾਪਤੀ ਤੋਂ ਬਾਅਦ ਬੋਲਦੇ ਹੋਏ ਕਿਹਾ ਕਿ ਜੇ ਆਪਣੇ ਮਾਣ ਕਰਨ ਤਾਂ ਆਪਣਿਆਂ ਨੂੰ ਚੁੰਮ ਲੈਣ ਨੂੰ ਜੀ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਮੇਰੀ ਸ਼ਖ਼ਸੀਅਤ ਸੰਵਾਰਨ ਵਿਚ ਬੁਹਤ ਯੋਗਦਾਨ ਰਿਹਾ ਹੈ ਅਤੇ ਬੰਦੇ ਨੂੰ ਦੂਜੇ ਦੀ ਖੁਸ਼ੀ ਵਿਚ ਖ਼ੁਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਧਰਤੀ ਹੇਠਲੇ ਪਾਣੀ ਦੇ ਖ਼ਤਮ ਹੋਣ ਬਾਰੇ ਬਹੁਤ ਚਿੰਤਤ ਹਨ ਪਰ ਪੰਜਾਬ ਸਰਕਾਰ ਨੇ ਮੇਰੀ ਇਸ ਬਾਬਤ ਕਦੇ ਨਹੀਂ ਸੁਣੀ। ਪੰਜਾਬ ਦੀ ਛੋਟੀ ਸੋਚ ਨੇ ਇਹ ਮੌਕਾ ਗੁਵਾ ਲਿਆ ਜਿਸ ਦਾ ਪਤਾ ਉਨ੍ਹਾਂ ਨੂੰ ਅਗਲੇ ਪੰਦਰਾਂ ਸਾਲ ਵਿਚ ਲੱਗ ਜਾਵੇਗਾ। ਪੰਜਾਬੀ ਸਾਹਿਤ ਅਕਾਡਮੀ ਨਾਲ ਲਗਾਉ ਕਾਰਨ ਉਨ੍ਹਾਂ ਨੇ ਆਪਣੀ ਪੁਰਸ ਕ੍ਰਿਤ 1 ਲੱਖ ਰੁਪਏ ਦੀ ਰਾਸ਼ੀ ਅਕਾਡਮੀ ਵਿਚ ਕੈਮਰੇ ਲਾਉਣ ਲਈ ਦੇਣ ਦਾ ਐਲਾਨ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਹੋਰਾਂ ਕਿਹਾ ਕਿ ਅਸੀਂ ਗੌਰਵਸ਼ਾਲੀ ਮਹਿਸੂਸ ਕਰਦੇ ਹਾਂ ਕਿ ਅਸੀਂ ਡਾ.ਸਰਦਾਰਾ ਸਿੰਘ ਜੌਹਲ ਵਰਗੀ ਸਿਆਣੀ ਅਤੇ ਅਜ਼ੀਮ ਸ਼ਖ਼ਸੀਅਤ ਦੀ ਅੱਜ ਸੰਗਤ ਮਾਣ ਰਹੇ ਹਾਂ। ਸਾਡੇ ਲਈ ਜੌਹਲ ਸਾਹਿਬ ਦੇ ਵਿਚਾਰ ਸੁਣਨੇ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੌਹਲ ਸਾਹਿਬ ਹਮੇਸ਼ਾਂ ਹੀ ਪੰਜਾਬ ਦੇ ਮਸਲਿਆਂ ਵਿਚ ਸ਼ਾਮਲ ਰਹਿੰਦੇ ਹਨ। ਵਿਚਾਰਾਂ ਦੀ ਬੇਬਾਕੀ ਡਾ.ਜੌਹਲ ਦੀ ਸ਼ਖ਼ਸੀਅਤ ਦਾ ਹਿੱਸਾ ਹੈ, ਉਹ ਸੋਚਦੇ ਪ੍ਰੋਫੈਸਰ ਵਾਂਗ ਹਨ ਪਰ ਬੋਲ ਦੇ ਆਮ ਬੰਦੇ ਵਾਂਗ। ਉਨ੍ਹਾਂ ਕਿਹਾ ਕਿ ਡਾ.ਜੌਹਲ ਪੰਜਾਬ ਦੀ ਧਰਤੀ ‘ਚੋਂ ਉੱਗਿਆ ਬ੍ਰਿਖ ਹੈ।
