ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਆਲ ਇੰਡੀਆ ਅੰਤਰ ਜ਼ੋਨਲ ਬੈਡਮਿੰਟਨ ਅਤੇ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗ਼ਾਜ਼ ਹੋਇਆ। ਪੰਜ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ’ਚ ਬੈਡਮਿੰਟਨ ਅਤੇ ਟੇਬਲ ਟੈਨਿਸ ਮੁਕਾਬਲਿਆਂ ਲਈ ਉੱਤਰ, ਦੱਖਣ, ਪੂਰਬ, ਪੱਛਮ ਜ਼ੋਨਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਕ੍ਰਮਵਾਰ 32-32 ਕੁੱਲ 64 ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ। ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 32 ਟੀਮਾਂ ਦੇ 70 ਤੋਂ ਵੱਧ ਮਹਿਲਾ ਖਿਡਾਰੀ ਅਤੇ 110 ਪੁਰਸ਼ ਖਿਡਾਰੀ ਹਿੱਸਾ ਲੈ ਰਹੇ ਹਨ, ਜਦਕਿ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 65 ਮਹਿਲਾ ਖਿਡਾਰੀਆਂ ਸਮੇਤ 150 ਤੋਂ ਵੱਧ ਪ੍ਰਤੀਭਾਗੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਚੈਂਪੀਅਨਸ਼ਿਪ ਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ ਕੰਪੀਟੀਸ਼ਨ ਡਾਇਰੈਕਟਰ ਸ਼੍ਰੀ ਸੁਰਿੰਦਰ ਮਹਾਜਨ, ਕੰਪੀਟੀਸ਼ਨ ਡਾਇਰੈਕਟਰ ਅਤੇ ਸਾਬਕਾ ਮੁੱਖ ਕੋਚ ਟੇਬਲ ਟੈਨਿਸ ਐਸ.ਏ.ਆਈ ਐਨ.ਐਸ ਐਨ.ਆਈ.ਐਸ ਪਟਿਆਲਾ ਸ਼੍ਰੀ ਵੀ.ਕੇ ਗੁਲਾਟੀ, ਡਿਪਟੀ ਰੈਫ਼ਰੀ ਅਤੇ ਮੁੱਖ ਕੋਚ ਟੇਬਲ ਟੈਨਿਸ ਐਸ.ਏ.ਆਈ ਐਨ.ਐਸ ਐਨ.ਆਈ.ਐਸ ਪਟਿਆਲਾ ਤੋਂ ਯਤੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਚੈਂਪੀਅਨਸ਼ਿਪ ਰੈਫਰੀ ਰਵਿੰਦਰ ਕੁਮਾਰ, ਹਰਜਿੰਦਰ ਸਿੰਘ ਸਮੇਤ 20 ਨੈਸ਼ਨਲ ਅੰਪਾਇਰਾਂ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ।
ਚੈਂਪੀਅਨਸ਼ਿਪ ਦੀ ਸ਼ੁਰੂਆਤ ਮਹਿਲਾ ਅਤੇ ਪੁਰਸ਼ ਵਰਗ ਦੇ ਬੈਡਮਿੰਟਨ ਲੀਗ ਮੈਚਾਂ ਦੇ ਜ਼ਬਰਦਸਤ ਮੁਕਾਬਲਿਆਂ ਨਾਲ ਹੋਈ। ਇਸ ਦੌਰਾਨ ਪੁਰਸ਼ ਵਰਗ ਦੇ 6 ਮੈਚ ਕਰਵਾਏ ਗਏ, ਜਿਸ ਵਿਚ ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ, ਐਮ.ਪੀ. ਯੂਐਸ ਦੀ ਟੀਮ ਨੇ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਯੂਪੀ ਨੂੰ 4-1 ਦੇ ਸਕੋਰ ਨਾਲ ਹਰਾਇਆ, ਜਦਕਿ ਐਮ.ਡੀ.