ਨਨਕਾਣਾ ਸਾਹਿਬ- ਨਨਕਾਣਾ ਸਾਹਿਬ ਵਿੱਚ ਮੂਲ ਨਾਨਕਸ਼ਾਹੀ ਕੈਲੰਡਰਸੰਮਤ ੫੫੪ਵਾਂ ਸਾਲ ੨੦੨੨-੨੩ ਦਾ ਕੈਲੰਡਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕਰ ਦਿੱਤਾ ਗਿਆ। ਗੁੁਰਦੁਆਰਾ ਜਨਮ ਅਸਥਾਨ ਦੇ ਗ੍ਰੰਥੀ ਭਾਈ ਪ੍ਰੇਮ ਸਿੰਘ, ਗਿਆਨੀ ਜਨਮ ਸਿੰਘ, ਸ. ਤਰਨ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ) ਅਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ ੫੫੪ ਦੀ ਆਮਦ ਦੀ ਖ਼ੁਸ਼ੀ ਵਿੱਚ ਗੁਰੁ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।
ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਪ੍ਰਸਿੱਧ ਕਥਾਵਾਚਕ ਗਿਆਨੀ ਤਰਬੇਦੀ ਸਿੰਘ ਯੂ,ਕੇ ਵਾਲਿਆਂ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਆਈਆਂ ਹੋਈਆਂ ਸੰਗਤਾਂ ਨੇ ਵੀ ਕਥਾ-ਕੀਰਤਨ ਰਾਹੀਂ ਹਾਜ਼ਰੀ ਭਰੀ। ਭਾਈ ਤਰਬੇਦੀ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ। ਨਨਕਾਣਾ ਸਾਹਿਬ ਦੀਆਂ ਸਿੱਖ ਬੀਬੀਆਂ ਅਤੇ ਯੂ.ਕੇ ਤੋਂ ਆਈਆਂ ਬੀਬੀਆਂ ਦੇ ਜੱਥਿਆਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਯੂ.ਕੇ ਤੋਂ ਆਈਆਂ ਸੰਗਤਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਡਾ.ਆਮਿਰ ਅਹਿਮਦ, ਪਾਕਿਸਤਾਨ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਰਾਣਾ ਸ਼ਾਹਿਦ ਸਲੀਮ ਐਡੀਸ਼ਨਲ ਸੈਕਟਰੀ ਅਤੇ ਇਮਰਾਨ ਗੋਂਦਲ ਡਿਪਟੀ ਸੈਕਟਰੀ ਦਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੀ ਪੁਰਾਤਨ ਦਿੱਖ ਨੂੰ ਛੇੜੇ ਬਿਨਾਂ ਬਹੁਤ ਖ਼ੂਬਸੂਰਤ ਬਨਾਉਣ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਪਾਕਿਸਤਾਨ ਦੀ ਧਰਤੀ ਵੱਲੋਂ ਹਮੇਸ਼ਾਂ ੨੪ ਘੰਟੇ ਦਰਵਾਜੇ ਖੁੱਲ੍ਹੇ ਰੱਖਣ ਲਈ ਬਹੁਤ ਧੰਨਵਾਦ ਕੀਤਾ।
ਗਿਆਨੀ ਜਨਮ ਸਿੰਘ ਨੇ ਨਵੇਂ ਸਿੱਖ ਮੂਲ ਨਾਨਕਸ਼ਾਹੀ ਵਰ੍ਹੇ ਦੀ ਵਧਾਈ ਦਿੱਤੀ ਅਤੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਾਨੂੰ ਭਾਈ ਗੁਰਦਾਸ ਜੀ ਦੇ ਬਚਨ ਯਾਦ ਹੋਣੇ ਚਾਹੀਦੇ ਹਨ।
