ਕਰਤਾਰਪੁਰ, ( ਜਨਮ ਸਿੰਘ ) – ਵਿਸ਼ੇਸ਼ ਖ਼ੁਸ਼ੀ ਮਨਾਉਣ ਲਈ ਮੇਲ-ਮਿਲਾਪ, ਪ੍ਰੀਤ ਵਧਾਉਣ ਲਈ ਇਕੱਠੇ ਹੋਏ ਲੋਕਾਂ ਦੇ ਇਕੱਠ ਨੂੰ ਮੇਲਾ ਕਿਹਾ ਜਾਂਦਾ ਹੈ। ਜਿਸ ਵਿੱਚ ਸਾਰੇ ਪਰਿਵਾਰਕ ਜੀਅ ਇਕੱਠੇ ਹੋ ਸਕਦੇ ਹਨ। ਐਸਾ ਹੀ ਇੱਕ ਮੇਲਾ ਜਿਸ ਨੂੰ ਚ੍ਹੜਦੇ ਪੰਜਾਬ ਵਿਚ ‘ਮੇਲਾ ਬਸੰਤ’ ਕਿਹਾ ਜਾਂਦਾ ਹੈ ਉਸ ਨੂੰ ਲਾਹੌਰ ਦੇ ਲੋਕ ‘ਜਸ਼ਨ-ਏ-ਬਹਾਰਾਂ’ ਦੇ ਨਾਮ ਨਾਲ ਯਾਦ ਕਰਦੇ ਹਨ। ਲਾਹੌਰੀਏ ਕਿਸੇ ਵੀ ਦਿਨ ਤਿਉਹਾਰ ਨੂੰ ਤੰਗ ਨਜ਼ਰੀਏ ਨਾਲ ਨਹੀਂ ਵੇਖਦੇ ਹਨ। ਉਹ ਤਿਉਹਾਰ ਚਾਹੇ ਕਿਸੇ ਵੀ ਧਰਮ ਜਾਂ ਵਰਨ ਦਾ ਹੋਵੇ ਉਸ ਉਪਰ ਨਫ਼ਰਤ ਦੀ ਐਨਕ ਨਹੀਂ ਲੱਗਣ ਦਿੰਦੇ। ਜਿਸ ਵੀ ਤਰੀਕੇ ਨਾਲ ਚਾਰ ਬੰਦੇ ਇਕੱਠੇ ਹੋ ਕੇ ਪਿਆਰ ਨਾਲ ਮਿਲ ਬੈਠ ਸਕਣ, ਉਹ ਹਰ ਉਹ ਕੰਮ ਕਰਦੇ ਨੇ। ਤਾਂਹੀ ਤਾਂ ਬਜ਼ੁਰਗ ਕਹਿੰਦੇ ਸਨ ‘ਜਿੰਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਈ ਨਹੀਂ।’ ਚਾਹੇ ਉਸ ਨੂੰ ‘ਮੇਲਾ ਬਸੰਤ’ ਕਹਿ ਲਵੋ ਜਾਂ ‘ਜਸ਼ਨ-ਏ-ਬਹਾਰਾਂ’ ਇਸ ਨੂੰ ਵੀ ਲਾਹੌਰ ਵਾਲਿਆਂ ਨੇ ਜਾਂ ਕਹਿ ਲਵੋ ਪਾਕਿਸਤਾਨੀ ਪੰਜਾਬੀਆਂ ਨੇ ਚਾਹੇ ਉਹ ਕਿਸੇ ਵੀ ਧਰਮ ਮਜ਼੍ਹਬ ਨਾਲ ਸੰਬੰਧ ਰੱਖਦੇ ਨੇ ਪੂਰੇ ਚਾਵਾਂ ਤੇ ਰੀਝਾਂ ਨਾਲ ਅਪਣਾਇਆ ਹੋਇਆ ਹੈ।
‘ਮੇਲਾ ਬਸੰਤ’ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਵਿੱਚ ਸ਼ਾਲੀਮਾਰ ਬਾਗ਼ ਦੇ ਪਾਸ ਕਰਵਾਇਆ ਜਾਂਦਾ ਸੀ। ਉਸ ਦਿਨ ਹਿੰਦੂ-ਸਿੱਖ ਬਾਗ਼ ਦੇ ਨੇੜੇ ਸ਼ਾਹ ਬਹਿਲੌਲ ਵਿੱਚ ਵੀਰ ਹਕੀਕਤ ਰਾਇ ਦੀ ਸਮਾਧ ‘ਤੇ ਮੱਥਾ ਟੇਕਦੇ ਅਤੇ ਮੁਸਲਮਾਨ ਬਾਗ਼ ਦੇ ਪਾਸ ਮੌਜੂਦ ਮਾਦੋ ਲਾਲ ਹੁਸੈਨ (ਸ਼ਾਹ ਹੁਸੈਨ) ਦੀ ਮਜ਼ਾਰ ‘ਤੇ ਸਿਜਦਾ ਕਰਦੇ ਅਤੇ ਬਾਅਦ ਵਿੱਚ ਇਕੱਠੇ ਬੈਠ ਕੇ ਮੇਲੇ ਦਾ ਆਨੰਦ ਮਾਣਦੇ। ਇਸ ਮੇਲੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ, ਜਰਨੈਲ, ਫ਼ੌਜ, ਸ਼ਾਹੀ ਮਹਿਮਾਨ ਅਤੇ ਆਮ ਲੋਕ ਵੀ ਪੀਲੇ (ਬਸੰਤੀ) ਰੰਗ ਦੇ ਕਪੜੇ ਕਾ ਕੇ ਸ਼ਿਰਕਤ ਕਰਦੇ ਸਨ।
ਲੈਫਟੀਨੈਂਟ ਅਲੈਗਜ਼ੇਂਡਰ ਬਰਨਜ਼ ਆਪਣੀ ਪੁਸਤਕ ‘ਬਰਨਜ਼ ਟਰੈਵਲਜ਼ ਇਨ ਟੂ ਬੁਖ਼ਾਰਾ’ ਅੰਕ ਪਹਿਲਾ ਵਿੱਚ ਲਿਖਦਾ ਹੈ ਕਿ ਉਹ ੬ ਫਰਵਰੀ, ੧੮੩੨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੱਦੇ ‘ਤੇ ਲਾਹੌਰ ਬਸੰਤ ਸਮਾਗਮ ਵਿੱਚ ਸ਼ਾਮਲ ਹੋਇਆ। ਬਰਨਜ਼ ਅਨੁਸਾਰ ਮਹਾਰਾਜਾ ਖੁਦ ਹਾਥੀ ‘ਤੇ ਬੈਠ ਕੇ ਉਸ ਮੇਲੇ ਵਿੱਚ ਆਇਆ ਅਤੇ ਲੋਕਾਂ ‘ਤੇ ਦਿਲ ਖੋਲ੍ਹ ਕੇ ਸਿੱਕਿਆਂ ਦੀ ਵਰਖਾ ਕੀਤੀ। ਇਸ ਪ੍ਰੋਗਰਾਮ ਵਿੱਚ ਮਹਾਰਾਜਾ ਰਣਜੀਤ ਸਿੰਘ ਸਮੇਤ ਹੋਰਨਾਂ ਰਾਜਾਂ ਦੇ ਨਵਾਬਾਂ ਨੇ ਵੀ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਬਾਗ਼ ਦੀ ਬਾਰਾਂਦਰੀ ਸਾਮਹਣੇ ਪੀਲੇ ਰੰਗ ਦੇ ਗਲੀਚੇ ਬਿਛਾਏ ਸਨ। ਇੰਨ੍ਹਾਂ ਗੱਲਾਂ ਦਾ ਜ਼ਿਕਰ ਅੰਗਰੇਜ਼ ਯਾਤਰੀ ਆਪਣੀ ਕਿਤਾਬ ਵਿੱਚ ਕਰਦਾ ਹੈ।
ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ‘ਚ ਵੱਸਣ ਵਾਲੀਆਂ ਘੱਟ-ਗਿਣਤੀਆਂ ਦੀਆਂ ਖ਼ਾਕ-ਏ-ਸਪੁਰਦ ਹੋ ਰਹੀਆਂ ਇਤਿਹਾਸਕ ਇਮਾਰਤਾਂ, ਬਾਗ਼-ਬਗੀਚਿਆਂ ਅਤੇ ਸਭਿਆਚਾਰ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਇਸ ਦੇ ਨਾਲ-ਨਾਲ ਉਹ ਪਾਕਿਸਤਾਨ ਦੇ ਅਮੀਰ ਵਿਰਸੇ ਤੋਂ ਦੇਸ਼-ਵਿਦੇਸ਼ਾਂ ਦੇ ਲੋਕਾਂ ਨੂੰ ਜਾਣੂੰ ਕਰਵਾਉਣਾ ਚਾਹੁੰਦੀ ਹੈ।