ਵਿਸ਼ੇਸ਼ ਮਹਿਮਾਨਾਂ ਵਿਚੋਂ ਡਾ.ਜੌਹਲ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰੋ. ਗੁਰਭਜਨ ਗਿੱਲ ਨੇ ਬੋਲਦਿਆਂ ਕਿਹਾ ਕਿ ਡਾ. ਜੌਹਲ ਸੌਲਾਂ ਕਲਾ ਸੰਪੂਰਨ ਸ਼ਖ਼ਸੀਅਤ ਹਨ ਉਨ੍ਹਾਂ ਦਾ ਸਨਮਾਨ ਪੰਜਾਬੀਅਤ ਦਾ ਸਨਮਾਨ ਹੈ। ਸਿਆਣਪ ਅਤੇ ਅਜ਼ਮਤ ਨੂੰ ਸਾਂਭਣਾ ਅੱਜ ਦੀ ਲੋੜ ਹੈ ਜਿਸ ਦਾ ਪ੍ਰਤੀਕ ਡਾ.ਜੌਹਲ ਹਨ। ਉਨ੍ਹਾਂ ਕਿਹਾ ਡਾ.ਸਰਦਾਰਾ ਸਿੰਘ ਜੌਹਲ ਅਜਿਹੀ ਸ਼ਖ਼ਸੀਅਤ ਹੈ ਜਿਹਦੇ ਕੋਲ ਬੈਠਿਆਂ ਨੀਵਾਂ ਹੋਣ ਦਾ ਅਹਿਸਾਸ ਨਹੀਂ ਹੁੰਦਾ।
ਡਾ.ਤੇਜਵੰਤ ਮਾਨ ਪ੍ਰਧਾਨ ਕੇਂਦਰੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਡਾ.ਸਰਦਾਰਾ ਸਿੰਘ ਜੌਹਲ ਵਰਗੀ ਸ਼ਖ਼ਸੀਅਤ ਦੇ ਅਕਾਡਮੀ ਦੇ ਪ੍ਰਧਾਨ ਵੇਲੇ ਅਕਾਡਮੀ ਨੇ ਬਹੁਤ ਵਿਕਾਸ ਕੀਤਾ। ਉਨ੍ਹਾਂ ਦਾ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਹੋਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਡਾ.ਯੋਗਰਾਜ ਹੋਰਾਂ ਕਿਹਾ ਕਿ ਪੰਜਾਬੀਆਂ ਨੂੰ ਡਾ.ਸਰਦਾਰਾ ਸਿੰਘ ਜੌਹਲ ਵਾਂਗ ਬੌਧਿਕ ਹੋਣ ਦੀ ਜ਼ਰੂਰਤ ਹੈ। ਡਾ.ਜੌਹਲ ਜਿਹੀ ਸਿਆਣਪ ਹੀ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾ ਸਕਦੀ ਹੈ।
ਪ੍ਰੋਗਰਾਮ ਦੇ ਸ਼ੁਰੂਆਤ ਵਿਚ ਲੋਕਮੰਚ ਪੰਜਾਬ ਦੇ ਚੇਅਰਮੈਨ ਡਾ.ਲਖਵਿੰਦਰ ਸਿੰਘ ਜੌਹਲ ਨੇ ਡਾ.ਸਰਦਾਰਾ ਸਿੰਘ ਜੌਹਲ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਡਾ.ਸਰਦਾਰਾ ਸਿੰਘ ਜੌਹਲ ਨੂੰ ਪੁਰਸਕ੍ਰਿਤ ਕਰਨ ਦੇ ਬਹਾਨੇ ਅਸੀਂ ਉਨ੍ਹਾਂ ਤੋਂ ਅਸੀਰਵਾਦ ਲਿਆ ਹੈ ਕਿ ਉਨ੍ਹਾਂ ਦੀ ਸਰਪ੍ਰਸਤੀ ਵਿਚ ਅਸੀਂ ਸੰਸਾਰ ਪੱਧਰ ‘ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਲੋਕਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਨਾਲ ਜੋੜਨ ਲਈ ਹੰਭਲਾ ਮਾਰਾਂਗੇ।
