ਬਾਬਾ ਦਰਸ਼ਨ ਸਿੰਘ ਗੁਰਮਤਿ ਦੇ ਰਸੀਏ, ਸਰਬਤ ਦਾ ਭਲਾ, ਮਾਨਵਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਦੇ ਪ੍ਰਤੀਕ ਸਨ। ਬਚਪਨ ਤੋਂ ਹੀ ਉਹ ਸਮਾਜ ਸੇਵਾ ਅਤੇ ਗ਼ਰੀਬ ਦੀ ਬਾਂਹ ਫੜਨ ਦੀ ਪ੍ਰਵਿਰਤੀ ਦੀ ਪਾਲਣਾ ਕਰਦੇ ਰਹਿੰਦੇ ਸਨ। ਪਿੰਡ ਦੇ ਲੋਕਾਂ ਵਿੱਚ ਸਮਾਜਿਕ ਸਦਭਾਵਨਾ ਨੂੰ ਚਿਰ ਸਥਾਈ ਬਣਾਉਣ ਦੇ ਉਪਰਾਲੇ ਕਰਦੇ ਰਹਿਣਾ, ਉਨ੍ਹਾਂ ਦੀ ਨੇਕਨੀਤੀ ਦਾ ਸਬੂਤ ਸੀ। ਸਮਾਜ ਵਿੱਚ ਨਾ ਬਰਾਬਰੀ ਅਤੇ ਜ਼ਾਤਪਾਤ ਦੀ ਵੰਡ ਤੋਂ ਉਹ ਉਚਾਟ ਰਹਿੰਦੇ ਸਨ, ਜਿਸ ਕਰਕੇ ਪੜ੍ਹਾਈ ਵਿੱਚ ਉਨ੍ਹਾਂ ਦਾ ਦਿਲ ਨਾ ਲੱਗਿਆ। ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡਕੇ ਉਹ ਸਮਾਜਿਕ ਤਾਣੇ ਬਾਣੇ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਤਤਪਰ ਹੋ ਗਏ ਸਨ। ਬਚਪਨ ਵਿੱਚ ਅਜਿਹੇ ਵਿਚਾਰ ਆਉਣੇ ਮਾਪਿਆਂ ਨੂੰ ਬੜਾ ਅਚੰਭਾ ਲੱਗਿਆ। ਪਿਤਾ ਨੇ ਉਨ੍ਹਾਂ ਨੂੰ ਸਕੂਲ ਵਿੱਚੋਂ ਹਟਾ ਕੇ ਖੇਤੀਬਾੜੀ ਦੇ ਕਾਰੋਬਾਰ ਵਿੱਚ ਆਪਣੇ ਨਾਲ ਲਗਾ ਲਿਆ। ਧਾਰਮਿਕ ਦੇ ਬਿਰਤੀ ਮਾਲਕ ਹੋਣ ਕਰਕੇ ਗੁਰੂ ਘਰ ਨਾਲ ਜੁੜ ਗਏ। ਅੰ☬੍ਰਮਤ ਪਾਨ ਕਰ ਕੇ ਗੁਰੂ ਵਾਲੇ ਬਣ ਗਏ। ਸਵੇਰੇ ਪਹਿਰ ਦੇ ਤੜਕੇ ਉਠ ਕੇ ਪਾਠ ਕਰਨਾ ਅਤੇ ਗੁਰੂ ਘਰ ਜਾ ਕੇ ਸੇਵਾ ਕਰਨਾ ਹੀ ਮੁੱਖ ਮਕਸਦ ਬਣਾ ਲਿਆ। ਬਾਬਾ ਮੇਜਰ ਸਿੰਘ ਅਤੇ ਬਾਬਾ ਨਿਰਮਲ ਸਿੰਘ ਦੀ ਸੰਗਤ ਹੋਣ ਕਰਕੇ ਸਮਾਜ ਸੇਵਾ ਅਤੇ ਸਰਬਤ ਦੇ ਭਲੇ ਨੂੰ ਪ੍ਰਣਾਏ ਗਏ। ਫਿਰ ਇਨ੍ਹਾਂ ਤਿੰਨਾ ਨੇ ਰਲਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਸਲਾਹ ਨਾਲ ਝਿੜੀ ਵਿੱਚ ਬਾਬਾ ਸਿੱਧ ਅਤੇ ਸਤੀ ਦੀਆਂ ਸਮਾਧਾਂ ਕੋਲ 1978 ਵਿੱਚ ਗੁਰੂ ਘਰ ਬਣਾਉਣ ਦਾ ਫ਼ੈਸਲਾ ਕਰ ਲਿਆ। ਉਹ ਸਿੱਧ ਸਰ ਗੁਰੂ ਘਰ ਦੀ ਉਸਾਰੀ ਦੀ ਨਿਗਰਾਨੀ ਕਰਦੇ ਰਹੇ।
2007 ਵਿੱਚ ਬਾਬਾ ਸਿੱਧ ਸਰ ਚੈਰੀਟੇਬਲ ਟਰੱਸਟ ਬਣਾਇਆ ਗਿਆ। ਜਿਸ ਦੇ ਸਰਪ੍ਰਸਤ ਬਾਬਾ ਮੇਜਰ ਸਿੰਘ ਅਤੇ ਬਾਬਾ ਨਿਰਮਲ ਸਿੰਘ ਨੂੰ ਬਣਾਇਆ ਗਿਆ । ਬਾਬਾ ਦਰਸ਼ਨ ਸਿੰਘ ਨੂੰ ਇਸ ਟਰੱਸਟ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਪੜਾਅ ਵਾਰ ਗੁਰੂ ਘਰ ਦੇ ਦਰਬਾਰ ਹਾਲ, ਲੰਗਰ ਹਾਲ, ਇਕ ਵੱਡਾ ਹਾਲ ਕਮਰਾ ਰਹਾਇਸ਼ ਲਈ ਹੋਰ ਕਮਰਿਆਂ ਦੀ ਉਸਾਰੀ ਕੀਤੀ ਗਈ। ਗੁਰੂ ਘਰ ਲਈ ਗਰਮ ਪਾਣੀ ਕਰਨ ਵਾਲਾ ਸੋਲਰ ਸਿਸਟਮ ਲਗਵਾਇਆ ਗਿਆ। ਇਕ ਵੱਡਾ ਹੋਰ ਹਾਲ ਬਣਵਾਇਆ ਗਿਆ ਜਿਸਦੀ ਫਿਨਿਸ਼ਿੰਗ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਨੇ 2005 ਵਿੱਚ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ 2009 ਵਿੱਚ ਇਕ ਬਾਬਾ ਸਿੱਧ ਸਰ ਚੈਰੀਟੇਬਲ ਹਸਪਤਾਲ ਬਣਵਾਇਆ, ਜਿਸ ਵਿੱਚ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਹਸਪਤਾਲ ਦੀ ਉਸਾਰੀ ਲਈ ਪਰਵਾਸੀਆਂ ਅਤੇ ਪਿੰਡ ਦੇ ਲੋਕਾਂ ਤੋਂ ਆਰਥਿਕ ਸਹਿਯੋਗ ਲਿਆ ਗਿਆ। ਹਸਪਤਾਲ ਵਿੱਚ ਇਕ ਐਮ ਬੀ ਬੀ ਐਸ ਅਤੇ ਇਕ ਦੰਦਾਂ ਦਾ ਡਾਕਟਰ ਮਰੀਜਾਂ ਦੀ ਸੇਵਾ ਕਰ ਰਹੇ ਹਨ। ਬਾਬਾ ਦਰਸ਼ਨ ਸਿੰਘ ਦਾਨੀ ਲੋਕਾਂ ਦੇ ਸਹਿਯੋਗ ਨਾਲ ਮਰੀਜਾਂ ਦੀ ਸੇਵਾ ਕਰ ਰਹੇ ਸਨ। 