ਯੂ ਰੋਹਤਕ ਨੇ ਕਾਲੀਕਟ ਯੂਨੀਵਰਸਿਟੀ ਨੂੰ 4-1 ਦੇ ਸਕੋਰ ਨਾਲ ਹਰਾਇਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅਸਾਮ ਦੀ ਡਿਬਰੂਗੜ੍ਹ ਯੂਨੀਵਰਸਿਟੀ ਨੂੰ 3-2 ਦੇ ਸਕੋਰ ਨਾਲ, ਜੈਨ ਯੂਨੀਵਰਸਿਟੀ ਬੰਗਲੌਰ ਨੇ ਰਾਜਸਥਾਨ ਯੂਨੀਵਰਸਿਟੀ ਨੂੰ 5-0 ਦੇ ਸਕੋਰ ਨਾਲ ਹਰਾਇਆ। ਇਸ ਤੋਂ ਇਲਾਵਾ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ, ਪੁਣੇ ਦੀ ਟੀਮ ਨੇ ਐਲ.ਐਨ ਮਿਥਿਲਾ ਯੂਨੀਵਰਸਿਟੀ ਬਿਹਾਰ ਦੀ ਟੀਮ ਨੂੰ 5-0 ਦੇ ਸਕੋਰ ਨਾਲ ਹਰਾ ਕੇ ਮੈਚ ਜਿੱਤ ਲਿਆ।
ਮਹਿਲਾ ਵਰਗ ਵਿੱਚ ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ ਨੇ ਪੰਡਿਤ ਰਵੀ ਸ਼ੰਕਰ ਸ਼ੁਕਲਾ ਯੂਨੀਵਰਸਿਟੀ, ਰਾਏਪੁਰ ਨੂੰ 3-0 ਦੇ ਸਕੋਰ ਨਾਲ, ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਨੇ ਪੰਜਾਬ ਯੂਨੀਵਰਸਿਟੀ ਨੂੰ 2-1 ਦੇ ਸਕੋਰ ਨਾਲ ਹਰਾਇਆ, ਜਦਕਿ ਐਮਜੇਪੀ ਰੋਹਿਲਖੰਡ ਯੂਨੀਵਰਸਿਟੀ ਉੱਤਰ ਪ੍ਰਦੇਸ਼ ਨੇ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਨੂੰ 2-1 ਦੇ ਸਕੋਰ ਨਾਲ ਹਰਾਇਆ। ਇਸ ਤੋਂ ਇਲਾਵਾ ਜੈਨ ਯੂਨੀਵਰਸਿਟੀ ਬੰਗਲੌਰ ਨੇ ਸਾਵਿਤਰੀਬਾਈ ਫੂਲੇ ਯੂਨੀਵਰਸਿਟੀ, ਪੁਣੇ ਦੀ ਟੀਮ ਨੂੰ 2-1 ਦੇ ਸਕੋਰ ਨਾਲ ਹਰਾ ਕੇ ਜਿੱਤ ਦਰਜ ਕੀਤੀ, ਜਦਕਿ ਐਸ.ਆਰ.ਐਮ ਯੂਨੀਵਰਸਿਟੀ ਚੇਨਈ ਦੀ ਟੀਮ ਨੇ ਐਲ.ਪੀ.ਯੂ ਪੰਜਾਬ ਦੀ ਟੀਮ ਨੂੰ 3-0 ਦੇ ਸਕੋਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ, ਜਦਕਿ ਅਟਲ ਬਿਹਾਰੀ ਵਾਜਪਾਈ ਯੂਨੀਵਰਸਿਟੀ ਬਿਲਾਸਪੁਰ ਦੀ ਟੀਮ ਬਰਕਤੁੱਲਾ ਯੂਨੀਵਰਸਿਟੀ ਭੋਪਾਲ ਦੀ ਟੀਮ ਨੂੰ 3-0 ਦੇ ਸਕੋਰ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਮਹਿਲਾ ਟੀਮ ਈਵੈਂਟ ਤਹਿਤ ਹੋਏ ਮੁਕਾਬਲਿਆਂ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅੰਨਾ ਯੂਨੀਵਰਸਿਟੀ ਚੇਨਈ ਨੂੰ 3-0 ਨਾਲ, ਨਾਰਥ ਬੰਗਾਲ ਯੂਨੀਵਰਸਿਟੀ ਨੇ ਐਮਕੇਬੀ ਯੂਨੀਵਰਸਿਟੀ ਗੁਜਰਾਤ ਨੂੰ 3-0 ਨਾਲ ਅਤੇ ਮਦਰਾਸ ਯੂਨੀਵਰਸਿਟੀ ਨੇ ਰਾਜਸਥਾਨ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਇਸ ਤੋਂ ਇਲਾਵਾ ਐਡਮਸ ਯੂਨੀਵਰਸਿਟੀ ਕੋਲਕਾਤਾ ਨੇ ਇਲਾਹਾਬਾਦ ਯੂਨੀਵਰਸਿਟੀ ਨੂੰ 3-0 ਦੇ ਸਕੋਰ ਨਾਲ ਹਰਾਇਆ, ਜਦੋਂ ਕਿ ਐਲਐਮਐਨ ਯੂਨੀਵਰਸਿਟੀ ਦਰਭੰਗਾ ਨੇ ਮੁੰਬਈ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਜੈਨ ਡੀਮਡ ਯੂਨੀਵਰਸਿਟੀ ਬੰਗਲੌਰ ਨੇ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਨੂੰ 3-2 ਨਾਲ, ਐਲਪੀ ਯੂਨੀਵਰਸਿਟੀ ਫਗਵਾੜਾ ਨੇ ਜਾਦਵਪੁਰ ਯੂਨੀਵਰਸਿਟੀ ਕੋਲਕਾਤਾ ਨੂੰ 3-0 ਨਾਲ ਅਤੇ ਐਸ.ਆਰ.ਐਮ ਯੂਨੀਵਰਸਿਟੀ ਚੇਨਈ ਨੇ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ ਨੂੰ 3-1 ਨਾਲ ਹਰਾ ਕੇ ਮੈਚ ਜਿੱਤਿਆ।
