ਗੱਲ ਉਸ ਦੌਰ ਦੀ ਹੈ, ਜਦੋਂ ਦਿਨ ਵੇਲੇ ਹੀ ਹਨੇਰਾ ਛਾਅ ਜਾਂਦਾ ਸੀ। ਲੋਕ ਗੱਲਾਂ ਵੀ ਇਕ-ਦੂਜੇ ਨਾਲ ਘੁਸਰ-ਮੁਸਰ ਵਿਚ ਹੀ ਕਰਦੇ। ਕੁੱਤਿਆਂ ਨੇ ਵੀ ਭੌਂਕਣਾ ਛੱਡ ਦਿੱਤਾ ਸੀ। ਪਿੰਡਾਂ ਦੇ ਨਾਈ ਸ਼ਹਿਰਾਂ ਵੱਲ ਕੂਚ ਕਰ ਗਏ ਸਨ। ਹਰ ਰੋਜ਼ ਪੰਜ-ਚਾਰ ਲਾਸ਼ਾਂ ਸ਼ਹਿਰਾਂ ਵਿਚ ਪੋਸਟਮਾਰਟਮ ਲਈ ਆ ਰਹੀਆਂ ਸਨ। ਇਨ੍ਹਾਂ ਦਿਨਾਂ ਦੌਰਾਨ ਹੀ ਸਾਡੇ ਸਕੂਲ ਵਿਚ ਇਕ ਨਵਾਂ ਅਧਿਆਪਕ ਬਦਲ ਕੇ ਆ ਗਿਆ। ਇਕ ਗੁਆਂਢੀ ਸਕੂਲ ਦਾ ਅਧਿਆਪਕ ਉਨ੍ਹਾਂ ਬਾਰੇ ਦੱਸਣ ਲੱਗਿਆ ਕਿ ਬਰਾੜ ਸਾਹਿਬ ਵਾਲ ਦੀ ਖੱਲ ਲਾਹੁਣ ਵਾਲਾ ਬੰਦਾ ਹੈ। ਜਦੋਂ ਉਸ ਨੇ ਵਿਆਹ ਕਰਵਾਉਣਾ ਸੀ ਤਾਂ ਉਸ ਨੇ ਆਪਣੇ ਲਈ ਘਰਵਾਲੀ ਲੱਭਣ ਵਾਸਤੇ ਗੁਣਾਂ ਦੀ ਪੂਰੀ ਸੂਚੀ ਬਣਾਈ ਹੋਈ ਸੀ, ਜਿਸ ਵਿਚ ਹੋਣ ਵਾਲੀ ਘਰਵਾਲੀ ਦੀ ਯੋਗਤਾ, ਰੰਗ-ਰੂਪ, ਕੱਦ-ਕਾਠ, ਭਾਰ, ਉਮਰ ਆਦਿ ਸਭ ਕੁੱਝ ਦਰਜ ਕੀਤਾ ਹੋਇਆ ਸੀ। ਜੇ ਕੋਈ ਵੀ ਗੁਣ ਇੱਧਰ-ਉਧਰ ਹੁੰਦਾ ਤਾਂ ਉਹ ਝੱਟ ਕੋਰਾ ਜਵਾਬ ਦੇ ਦਿੰਦਾ ਸੀ। ਠੀਕ ਪੂਰੇ ਗੁਣਾਂ ਵਾਲੀ ਲੜਕੀ ਹੀ ਉਸ ਨੇ ਆਪਣੇ ਲਈ ਚੁਣੀ।
ਇਹ ਗੱਲ ਆਈ-ਗਈ ਹੋ ਗਈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਿਸ ਦਿਨ ਉਨ੍ਹਾਂ ਨੇ ਵੱਖ-ਵੱਖ ਭੱਠਿਆਂ ਤੋਂ ਅਠਾਰਾਂ ਇੱਟਾਂ ਲਿਆ ਕੇ ਮੇਰੇ ਸਾਇੰਸ ਰੂਮ ਦੀ ਮੇਜ ’ਤੇ ਰੱਖ ਦਿੱਤੀਆਂ। ਕਹਿਣ ਲੱਗਿਆ, ‘‘ਮੇਘ ਰਾਜ ਜੀ! ਤੁਸੀਂ ਇਨ੍ਹਾਂ ਦਾ ਆਕਾਰ ਅਤੇ ਭਾਰ ਮਾਪ ਕੇ ਇਹ ਦੱਸੋ ਕਿ ਇਨ੍ਹਾਂ ਇੱਟਾਂ ਵਿਚੋਂ ਸਭ ਤੋਂ ਭਾਰੀ ਤੇ ਪੱਕੀ ਇੱਟ ਕਿਹੜੀ ਹੈ?’’ ਮੈਂ ਉਨ੍ਹਾਂ ਨੂੰ ਪੁੱਛ ਲਿਆ, ‘‘ਬਰਾੜ ਸਾਬ੍ਹ! ਇਹ ਦੱਸੋ ਕਿ ਤੁਸੀਂ ਇਸ ਤੋਂ ਕੀ ਕਰਵਾਉਣਾ ਚਾਹੁੰਦੇ ਹੋ?’’ ਉਹ ਕਹਿਣ ਲੱਗੇ, ‘‘ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਘਰ ਬਣਾਉਣਾ ਹੈ ਅਤੇ ਸੱਠ ਸਾਲ ਉਸ ਵਿਚ ਰਹਿਣਾ ਵੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਵਧੀਆ ਇੱਟ ਹੀ ਘਰ ’ਤੇ ਲਾਵਾਂ। ਪਹਿਲਾਂ ਮੈਂ ਪਲਾਟ ਖ਼ਰੀਦਣ ਸਮੇਂ ਵੀ ਪੂਰੀ ਜਾਂਚ-ਪੜਤਾਲ ਕੀਤੀ ਹੈ। ਇਹ ਪਲਾਟ ਮੇਰੀ ਘਰਵਾਲੀ ਨੂੰ ਆਪਣੇ ਸਕੂਲ ਤੋਂ ਕਿੰਨੀ ਦੂਰ ਪਵੇਗਾ? ਮੇਰੀ ਬੇਟੀ ਦੇ ਕਾਲਜ ਦੀ ਦੂਰੀ ਕਿੰਨੀ ਹੋਵੇਗੀ? ਰਿਕਸ਼ੇ ਦਾ ਕਿਰਾਇਆ ਕੀ ਹੋਵੇਗਾ? ਇਨ੍ਹਾਂ ਸਾਰੇ ਖ਼ਰਚਿਆਂ ਦਾ ਹਿਸਾਬ ਲਾ ਕੇ ਹੀ ਮੈਂ ਥਾਂ ਦੀ ਚੋਣ ਕੀਤੀ ਹੈ।’’ ਸਾਥੀ ਅਧਿਆਪਕ ਉਸ ਦੀਆਂ ਗੱਲਾਂ ਦਾ ਮਜ਼ਾਕ ਉਡਾਉਂਦੇ। ਮੈਨੂੰ ਤੇ ਮੇਰੇ ਇਕ-ਦੋ ਸਾਥੀਆਂ ਨੂੰ ਉਹ ਅਧਿਆਪਕ ਬਹੁਤ ਪਸੰਦ ਆਇਆ। ਉਨ੍ਹਾਂ ਦਿਨਾਂ ਵਿਚ ਮੇਰੇ ਕੋਲ ਸਕੂਟਰ ਨਹੀਂ ਸੀ। ਇਕ ਦਿਨ ਕਿਸੇ ਦੇ ਭੋਗ ’ਤੇ ਜਾਣ ਲਈ ਮੈਂ ਸਕੂਟਰ ਮੰਗ ਲਿਆ। ਉਨ੍ਹਾਂ ਕਿਹਾ, ‘‘ਕਿੰਨੇ ਵਜੇ ਅਤੇ ਕਿੰਨੀ ਦੂਰ ਜਾਣਾ ਹੈ?’’ ਮੈਂ ਸਮਾਂ ਤੇ ਦੂਰੀ ਦੱਸ ਦਿੱਤੀ। ਠੀਕ ਉਸੇ ਸਮੇਂ ਉਨ੍ਹਾਂ ਨੇ ਸਕੂਟਰ ਦੀ ਕਿੱਕ ’ਤੇ ਪੈਰ ਰੱਖਿਆ ਹੋਇਆ ਸੀ। ਮੈਨੂੰ ਕਹਿਣ ਲੱਗੇ, ‘‘ਸਕੂਟਰ ’ਤੇ ਬੈਠ। ਮੈਨੂੰ ਦੱਸੀ ਜਾਈਂ ਕਿੱਧਰ ਨੂੰ ਜਾਣਾ ਹੈ? ਦਫ਼ਤਰ ਵਿਚ ਛੁੱਟੀ ਮੈਂ ਰੱਖ ਆਇਆ ਹਾਂ।’’ ਘੰਟੇ ਕੁ ਬਾਅਦ ਅਸੀਂ ਵਾਪਸ ਆ ਗਏ। ਸਕੂਟਰ ਨੂੰ ਸਟੈਂਡ ਲਾਉਂਦਿਆਂ ਉਹ ਕਹਿਣ ਲੱਗਿਆ, ‘‘ਮੇਘ ਰਾਜ ਜੀ! ਜਦੋਂ ਤੁਸੀਂ ਸਕੂਟਰ ਖ਼ਰੀਦ ਲਵੋਂਗੇ, ਮੈਂ ਤੁਹਾਡੇ ਤੋਂ ਮੰਗਾਂਗਾ ਨਹੀਂ।’’ ਮੈਂ ਉਨ੍ਹਾਂ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਕਹਿਣਾ ਚਾਹੁੰਦਾ ਸੀ ਕਿ ‘ਤੂੰ ਦੁਬਾਰਾ ਸਕੂਟਰ ਨਾ ਮੰਗੀ’। ਗੱਲਾਂ ਚੱਲਦੀਆਂ ਰਹੀਆਂ। ਅਸੀਂ ਉਸ ਦੇ ਸੁਭਾਅ ਦੇ ਏਨੇ ਕਾਇਲ ਹੋ ਗਏ ਕਿ ਉਸ ਦੀ ਹਰ ਮਸਲੇ ’ਤੇ ਸਲਾਹ ਲੈਣ ਲੱਗ ਪਏ। ਜੇ ਉਹ ਕਿਤੋਂ ਟਾਈਮਪਾਈਸ ਵੀ ਖ਼ਰੀਦ ਕੇ ਲਿਆਉਂਦਾ ਤਾਂ ਉਸ ਨੂੰ ਪੁੱਛ ਲੈਂਦੇ, ‘‘ਬਰਾੜ ਸਾਬ੍ਹ! ਤੁਸੀਂ ਇਹ ਟਾਈਮਪੀਸ ਕਿਥੋਂ ਅਤੇ ਕਿੰਨੇ ਦਾ ਖ਼ਰੀਦਿਆ ਹੈ?’’ ਅਸੀਂ ਲੋੜ ਅਨੁਸਾਰ ਉਥੋਂ ਅਤੇ ਉਸੇ ਕੰਪਨੀ ਦਾ ਓਨੀ ਹੀ ਕੀਮਤ ਦੇ ਕੇ ਖ਼ਰੀਦ ਲਿਆਉਂਦੇ। ਸਾਨੂੰ ਪਤਾ ਸੀ ਕਿ ਇਨ੍ਹਾਂ ਨੇ ਪਹਿਲਾਂ ਹੀ ਦਸ ਦੁਕਾਨਾਂ ਤੋਂ ਉਸ ਦਾ ਮੁੱਲ ਪਤਾ ਕੀਤਾ ਹੋਵੇਗਾ। ਸਾਨੂੰ ਬਹੁਤੀ ਮਗਜ਼-ਖਪਾਈ ਨਾ ਕਰਨੀ ਪੈਂਦੀ।
ਇਨ੍ਹਾਂ ਹੀ ਦਿਨਾਂ ਦੌਰਾਨ ਮੈਨੂੰ ਸ੍ਰੀਲੰਕਾ ਦੇ ਡਾ. ਅਬਰਾਹਮ ਟੀ. ਕੋਵੂਰ ਦੀ ਅੰਗਰੇਜ਼ੀ ਵਿਚ ਲਿਖੀ ਹੋਈ ਕਿਤਾਬ ‘ਬੀਗਾਨ ਗਾਡਮੈੱਨ’ ਮਿਲ ਗਈ। ਮੈਨੂੰ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ। ਮੈਂ ਉਹ ਕਿਤਾਬ ਪੜ੍ਹੀ ਤੇ ਪਸੰਦ ਕੀਤੀ। ਜਿਵੇਂ ਹੁੰਦਾ ਹੈ; ਅਸੀਂ ਚੰਗੀਆਂ ਕਿਤਾਬਾਂ ਦੀ ਸਿਫ਼ਾਰਿਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਕਰਦੇ ਹਾਂ। ਬਰਾੜ ਸਾਹਿਬ ਨੇ ਵੀ ਉਹ ਕਿਤਾਬ ਪੜ੍ਹ ਲਈ। ਪੜ੍ਹਨ ਤੋਂ ਬਾਅਦ ਉਹ ਕਹਿਣ ਲੱਗੇ, ‘‘ਮੈਨੂੰ ਇਹ ਕਿਤਾਬ ਪੰਜਾਬੀ ਵਿਚ ਚਾਹੀਦੀ ਹੈ। ਮੈਂ 500 ਰੁਪਈਆ ਇਸ ਕਿਤਾਬ ’ਤੇ ਖ਼ਰਚ ਕਰ ਸਕਦਾ ਹਾਂ।’’ ਮੈਂ ਉਨ੍ਹਾਂ ਨੂੰ ਪੁੱਛਿਆ, ‘‘ਬਰਾੜ ਸਾਬ੍ਹ! ਤੁਸੀਂ ਅੰਗਰੇਜ਼ੀ ਵਿਚ ਇਸ ਕਿਤਾਬ ਨੂੰ ਪੜ੍ਹ ਹੀ ਲਿਆ ਹੈ। ਤੁਸੀਂ ਤਾਂ ਕਿਸੇ ਚੀਜ਼ ’ਤੇ ਦੁਆਨੀ ਫ਼ਾਲਤੂ ਨਹੀਂ ਖ਼ਰਚਦੇ। ਇਸ ਕਿਤਾਬ ’ਤੇ ਇਨ੍ਹੇ ਪੈਸੇ ਖ਼ਰਚਣ ਲਈ ਕਿਉਂ ਤਿਆਰ ਹੋ?’’ ਉਹ ਕਹਿਣ ਲੱਗੇ, ‘‘ਮੈਂ ਇਸ ਕਿਤਾਬ ਤੋਂ ਪੰਦਰਾ ਸੌ ਰੁਪਏ ਕਮਾਉਣੇ ਹਨ।’’ ਇਹ ਪੁੱਛਣ ’ਤੇ ਕਿ ਉਹ ਪੰਦਰਾਂ ਸੌ ਰੁਪਈਆ ਕਿਵੇਂ ਕਮਾਉਣਗੇ। ਉਹ ਕਹਿਣ ਲੱਗੇ, ‘‘ਮੇਰੀ ਘਰਵਾਲੀ ਇਕ ਜੋਤਸ਼ੀ ਦੇ ਚੱਕਰ ਵਿਚ ਫਸੀ ਹੋਈ ਹੈ, ਜਿਹੜਾ ਪਿਛਲੇ ਤਿੰਨ ਸਾਲਾਂ ਵਿਚ ਮੇਰੇ ਘਰ ਤੋਂ ਦਾਨ ਵਜੋਂ ਅਨਾਜ ਤੇ ਖੇਸ ਆਦਿ ਦੇ ਰੂਪ ਵਿਚ ਤਿੰਨ ਹਜ਼ਾਰ ਰੁਪਈਆ ਲਿਜਾ ਚੁੱਕਿਆ ਹੈ। ਅਜੇ ਦੋ ਸਾਲ ਦੇ ਉਪਾਅ ਹੋਰ ਦੱਸੇ ਹੋਏ ਹਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਈਆ ਮੇਰੇ ਘਰ ਵਿਚੋਂ ਲੈ ਕੇ ਹੀ ਜਾਵੇਗਾ। ਜੇ ਮੇਰੀ ਘਰਵਾਲੀ ਇਹ ਕਿਤਾਬ ਪੜ੍ਹ ਲੈਂਦੀ ਹੈ ਤਾਂ ਉਹ ਜੋਤਸ਼ੀ ਨੂੰ ਮੇਰੇ ਘਰ ਵਿਚੋਂ ਦਫ਼ਾ ਕਰ ਦੇਵੇਗੀ। ਇਸ ਤਰ੍ਹਾਂ ਪੰਦਰਾਂ ਸੌ ਰੁਪਏ ਮੇਰੀ ਕਮਾਈ ਹੋ ਜਾਵੇਗੀ।’’ ਉਨ੍ਹਾਂ ਦੇ ਇਸ ਨਿੱਕੇ ਜਿਹੇ ਸੁਝਾਅ ਨਾਲ ਅਸੀਂ ਇਹ ਕਿਤਾਬ ਪੰਜਾਬੀ ਵਿਚ ਉਲਥਾ ਲਈ ਅਤੇ ਸੱਤ ਰੁਪਏ ਦੀ ਮਾਮੂਲੀ ਕੀਮਤ ’ਤੇ ਲੋਕਾਂ ਵਿਚ ਵੇਚਣੀ ਸ਼ੁਰੂ ਕਰ ਦਿੱਤੀ। ਅੱਜ ਇਸ ਪੰਜਾਬੀ ਕਿਤਾਬ ਦੀਆਂ ਲੱਖਾਂ ਕਾਪੀਆਂ ਪੰਜਾਬੀ ਘਰਾਂ ਵਿਚ ਚਾਨਣ ਦੀਆਂ ਚਿਣਗਾਂ ਵੰਡ ਰਹੀਆਂ ਹਨ