2007 ਤੋਂ ਲਗਾਤਾਰ 2020 ਤੱਕ ਬਾਬਾ ਸਿੱਧ ਸਰ ਚੈਰੀਟੇਬਲ ਟਰੱਸਟ ਦੇ 13 ਸਾਲ ਮੁੱਖ ਸੇਵਾਦਾਰ ਦੇ ਫਰਜ ਨਿਭਾਉਂਦੇ ਰਹੇ। ਸੰਗਤ ਨੂੰ ਉਨ੍ਹਾਂ ਦੀ ਨੇਕਨੀਤੀ, ਦਿਆਨਤਦਾਰੀ ਅਤੇ ਇਮਾਨਦਾਰੀ ਵਿੱਚ ਅਥਾਹ ਵਿਸ਼ਵਾਸ਼ ਸੀ। ਇਸ ਕਰਕੇ ਉਨ੍ਹਾਂ ਵੱਲੋਂ ਇਹ ਸੇਵਾ ਕਿਸੇ ਹੋਰ ਵਿਅਕਤੀ ਨੂੰ ਦੇਣ ਦੀ ਬੇਨਤੀ ਸੰਗਤ ਨੇ ਕਦੀਂ ਵੀ ਪ੍ਰਵਾਨ ਨਹੀਂ ਕੀਤੀ। ਜਦੋਂ 2020 ਵਿੱਚ ਉਨ੍ਹਾਂ ਨੇ ਸਿਹਤ ਦੀ ਸਮੱਸਿਆ ਕਰਕੇ ਮੁੱਖ ਸੇਵਾਦਾਰ ਦੇ ਫਰਜ ਨਿਭਾਉਣ ਤੋਂ ਅਸਮਰਥਾ ਪ੍ਰਗਟ ਕਰਦਿਆਂ ਅਸਤੀਫਾ ਦਿੱਤਾ ਤਾਂ ਸੰਗਤ ਨੇ ਉਨ੍ਹਾਂ ਦੇ ਕੰਮ ਅਤੇ ਲੋਕ ਭਲਾਈ ਦੀ ਬਚਨਬੱਧਤਾ ਕਰਕੇ ਬਾਬਾ ਦਰਸ਼ਨ ਸਿੰਘ ਨੂੰ ਬਾਬਾ ਸਿੱਧ ਸਰ ਟਰੱਸਟ ਦਾ ਸਰਪ੍ਰਸਤ ਬਣਾ ਕੇ ਰੱਖਿਆ।
ਆਖ਼ਰੀ ਸਮੇਂ ਤੱਕ ਵੀ ਉਹ ਟਰੱਸਟ ਨੂੰ ਪੂਰਨ ਸਹਿਯੋਗ ਦਿੰਦੇ ਰਹੇ। ਉਨ੍ਹਾਂ ਦਾ ਜਨਮ 9 ਮਈ 1945 ਨੂੰ ਮਾਤਾ ਗੁਰਦਿਅਲ ਕੌਰ ਅਤੇ ਪਿਤਾ ਅਰਜਨ ਸਿੰਘ ਦੇ ਘਰ ਹੋਇਆ। 5 ਮਾਰਚ 2022 ਨੂੰ ਉਨ੍ਹਾਂ ਨੂੰ ਅਧਰੰਗ ਦਾ ਅਟੈਕ ਹੋਣ ਤੋਂ ਬਾਅਦ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਖੀਰ 7 ਮਾਰਚ 2022 ਨੂੰ ਉਹ ਵਾਹਿਗੁਰੂ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਪੂਰੀ ਹੋਣ ਤੋਂ ਬਾਅਦ ਸਵਰਗ ਸਿਧਾਰ ਗਏ। ਉਨ੍ਹਾਂ ਦੀ ਯਾਦ ਵਿੱਚ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਬਾਬਾ ਸਿੱਧ ਸਰ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਵਿਖੇ ਦੁਪਹਿਰ 1-00 ਵਜੇ ਤੋਂ 2-00 ਵਜੇ ਤੱਕ ਹੋਵੇਗੀ।