‘ਜਸ਼ਨ-ਏ-ਬਹਾਰਾਂ’ ਮੌਕੇ ਲਾਹੌਰ ਦੇ ੧੨ ਦਰਵਾਜ਼ਿਆਂ ਅਤੇ ਸ਼ਹਿਰ ‘ਚ ਰਵਾਇਤੀ ਢੰਗ ਨਾਲ ਤੇਲ ਦੇ ਦੀਵੇ ਜਗਾ ਕੇ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ‘ਚ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਜਿੱਥੇ ਅੱਜ ਪੂਰੀ ਦੁਨੀਆਂ ਪਾਕਿਸਤਾਨ ਦੀ ਸਰਕਾਰ ਅਤੇ ਅਵਾਮ ਦੀ ਪ੍ਰਸੰਸਾ ਕਰ ਰਹੀ ਹੈ। ਉਥੇ ਹੀ ਕਰਤਾਰਪੁਰ ‘ਚ ਕਰਵਾਏ ਜਾ ਰਹੇ ‘ਜਸ਼ਨ-ਏ-ਬਹਾਰਾਂ’ ਪਰਿਵਾਰਕ ਤਿਉਹਾਰ (ਫੈਮਲੀ ਫੈਸਟੀਵਲ) ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਸਮਝ ਤੋਂ ਬਾਹਰ ਹੈ।
ਕੀ ਅੰਮ੍ਰਿਤਸਰ ਸ਼ਹਿਰ ਜਾਂ ਹੋਰ ਸ਼ਹਿਰ ਜਿੰਨ੍ਹਾਂ ਦਾ ਸੰਬਧ ਸਿੱਖ ਗੁਰੂ ਸਾਹਿਬਾਨ ਦੇ ਨਾਲ ਹੈ। ਉੱਥੇ ਸਭਿਆਚਾਰਕ ਮੇਲੇ ਜਾਂ ਪ੍ਰੋਗਰਾਮ ਨਹੀਂ ਹੁੰਦੇ ?
ਇਸ ਤਰ੍ਹਾਂ ਦੇ ਪ੍ਰੋਗਰਾਮ ਮੇਲੇ, ਤਿਉਹਾਰ ਜਾਂ ਰੀਤਾਂ ਲੋਕਾਂ ਨੂੰ ਇਕੱਠੇ ਹੋ ਕੇ ਮਿਲ ਬੈਠਣ ਦਾ ਜ਼ਰੀਆ ਬਣਦੇ ਨੇ ਅਤੇ ਲੋਕ ਸਭਿਆਚਾਰਕ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ।
ਗੁਰੂ ਨਾਨਕ ਸਾਹਿਬ ਜੀ ਵੀ ਤਾਂ ਸ਼ਿਵਰਾਤ ਦਾ ਮੇਲਾ ਸੁਣ ਕੇ ਅਚਲ ਵਟਾਲੇ ਗਏ ਸਨ-
ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ।
ਦਰਸ਼ਨ ਵੇਖਣ ਕਾਰਣਿ ਸਗਲੀ ਉਲਟਿ ਪਈ ਲੁਕਾਈ। (ਭਾਈ ਗੁਰਦਾਸ ਜੀ)
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ‘ਵਾਰ’ ਵਿੱਚ ਇਸ ਬਹਿਸ ਦਾ ਕਾਫ਼ੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਥੇ ਉਹ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਨਾਨਕ ਦੇਵ ਜੀ ਕਰਤਾਰਪੁਰੋਂ ਅੱਟਲ ਵਟਾਲੇ ਗਏ। ਮੇਲਾ ਖ਼ਤਮ ਹੋਣ ਤੇ ਆਪ ਮੁਲਤਾਨ ਪਹੁੰਚੇ। ਮੁਲਤਾਨ ਤੋਂ ਵਾਪਸ ਕਰਤਾਰਪੁਰ ਆ ਕੇ ਆਪ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ।