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। (ਭਾ.ਗੁ) ਇਸ ਨਿਰਮਲ ਪੰਥ ਨੂੰ ਬਿੱਪਰਵਾਦ ਵੱਲੋਂ ਢਾਹ ਲਾਉਣ ਲਈ ਉਹ ਮਹਾਨ ਕੂਟਨੀਤਕ ਆਚਾਰੀਆ ਚਾਣੱਕਯ ਦੇ ੪ ਅਸਤਰ-ਸਾਮ, ਦਾਮ, ਦੰਡ ਤੇ ‘ਭੇਦ’ ਵਰਤ ਕੇ ਗੁਰਮਤਿ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਹੇ ਹਨ। ਜਦੋਂ ਪੰਥ ਦੇ ਕੁਝ ਸੁਚੇਤ ਸਿੱਖਾਂ ਨੇ ਸਖਤ ਮਿਹਨਤ ਅਤੇ ਲਗਨ ਨਾਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ, ਫੇਰ ਨਾਨਕਸ਼ਾਹੀ ਕੈਲੰਡਰ (ਮੂਲ) ਜਿਸ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ, ਪੰਥਕ ਵਿਦਵਾਨਾਂ ਦੀ ਸਹਿਮਤੀ ਅਤੇ ਕੌਮ ਦੀ ਪ੍ਰਵਾਨਗੀ ਲੈ ਕੇ ੨੦੦੩ ਵਿੱਚ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਧਸੰਗਤ ਜੀ ਉਸ ਸਮੇਂ ਕਿਸੀ ਵੀ ਪੰਥਕ ਮੀਟਿੰਗ ’ਚ ਪਾਕਿਸਤਾਨ ਸਿੱਖ ਗੁ: ਪ੍ਰਬੰਧਕ ਕਮੇਟੀ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਅਤੇ ਨਾ ਹੀ ਕੋਈ ਸਲਾਹ-ਮਸ਼ਵਰਾ ਦੇਣ ਲਈ ਕਿਹਾ ਗਿਆ। ਇੰਨ੍ਹਾਂ ਵਿਤਕਰੇ ਭਰੇ ਵਤੀਰੇ ਦੇ ਬਾਵਜੂਦ ਪਾਕਿਸਤਾਨ ਸਿੱਖ ਗੁ: ਪ੍ਰਬੰਧਕ ਕਮੇਟੀ ਨੇ ਇਸ ਤੇ ਪਹਿਰਾ ਦਿੱਤਾ ਅਤੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੰਥਕ ਹਿੱਤਾ ਨੂੰ ਸਾਹਮਣੇ ਰੱਖ ਕੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਤੇ ਅੱਗੇ ਤੋਂ ਵੀ ਪਾਕਿਸਤਾਨ ਦੀ ਸਿੱਖ ਸੰਗਤ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣਗੇ ਅਤੇ ਇਸ ਦੇ ਮੁਤਾਬਕ ਹੀ ਦਿਨ ਤਿਉਹਾਰ ਮਨਾਉਣਗੇ ਕਿਉਂਕਿ ਇਹ ਕੈਲੰਡਰ ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਕਿਉਂਕਿ ਹਰੇਕ ਜਿਉਂਦੀ-ਜਾਗਦੀ ਕੌਮ ਦਾ ਆਪਣਾ ਧਰਮ, ਗ੍ਰੰਥ, ਰਾਜ, ਵਿਧਾਨ, ਨਿਸ਼ਾਨ ਅਤੇ ਕੈਲੰਡਰ ਹੁੰਦਾ ਹੈ।