ਇਸ ਤੋਂ ਇਲਾਵਾ ਪੁਰਸ਼ ਵਰਗਾਂ ਦੇ ਟੀਮ ਈਵੈਂਟ ਤਹਿਤ ਹੋਏ ਮੁਕਾਬਲਿਆਂ ’ਚ ਚਿਤਕਾਰਾ ਯੂਨੀਵਰਸਿਟੀ ਪੰਜਾਬ ਨੇ ਵੇਲਜ਼ ਯੂਨੀਵਰਸਿਟੀ ਚੇਨੱਈ ਨੂੰ 3-0 ਦੇ ਸਕੋਰ ਨਾਲ, ਐਮਕੇਬੀ ਯੂਨੀਵਰਸਿਟੀ ਗੁਜਰਾਤ ਨੇ ਉੱਤਰੀ ਬੰਗਾਲ ਯੂਨੀਵਰਸਿਟੀ ਨੂੰ 3-0 ਅਤੇ ਐਸਆਰਐਮ ਚੇਨਈ ਨੇ ਐਲਐਨਆਈਪੀ ਗਵਾਲੀਅਰ ਨੂੰ 3-0 ਦੇ ਸਕੋਰ ਨਾਲ ਹਰਾਇਆ। ਜਦਕਿ ਐਡਮਜ਼ ਯੂਨੀਵਰਸਿਟੀ ਕੋਲਕਾਤਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 3-2 ਨਾਲ, ਮੁੰਬਈ ਯੂਨੀਵਰਸਿਟੀ ਨੇ ਐਲਐੱਮਐੱਨ ਯੂਨੀਵਰਸਿਟੀ ਦਰਭੰਗਾ ਨੂੰ 3-0 ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਨੂੰ 3-2 ਨਾਲ ਹਰਾਇਆ। ਮਿਜ਼ੋਰਮ ਯੂਨੀਵਰਸਿਟੀ ਨੇ ਜਾਮੀਆ ਮਿਲੀਆ ਇਸਲਾਮਿਸਟ ਯੂਨੀਵਰਸਿਟੀ ਦਿੱਲੀ ਨੂੰ 3-0 ਦੇ ਸਕੋਰ ਨਾਲ ਹਰਾਇਆ, ਜਦਕਿ ਮਿਜ਼ੋਰਮ ਯੂਨੀਵਰਸਿਟੀ ਨੇ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ ਨੂੰ 3-0 ਨਾਲ ਹਰਾਇਆ।
ਇਸ ਤੋਂ ਇਲਾਵਾ ਦੂਜੇ ਮਹਿਲਾ ਟੀਮ ਈਵੈਂਟ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨਾਰਥ ਬੰਗਾਲ ਯੂਨੀਵਰਸਿਟੀ ਨੂੰ 3-1 ਨਾਲ, ਐਮਕੇਬੀ ਯੂਨੀਵਰਸਿਟੀ ਗੁਜਰਾਤ ਨੇ ਅੰਨਾ ਯੂਨੀਵਰਸਿਟੀ ਚੇਨਈ ਨੂੰ 3-2 ਨਾਲ ਅਤੇ ਮਦਰਾਸ ਯੂਨੀਵਰਸਿਟੀ ਨੇ ਇਲਾਹਾਬਾਦ ਯੂਨੀਵਰਸਿਟੀ ਇਲਾਹਾਬਾਦ ਨੂੰ 3-0 ਨਾਲ ਹਰਾਇਆ। ਇਸ ਤੋਂ ਇਲਾਵਾ ਐਡਮਸ ਯੂਨੀਵਰਸਿਟੀ ਕੋਲਕਾਤਾ ਨੇ ਰਾਜਸਥਾਨ ਯੂਨੀਵਰਸਿਟੀ ਜੈਪੁਰ ਨੂੰ 3-0 ਨਾਲ ਹਰਾਇਆ ਜਦਕਿ ਜੈਨ ਡੀਮਡ ਯੂਨੀਵਰਸਿਟੀ ਬੰਗਲੌਰ ਨੇ ਮੁੰਬਈ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਐਸਆਰਐਮ ਯੂਨੀਵਰਸਿਟੀ ਚੇਨਈ ਨੇ ਐਲਪੀਯੂ ਫਗਵਾੜਾ ਨੂੰ 3-0 ਨਾਲ, ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ ਨੇ ਜਾਦਵਪੁਰ ਯੂਨੀਵਰਸਿਟੀ ਕੋਲਕਾਤਾ ਨੂੰ 3-0 ਨਾਲ ਹਰਾਇਆ ਜਦਕਿ ਮਹਿਲਾ ਟੀਮ ਮੁਕਾਬਲੇ ਵਿੱਚ ਐਲਐਨਐਮ ਯੂਨੀਵਰਸਿਟੀ ਦਰਭੰਗਾ ਨੇ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਨੂੰ 3-2 ਨਾਲ ਹਰਾ ਕੇ ਮੈਚ ਜਿੱਤਿਆ।