ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਰੂਸ ਦੁਆਰਾ ਯੂਕਰੇਨ ਉੱਪਰ ਹਮਲਾ ਕੀਤੇ ਜਾਣ ਦੇ ਬਾਅਦ ਯੂਕੇ ਭਰ ਦੇ ਲੋਕਾਂ ਨੂੰ ਯੂਕਰੇਨ ਨੂੰ ਛੱਡਣ ਵਾਲੇ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਬੁਰੇ ਦੌਰ ਵਿੱਚ ਸਕਾਟਲੈਂਡ ਵੱਲੋਂ ਵੀ ਯੂਕਰੇਨੀ ਸ਼ਰਨਾਰਥੀਆਂ ਦੀ ਸਹਾਇਤਾ ਲਈ ਹਾਮੀ ਭਰੀ ਗਈ ਹੈ। ਇਸ ਸੰਬੰਧੀ ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਨੇ ਬੁੱਧਵਾਰ ਨੂੰ ਸਕਾਟਿਸ਼ ਸੰਸਦ ਵਿੱਚ ਯੂਕਰੇਨੀ ਸ਼ਰਨਾਰਥੀਆਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਇਸੇ ਦੌਰਾਨ ਐਡਿਨਬਰਾ ਵਿੱਚ ਮਹਾਰਾਣੀ ਐਲਿਜਾਬੈਥ ਦੀ ਸਰਕਾਰੀ ਰਿਹਾਇਸ਼ ਹੋਲੀਰੂਡ ਪੈਲੇਸ ਨੂੰ ਯੂਕਰੇਨੀ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਵਜੋਂ ਵਰਤਣ ਲਈ ਸੁਝਾਅ ਦਿੱਤਾ ਗਿਆ ਹੈ। ਯੂਕੇ ਸਰਕਾਰ ਨੇ ਸਕਾਟਿਸ਼ ਸਰਕਾਰ ਦੇ ਯੂਕਰੇਨੀ ਨਾਗਰਿਕਾਂ ਲਈ ‘ਸੁਪਰ ਸਪਾਂਸਰ’ ਵਜੋਂ ਕੰਮ ਕਰਨ ਦੇ ਪ੍ਰਸਤਾਵ ਨੂੰ ਸਿਧਾਂਤਕ ਤੌਰ ‘ਤੇ ਸਮਰਥਨ ਦਿੱਤਾ ਹੈ, ਜਿਸ ਨਾਲ ਲਗਭਗ 3000 ਲੋਕਾਂ ਦੇ ਸਕਾਟਲੈਂਡ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ, ਸਟਰਜਨ ਨੇ ਘੋਸ਼ਣਾ ਕੀਤੀ ਸੀ ਕਿ 1 ਮਿਲੀਅਨ ਪੌਂਡ ਤੋਂ ਵੱਧ ਫੰਡ ਸਕਾਟਲੈਂਡ ਵਿੱਚ ਆਉਣ ਵਾਲੇ ਯੂਕਰੇਨੀ ਸ਼ਰਨਾਰਥੀਆਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਵੱਲ ਜਾਵੇਗਾ। ਸਟਰਜਨ ਦੇ ਬਿਆਨ ਤੋਂ ਬਾਅਦ ਐੱਮ ਐੱਸ ਪੀ ਰਿਸਟੀਨ ਗ੍ਰਾਹਮ ਨੇ ਸੁਝਾਅ ਦਿੱਤਾ ਕਿ ਐਡਿਨਬਰਾ ਵਿੱਚ ਹੋਲੀਰੂਡ ਪੈਲੇਸ ਨੂੰ ਯੂਕਰੇਨ ਤੋਂ ਆਉਣ ਵਾਲਿਆਂ ਲਈ ਰਿਹਾਇਸ਼ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਉਸਨੇ ਸਕਾਟਿਸ਼ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਲਕੀਅਤ ਅਧੀਨ ਰਿਹਾਇਸ਼ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਸ ਅਨੁਸਾਰ ਐਡਿਨਬਰਾ ਵਿੱਚ ਹੋਲੀਰੂਡ ਪੈਲੇਸ ਹੈ, ਜਿਸ ਵਿੱਚ 200 ਤੋਂ ਵੱਧ ਕਮਰੇ ਹਨ ਅਤੇ ਜਿਹਨਾਂ ਨੂੰ ਸ਼ਰਨਾਰਥੀਆਂ ਦੀ ਅਸਥਾਈ ਰਿਹਾਇਸ਼ ਲਈ ਵਰਤਿਆ ਜਾ ਸਕਦਾ ਹੈ।
ਸਕਾਟਲੈਂਡ: ਹੋਲੀਰੂਡ ਪੈਲੇਸ ਨੂੰ ਯੂਕਰੇਨੀ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਵਜੋਂ ਵਰਤਣ ਦਾ ਸੁਝਾਅ
This entry was posted in ਅੰਤਰਰਾਸ਼ਟਰੀ.