ਮੁਲਕ ਮੇਰੇ ਵਿੱਚ ਨਰਕ ਬੜਾ ਏ
ਅਮੀਰ ਗਰੀਬ ਦੀ ਇੱਜ਼ਤ ਵਿੱਚ ਫਰਕ ਬੜਾ ਏ.
ਮਾੜੇ ਦੀ ਚੰਗੀ ਗੱਲ ਨੂੰ ਕੋਈ ਸੁਣਦਾ ਨੀ…
ਤਕੜੇ ਦੀ ਮਾੜੀ ਗੱਲ ਚ ਕਹਿੰਦੇ ਤਰਕ ਬੜਾ ਏ
ਮਾੜਾ ਬੰਦਾ ਤਕੜੇ ਦੀ ਕਿੰਝ ਹੁੰਦੀ ਤਰੀਫ਼ ਕੀ ਜਾਣੇ…
ਜਿਸ ਤਨ ਲੱਗੇ ਸੋ ਤਨ ਜਾਣੇ
ਦੂਜਾ ਕਿਸੇ ਦੀ ਤਕਲੀਫ ਕੀ ਜਾਣੇ..
ਨੋਟ ਬੈਂਕ ਜਾਂ ਵੋਟ ਬੈਂਕ ਜੇ ਹੋਵੇ ਤਕੜਾ
ਕੰਮ ਸੌਖਾ ਹੀ ਸਿਰੇ ਚੜ ਜਾਂਦਾ..
ਰਿਸ਼ਵਤ ਰਸੂਖ ਰਾਜਨੀਤੀ ਦੀ ਤਾਕਤ ਬਿਨ
ਬੰਦਾ ਰਾਜ ਦਰਵਾਰੇ ਚੱਕਰ ਲਾਉਂਦਾ ਮਰ ਜਾਂਦਾ..
ਬਿਨਾਂ ਚਾਹ ਪਾਂਣੀ ਕਿੰਝ ਹੁੰਦੇ ਕੰਮ ਲੇਟ ਲਤੀਫ ਕੀ ਜਾਂਣੇ
ਜਿਸ ਤਨ ਲੱਗੇ ਸੋ ਤਨ ਜਾਣੇ
ਦੂਜਾ ਕਿਸੇ ਦੀ ਤਕਲੀਫ ਕੀ ਜਾਣੇ.
ਬੰਦੇ ਦੀ ਕੋਈ ਨਾਂ ਪੁੱਛ ਇੱਥੇ
ਹੁੰਦੀ ਕੁਰਸੀ ਨੂੰ ਸਲਾਮ
ਕੀ ਜਿਸਮ, ਕੀ ਜ਼ਮੀਰ
ਸਭ ਵਿਕਦੇ ਨੇ ਸਰੇਆਮ
ਕੀ ਕੀ ਦੁੱਖ ਸਹਿੰਦੀ ਪਰਜਾ
ਉੱਚੇ ਤਖਤ ਤੇ ਬੈਠਾ ਖਲੀਫ਼ ਕੀ ਜਾਣੇ
ਜਿਸ ਤਨ ਲੱਗੇ ਸੋ ਤਨ ਜਾਣੇ
ਦੂਜਾ ਕਿਸੇ ਦੀ ਤਕਲੀਫ ਕੀ ਜਾਣੇ
ਅਹੁਦਾ ਜਾਂ ਪੈਸਾ ਕੋਲ ਹੋਣ ਤੇ
ਹਰ ਕੋਈ ਜੀ ਆਇਆ ਨੂੰ ਕਹਿੰਦਾ ਏ..
ਔਖੇ ਵੇਲੇ ਆਪਣਾ ਹੋਵੇ ਜਾਂ ਬੇਗਾਨਾਂ
ਹਰ ਕੋਈ ਪਾਸਾ ਵੱਟ ਲੈਂਦਾ ਏ..
ਦਰਦ ਗਰੀਬੀ ਦਾ ਹੰਡਾਉਣ ਵਾਲਾ..
ਕੀ ਹੁੰਦੀ ਤਸ਼ਰੀਫ ਕੀ ਜਾਣੇ
ਜਿਸ ਤਨ ਲੱਗੇ ਸੋ ਤਨ ਜਾਣੇ
ਦੂਜਾ ਕਿਸੇ ਦੀ ਤਕਲੀਫ ਕੀ ਜਾਣੇ
ਗੁਰੂਆਂ ਪੀਰਾਂ ਦੀ ਧਰਤੀ ਤੇ
ਹੁਣ ਪਹਿਰਾ ਹੈ ਧਰਮ ਦੇ ਠੇਕੇਦਾਰਾਂ ਦਾ
ਰਾਜਨੀਤਿਕ ਗੁੰਡਿਆਂ ਦਾ
ਨਾਲੇ ਸਾਹੂਕਾਰਾਂ ਦਾ
ਬਦਮਾਸ਼ਾਂ ਦੀ ਦੁਨੀਆਂ ਚ
ਕਰਨਾਂ ਕਿੰਝ ਗੁਜਾਰਾ ਸਰੀਫ ਕੀ ਜਾਣੇ
ਜਿਸ ਤਨ ਲੱਗੇ ਸੋ ਤਨ ਜਾਣੇ
ਦੂਜਾ ਕਿਸੇ ਦੀ ਤਕਲੀਫ ਕੀ ਜਾਣੇ