ਸਿੱਖ ਕੌਮ ਵੀ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਸਿੱਖ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਲੀਡਰਸ਼ਿਪ ਵਿੱਚ ੮ ਸਾਲ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਮਾਂਡ ਹੇਠ ੫੦ ਸਾਲ ਰਾਜ ਕਰ ਚੁੱਕੇ ਹਨ। ਇਹ ਗੱਲ ਮੈਂ ਨਹੀਂ ਕਹਿ ਰਿਹਾ ਬਲਕਿ ਪ੍ਰਸਿੱਧ ਕਵੀ ਤੇ ਇਤਿਹਾਸਕਾਰ ਸ਼ਾਹ ਮੁਹੰਮਦ ਵੀ ਲਿਖ ਗਿਆ ਹੈ-
ਸ਼ਾਹ ਮੁਹੰਮਦਾ ਪੂਰੇ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਇਆ।
ਉਨ੍ਹਾਂ ਕਿਹਾ ਅੱਜ ਦੇ ਸਰਕਾਰੀ ਪਿੱਠੂ ਸੰਪ੍ਰਦਾਈ ਲੋਕ, ਅਖੌਤੀ ਰਾਜਸੀ ਅਤੇ ਡੇਰੇਦਾਰ ਸਾਧ ਇਸ ਮੂਲ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰ ਰਹੇ ਹਨ। ਇੰਨ੍ਹਾਂ ਦੇ ਪਿੱਛੇ ਸੰਘ ਪ੍ਰਵਾਰ, ਆਰ.ਐਸ.ਐਸ. (ਰਾਸ਼ਟਰੀ ਸਿੱਖ ਸੰਗਤ) ਅਤੇ ਸਿੱਖ ਪੰਥ ਵਿੱਚ ਘੁਸਪੈਠ ਕਰ ਚੁੱਕੇ ਰਾਜਸੀ ਲੀਡਰ, ਅਖੌਤੀ ਪ੍ਰਚਾਰਕ, ਲਿਖਾਰੀ ਅਤੇ ਉੱਚੇ-ਉੱਚੇ ਅਹੁਦਿਆਂ ਤੇ ਬੈਠੇ ਉਹ ਲੋਕ ਹਨ ਜੋ ਅੰਦਰ ਖਾਤੇ ਸਿੱਖੀ ਦਾ ਘਾਣ ਆਪਣੀਆਂ ਕਲਮਾਂ ਅਤੇ ਪ੍ਰਚਾਰ ਰਾਹੀਂ ਕਰ ਰਹੇ ਹਨ। ਕਿਸੇ ਤਖ਼ਤ ਦਾ ਜੱਥੇਦਾਰ ਸਿੰਘ ਸਾਹਿਬ ਸਾਨੂੰ ਲਵ-ਕੁਛ ਦੀ ਔਲਾਦ ਦੱਸਦਾ ਹੈ ਤੇ ਕਈ ਅੱਡੀ-ਚੋਟੀ ਦਾ ਜੋਰ ਲਾ ਰਹੇ ਨੇ ਸਾਡੇ ਬੱਚਿਆਂ ਦੀਆਂ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਮਿਲਾਵਟਾਂ ਕਰਨ ਲਈ। ਸਿੱਖ ਕੌਮ ਨੇ ਆਪਣੇ ਰਾਜ ਵੇਲੇ ਨਾਨਕਸ਼ਾਹੀ ਸਿੱਕੇ ਚਲਾਏ ? ਕੀ ਹੁਣ ਸਾਨੂੰ ਤਕੜੇ ਹੋ ਕੇ ਇਸ ਤੇ ਪਹਿਰਾ ਨਹੀਂ ਦੇਣਾ ਚਾਹੀਦਾ ? ਉਹ ਤਾਂ ਸਾਨੂੰ ਕੇਸਧਾਰੀ ਹਿੰਦੂ ਕਹਿ ਕੇ ਹੀ ਪ੍ਰਚਾਰਣਾ ਚਾਹੁੰਦੇ ਹਨ ਪਰ ਅਸੀਂ ਦੁਨੀਆਂ ਨੂੰ ਦੱਸਣਾ ਹੈ ਕਿ ਗੁਰੁ ਗ੍ਰੰਥ ਸਾਹਿਬ, ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਯਾਦਾ ਮੁਕੰਮਲ ਤੌਰ ਤੇ ਸਿੱਖਾਂ ਦੀ ਵਿਲੱਖਣ ਹੋਂਦ ਦੇ ਪ੍ਰਤੀਕ ਹਨ।
ਸਟੇਜ ਸੈਕਟਰੀ ਅਤੇ ਅਰਦਾਸ ਦੀ ਸੇਵਾ ਗ੍ਰੰਥੀ ਪ੍ਰੇਮ ਸਿੰਘ ਜੀ ਨੇ ਨਿਭਾਈ। ਖਾਲਸਾ ਜੀ ਕੇ ਬੋਲ-ਬਾਲੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਹਰ ਮੈਦਾਨ ਫ਼ਤਹਿਯਾਬੀ ਲਈ ਅਰਦਾਸ ਤੋਂ ਉਪਰੰਤ ਆਪ ਜੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਘਰ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਜ਼ਰੂਰ ਲਗਾਏ ਤਾਂ ਜੋ ਸਾਡੇ ਬੱਚੇ ਇਤਿਹਾਸਕ ਦਿਹਾੜਿਆਂ ਤੋਂ ਜਾਣੂ ਹੋ ਸਕਣ। ਉਨ੍ਹਾਂ ਨੇ ਪਾਕਿਸਤਾਨ ਸਿੱਖ ਗੁ: ਪ੍ਰਬੰਧਕ ਕਮੇਟੀ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ/ ਕੀਰਤਨੀ ਸਿੰਘਾਂ ਵੱਲੋਂ ਸਿੱਖ ਮੂਲ ਨਾਨਕਸ਼ਾਹੀ ਵਰ੍ਹੇ ੫੫੪ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀ।
ਇਸ ਮੌਕੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਕੇਅਰਟੇਕਰ ਅਤੀਕ ਗਿਲਾਨੀ, ਸ੍ਰ. ਤਰਨ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ), ਗ੍ਰੰਥੀ ਭਾਈ ਹੀਰਾ ਸਿੰਘ ਗੁਰਦੁਆਰਾ ਤੰਬੂ ਸਾਹਿਬ, ਸ੍ਰ. ਮਸਤਾਨ ਸਿੰਘ, ਬਾਬਾ ਰਵੇਲ ਸਿੰਘ (ਨਿਸ਼ਕਾਮ ਸੇਵਾਦਾਰ) ਗੁਰਦੁਆਰਾ ਮਾਲ ਜੀ ਸਾਹਿਬ, ਮੈਨੇਜਰ ਕਪਿਲਰਾਜ ਸਿੰਘ (ਪੰਜਾਬੀ ਸਿੱਖ ਸੰਗਤ), ਸ੍ਰ. ਸਰੂਪ ਸਿੰਘ ਮੁੱਖ ਸੇਵਾਦਾਰ ਜਲਘਰ, ਭਾਈ ਗਿਆਨ ਸਿੰਘ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਨਿਰਵੈਰ ਖਾਲਸਾ ਗੱਤਕਾ ਦਲ ਦੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ ਦੇ ਜੈਕਾਰਿਆਂ ਦੀ ਗੂੰਜ ’ਚ ‘ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’…… ‘ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਨਾਲ ਨਵੇਂ ਸਾਲ ਨਾਨਕਸ਼ਾਹੀ ਸੰਮਤ ੫੫੪ ਦੀ ਆਮਦ ਦੀ ਖ਼ੁਸ਼ੀ ਮਨਾਈ ਗਈ ਅਤੇ ਸਮੁੱਚੀ ਸਿੱਖ ਕੌਮ ਨੂੰ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਡਾ.ਆਮਿਰ ਅਹਿਮਦ ਸਾਹਿਬ, ਰਾਣਾ ਸ਼ਾਹਿਦ ਸਲੀਮ ਸਾਹਿਬ ਐਡੀਸ਼ਨਲ ਸੈਕਟਰੀ, ਇਮਰਾਨ ਗੋਂਦਲ ਡਿਪਟੀ ਸੈਕਟਰੀ ਅਤੇ ਪਾਕਿਸਤਾਨ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਵੱਲੋਂ ਲੱਖ-ਲੱਖ ਵਧਾਈ ਦਿੱਤੀ ਗਈ।