ਐਡਵੋਕੇਟ ਧਾਮੀ ਜੀ ਕਰਤਾਰਪੁਰ ਸਾਹਿਬ ਨਾ ਤਾਂ ਕੋਈ ਗੁਰਮਤਿ ਵਿਰੋਧੀ ਉੱਲਟ ਕੋਈ ਪ੍ਰੋਗਰਾਮ ਹੁੰਦੇ ਹਨ ਨਾ ਹੀ ਹੋਣ ਜਾ ਰਹੇ ਹਨ। ‘ਜਸ਼ਨ-ਏ-ਬਹਾਰਾਂ’ ਦਾ ਪ੍ਰੋਗਰਾਮ ਕਰਤਾਰਪੁਰ ਹੋ ਰਿਹਾ ਹੈ ਨਾ ਕਿ ਗੁਰਦੁਆਰਾ ਕਰਤਾਪੁਰ ਸਾਹਿਬ ਵਿਖੇ…। ਬਾਕੀ ਗੱਲ਼ ਰਹੀ ਗੁਰੂ ਘਰ ਦੇ ਸਰੋਕਾਰ ਤੇ ਮਰਿਯਾਦਾ ਨੂੰ ਸੱਟ ਵੱਜਣ ਦੀ ਤੁਹਾਨੂੰ ਇਸ ਗੱਲ ਦੀ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ।
ਇਸ ਪ੍ਰੋਗਰਾਮ ਨਾਲ ਲੋਕ ਜੁੜਣ ਗੇ, ਟੁੱਟਣ ਗੇ ਨਹੀਂ। ਦੁਨੀਆਂ ਭਰ ਵਿੱਚ ਵੱਸਣ ਵਾਲ਼ੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਲੱਗੇ ਇਸ ਲਈ ਤੁਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ਼ੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ ਗਏ ੩੨੮ ਸਰੂਪਾਂ ਸਬੰਧੀ ਸੰਗਤਾਂ ਨੂੰ ਜਵਾਬ ਦੇਵੋ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਸ ਮੌਕੇ ਲਿਖੀਆਂ ਜਾ ਸਕਦੀਆਂ ਹਨ।
ਖੈਰ, ਜਿਨ੍ਹਾਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਹਦਾ ਜਵਾਬ ਉਹਨਾਂ ਨੇ ਇਸ ਵਾਰ ਪੰਜਾਬ ‘ਚ ਹੋਏ ਇਲੈਕਸ਼ਨਾਂ ‘ਚ ਦੇ ਦਿੱਤਾ ਹੈ।
ਸਾਧਸੰਗਤ ਜੀ ਆਓ! ਸੌੜੀ ਸਿਆਸਤ ਅਤੇ ਧੜੇਬੰਦੀ ਤੋਂ ਬਾਹਰ ਨਿਕਲੀਏ। ਹਰ ਗੱਲ ਦਾ ਹੱਲ ਹੋ ਸਕਦਾ ਹੈ ਜੇ ਹਾਉਂਮੇ, ਹੰਕਾਰ ਤੋਂ ਉਪਰ ਉੱਠ ਕੇ, ਸੁਹਿਰਦਾ ਨਾਲ ਯਤਨ ਕੀਤੇ ਜਾਣ। ਅਖਬਾਰਾਂ ‘ਚ ਭੜਕੀਲੀਆਂ ਬਿਆਨ-ਬਾਜ਼ੀਆਂ ਕਰਕੇ ਅਸੀਂ ਪਿਆਰ ਨਹੀਂ ਬਲਕਿ ਨਫ਼ਰਤਾਂ ਦੇ ਬੀਜ਼ ਬੀਜਦੇ ਹਾਂ।