ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਵਿਚ ਹੋਈ ਬਾਦਲਾਂ ਦੀ ਕਰਾਰੀ ਹਾਰ ਨੂੰ ਦੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਆਪਣੀ ਵੱਖਰੀ ਧਾਰਮਿਕ ਪਾਰਟੀ ਬਣਾਉਣਗੇ ਅਤੇ ਸਿਰਫ ਧਾਰਮਿਕ ਖੇਤਰ ਵਾਸਤੇ ਕੰਮ ਕਰਨਗੇ। ਇਹ ਪ੍ਰਗਟਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਲੇ ਕੀਤਾ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕੱਲ ਚੁਣੇ ਹੋਏ ਪ੍ਰਤੀਨਿਧਾਂ ਦੀ ਮੀਟਿੰਗ ਹੋਈ ਸੀ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਰੇ ਚੁਣੇ ਹੋਏ ਮੈਂਬਰ ਸਿਰਫ ਧਾਰਮਿਕ ਖੇਤਰ ਵਾਸਤੇ ਹੀ ਕੰਮ ਕਰਨਗੇ। ਸਰਦਾਰ ਕਾਲਕਾ ਨੇ ਕਿਹਾ ਕਿ ਜਿੰਨਾ ਚਿਰ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ, ਉਹਨਾਂ ਦੇ ਪਰਿਵਾਰ ਵਿਚੋਂ ਕੋਈ ਵੀ ਸਿਆਸੀ ਚੋਣਾਂ ਨਹੀਂ ਲੜੇਗਾ। ਉਹਨਾਂ ਕਿਹਾ ਕਿ ਜੇਕਰ ਦਿੱਲੀ ਗੁਰਦੁਆਰਾ ਕਮੇਟੀ ਦੇ ਕਿਸੇ ਚੁਣੇ ਹੋਏ ਮੈਂਬਰ ਦੇ ਪਰਿਵਾਰ ਨੇ ਚੋਣਾਂ ਲੜਨੀਆਂ ਹਨ ਤਾਂ ਉਹ ਸਿਰਫ ਵਿਅਕਤੀਗਤ ਤੌਰ ’ਤੇ ਇਹ ਚੋਣਾਂ ਲੜ ਸਕਦਾ ਹੈ ਤੇ ਸਾਡੀ ਧਾਰਮਿਕ ਪਾਰਟੀ ਦੇ ਨਾਂ ’ਤੇ ਚੋਣਾਂ ਨਹੀਂ ਲੜ ਸਕੇਗਾ।
ਉਹਨਾਂ ਕਿਹਾ ਕਿ ਨਵੀਂ ਧਾਰਮਿਕ ਪਾਰਟੀ ਦਾ ਨਾਂ ਸਿੰਘ ਸਭਾਵਾਂ ਤੇ ਹੋਰ ਪੰਥਕ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਤੈਅ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿਉਕਿ ਸੰਗਤ ਨੇ ਸਾਨੂੰ ਆਪਣੇ ਧਾਰਮਿਕ ਪ੍ਰਤੀਨਿਧਾਂ ਵਜੋਂ ਚੁਣਿਆ ਹੈ, ਇਸ ਲਈ ਅਸੀਂ ਸਿਰਫ ਧਾਰਮਿਕ ਖੇਤਰ ਵਾਸਤੇ ਕੰਮ ਕਰਾਂਗੇ ਤੇ ਸਿਰਫ ਧਾਰਮਿਕ ਮੁੱਦੇ ਚੁੱਕਾਂਗੇ।
ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹਨਾਂ ਦੀ ਧਾਰਮਿਕ ਪਾਰਟੀ ਦਾ ਮਨਜੀਤ ਸਿੰਘ ਜੀ ਕੇ ਅਤੇ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਕਿਉਕਿ ਉਹਨਾਂ ਦੇ ਆਪਣੇ ਸਿਆਸੀ ਏਜੰਡੇ ਹਨ। ਉਹਨਾਂ ਕਿਹਾ ਕਿ ਜਿਥੇ ਜੀ ਕੇ ਗੁਰੂ ਦੀ ਗੋਲਕ ਦੇ ਚੋਰ ਹਨ, ਉਥੇ ਹੀ ਸਰਨਾ ਭਰਾ ਪੰਥ ਵਿਰੋਧੀ ਤੇ ਅਕਾਲ ਤਖਤ ਵਿਰੋਧੀ ਹਨ, ਇਸ ਲਈ ਉਹਨਾਂ ਨਾਲ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਹੋ ਸਕਦਾ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਹੋਰ ਪਾਰਟੀਆਂ ਦੇ ਮੈਂਬਰਾਂ ਨੁੰ ਵੀ ਅਪੀਲ ਕੀਤੀ ਕਿ ਉਹ ਸੰਗਤ ਦੀ ਸੇਵਾ ਵਾਸਤੇ ਉਹਨਾਂ ਦਾ ਸਾਥ ਦੇਣ ਕਿਉਕਿ ਸੰਗਤ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਜਥੇਬੰਦੀ ਦਾ ਨਾਂ ਬਾਅਦ ਵਿਚ ਤੈਅ ਕੀਤਾ ਜਾਵੇਗਾ ਪਰ ਇਸਦਾ ਨਾਂ ਸ਼ੋ੍ਰਮਣੀ ਅਕਾਲੀ ਦਲ ਜ਼ਰੂਰ ਹੋਵੇਗਾ ਤੇ ਇਹ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਹੋਰਨਾਂ ਵੱਲੋਂ ਅਸਲ ਅਕਾਲੀ ਦਲ ਲਈ ਤੈਅ ਕੀਤੇ ਸਿਧਾਂਤਾਂ ’ਤੇ ਚੱਲੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੰਮ ਕਰੇਗਾ ਤੇ ਸਿੱਖ ਰਵਾਇਤਾਂ ਤੇ ਸਿਧਾਂਤਾਂ ਮੁਤਾਬਕ ਕੰਮ ਕਰੇਗਾ।
ਇਸ ਦੌਰਾਨ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ।ਹਰਵਿੰਦਰ ਸਿੰਘ ਕੇ.ਪੀ., ਭੁਪਿੰਦਰ ਸਿੰਘ ਆਨੰਦ, ਗੁਰਦੇਵ ਸਿੰਘ ਭੋਲਾ ਅਤੇ ਰਵਿੰਦਰ ਸਿੰਘ ਖੁਰਾਣਾ ਇਹ ਪੰਜ ਮੈਂਬਰੀ ਕਮੇਟੀ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਕੰਮਕਾਜ ਦੇਖੇਗੀ।