ਲੋਕ ਮੰਚ, ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਹੋਰਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਦੂਜੇ ਭਾਗ ਵਿਚ ਪੰਜਾਬ ਭਰ ਤੋਂ ਆਈਆਂ ਨਾਮਵਰ ਨਾਰੀ ਕਵਿਤਰੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਨਾਰੀ ਭਾਵਨਾ ਦਾ ਇਜ਼ਹਾਰ ਕਰਦਿਆਂ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਅਤੇ ਔਰਤ ਨੂੰ ਦੁਰਪੇਸ਼ ਮਸਲਿਆਂ ਨੂੰ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਵਿਚ ਪੇਸ਼ ਕੀਤਾ। ਨਾਰੀ ਕਵੀ ਦਰਬਾਰ ਵਿਚ ਵਿਸ਼ੇਸ਼ ਤੌਰ ‘ਤੇ ਅਤਿੰਦਰ ਸੰਧੂ, ਮਨਜੀਤ ਇੰਦਰਾ, ਸੁਰਿੰਦਰ ਗਿੱਲ ਜੈਪਾਲ, ਗੁਰਚਰਨ ਕੌਰ ਕੌਚਰ, ਭੁਪਿੰਦਰ ਕੌਰ ਪ੍ਰੀਤ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ, ਨਿਰਮਲ ਜਸਵਾਲ, ਅਨੁਬਾਲਾ, ਮਨਜੀਤ ਕੌਰ ਮਠਾੜੂ, ਜਸਲੀਨ ਕੌਰ, ਜਸਪ੍ਰੀਤ ਅਮਲਤਾਸ, ਜਸਪ੍ਰੀਤ ਕੌਰ ਫਲਕ, ਹਰਪ੍ਰੀਤ ਕੌਰ ਸੰਧੂ, ਰਾਜਿੰਦਰ ਕੌਰ, ਕੰਵਲ ਭੱਲਾ, ਸਿਮਰਤ ਸੂਮੈਰਾ, ਰਣਜੀਤ ਕੌਰ ਸਵੀ, ਸਿਮਰਤ ਗਗਨ, ਬਲਜੀਤ ਸੈਣੀ ਤੇ ਮੀਨਾ ਮਹਿਰੋਕ ਨੇ ਭਾਗ ਲਿਆ।
ਸਟੇਜ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਸਕੱਤਰ ਲੋਕਮੰਚ, ਪੰਜਾਬ ਨੇ ਚਲਾਈ। ਇਸ ਵਿਚ ਹੋਰਨਾਂ ਤੋਂ ਇਲਾਵਾ ਪ੍ਰਵੇਸ਼ ਖੰਨਾ ਜਲਾਲਾਬਾਦ, ਨਾਜਰ ਸਿੰਘ ਬੋਪਾਰਾਏ, ਪਰਮਿੰਦਰ ਅਲਬੇਲਾ, ਗੁਰਪ੍ਰੀਤ ਢਿਲੋਂ, ਕੇਵਲ ਮੰਜਾਲੀਆਂ, ਗੁਰਪ੍ਰਤੀ ਢਿਲੋਂ, ਬਲਰਾਜ ਧਾਲੀਵਾਲ, ਗੁਰਦੀਪ ਸਿੰਘ ਸਿੱਧੂ, ਜਸਪ੍ਰੀਤ, ਕੰਵਲ ਭੱਲਾ, ਮੀਨਾ ਮਹਿਰੋਕ, ਬਲਜੀਤ ਸੈਣੀ, ਨਿਰਮਲ ਜਸਵਾਲ, ਡਾ.ਸ਼ਿਆਮ ਸੁੰਦਰ ਦਪਿਤੀ, ਸਤੀਸ਼ ਗੁਲਾਟੀ,ਇੰਜੀ.ਡੀ.ਐਮ.ਸਿੰਘ, ਚਰਨਜੀਤ ਸਿੰਘ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਸੁਰਜੀਤ ਸਿੰਘ ਮਾਧੋਪੁਰੀ, ਸਾਧੂ ਸਿੰਘ ਸੰਘਾ, ਰਾਵਿੰਦਰ ਰਵੀ, ਗੁਰਪ੍ਰਤਾਪ ਸਿੰਘ ਘੱਲਕਲਾਂ ਆਦਿ ਨੇ ਭਾਗ ਲਿਆ।