ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਹੀ ਆਲ ਇੰਡੀਆ ਅੰਤਰ ਜ਼ੋਨਲ ਬੈਡਮਿੰਟਨ ਅਤੇ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਸੈਮੀਫਾਈਨਲ ’ਚ ਦਾਖ਼ਲੇ ਲਈ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਹੋਏ। ਕੁਆਰਟਰ ਫਾਈਨਲ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਲੜਕੇ-ਲੜਕੀਆਂ ਦੀਆਂ 4-4 ਟੀਮਾਂ ਨੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੰਪੀਟੀਸ਼ਨ ਡਾਇਰੈਕਟਰ ਸ਼੍ਰੀ ਸੁਰਿੰਦਰ ਮਹਾਜਨ, ਕੰਪੀਟੀਸ਼ਨ ਡਾਇਰੈਕਟਰ ਅਤੇ ਸਾਬਕਾ ਮੁੱਖ ਕੋਚ ਟੇਬਲ ਟੈਨਿਸ ਐਸ.ਏ.ਆਈ ਐਨ.ਐਸ ਐਨ.ਆਈ.ਐਸ ਪਟਿਆਲਾ ਸ਼੍ਰੀ ਵੀ.ਕੇ ਗੁਲਾਟੀ, ਡਿਪਟੀ ਰੈਫ਼ਰੀ ਅਤੇ ਮੁੱਖ ਕੋਚ ਟੇਬਲ ਟੈਨਿਸ ਐਸ.ਏ.ਆਈ ਐਨ.ਐਸ ਐਨ.ਆਈ.ਐਸ ਪਟਿਆਲਾ ਤੋਂ ਯਤੀਸ਼ ਕੁਮਾਰ ਦੀ ਨਿਗਰਾਨੀ ਅਧੀਨ ਸ਼ਾਨਦਾਰ ਮੁਕਾਬਲੇ ਖੇਡੇ ਜਾ ਰਹੇ ਹਨ।
ਪੰਜ ਰੋਜ਼ਾ ਚੈਂਪੀਅਨਸ਼ਿਪ ’ਚ ਬੈਡਮਿੰਟਨ ਅਤੇ ਟੇਬਲ ਟੈਨਿਸ ਮੁਕਾਬਲਿਆਂ ਲਈ ਉੱਤਰ, ਦੱਖਣ, ਪੂਰਬ, ਪੱਛਮ ਜ਼ੋਨਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਕ੍ਰਮਵਾਰ 32-32 ਕੁੱਲ 64 ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ। ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 32 ਟੀਮਾਂ ਦੇ 70 ਤੋਂ ਵੱਧ ਮਹਿਲਾ ਖਿਡਾਰੀ ਅਤੇ 110 ਪੁਰਸ਼ ਖਿਡਾਰੀ ਹਿੱਸਾ ਲੈ ਰਹੇ ਹਨ, ਜਦਕਿ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 65 ਮਹਿਲਾ ਖਿਡਾਰੀਆਂ ਸਮੇਤ 150 ਤੋਂ ਵੱਧ ਪ੍ਰਤੀਭਾਗੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ।
ਬੈਡਮਿੰਟਨ ਕੁਆਰਟਰ ਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੰਪੀਟੀਸ਼ਨ ਡਾਇਰੈਕਟਰ ਸ਼੍ਰੀ ਸੁਰਿੰਦਰ ਮਹਾਜਨ ਨੇ ਦੱਸਿਆ ਕਿ ਲੜਕੀਆਂ ਦੇ ਕੁਆਰਟਰ ਫਾਈਨਲ ਰਾਊਂਡ ਦੌਰਾਨ ਐਸ. ਫੂਲੇ ਯੂਨੀਵਰਸਿਟੀ ਪੂਨੇ ਦੀ ਟੀਮ ਨੇ ਓਸਮਾਨੀਆਂ ਯੂਨੀਵਰਸਿਟੀ ਹੈਦਰਾਬਾਦ ਦੀ ਟੀਮ ਨੂੰ 2-1 ਨਾਲ ਮਾਤ ਦਿੰਦਿਆਂ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਮਧੂਰਾਏ ਕਮਾਰਾਜ ਯੂਨੀਵਰਸਿਟੀ ਤਾਮਿਲਨਾਡੂ ਦੀ ਟੀਮ ਨੇ ਬਾਰਾਕਟੂਲਾਹ ਯੂਨੀਵਰਸਿਟੀ ਭੋਪਾਲ ਨੂੰ 2-0 ਨਾਲ ਹਰਾਇਆ ਜਦਕਿ ਐਸ.ਆਰ.ਐਮ ਯੂਨੀਵਰਸਿਟੀ ਚੇਨੱਈ ਦੀ ਖਿਡਾਰਣ ਨੇ ਰਾਂਚੀ ਯੂਨੀਵਰਸਿਟੀ ਦੀ ਟੀਮ ਨੂੰ 2-0 ਨਾਲ ਮਾਤ ਦਿੰਦਿਆਂ ਸੈਮੀਫਾਈਨਲ ਮੁਕਾਬਲਿਆਂ ’ਚ ਜਗ੍ਹਾ ਬਣਾਈ। ਇਸੇ ਤਰ੍ਹਾਂ ਜੈਨ ਯੂਨੀਵਰਸਿਟੀ ਬੰਗਲੌਰ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੂੰ 2-0 ਦੇ ਸਕੋਰਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚ ਬਣਾਈ।
ਲੜਕਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮਹਾਜਨ ਨੇ ਦੱਸਿਆ ਕਿ ਪਹਿਲੇ ਕੁਆਰਟਰ ਫਾਈਨਲ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਐਮ.ਡੀ.ਯੂ ਰੋਹਤਕ ਦੀ ਟੀਮ ਨੂੰ 3-2 ਦੇ ਸਕੋਰ ਨਾਲ ਮਾਤ ਦੇ ਕੇ ਸੈਮੀਫਾਈਨਲ ਮੁਕਾਬਲਿਆਂ ’ਚ ਜਗ੍ਹਾ ਬਣਾਈ ਜਦਕਿ ਐਸ.ਆਰ.ਐਮ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ ਤਾਮਿਲਨਾਡੂ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੂੰ 3-2 ਦੇ ਅੰਕਾਂ ਨਾਲ ਚਿੱਤ ਕਰਦਿਆਂ ਸੈਮੀਫਾਈਨਲ ਮੁਕਾਬਲਿਆਂ ’ਚ ਜਗ੍ਹਾ ਪੱਕੀ ਕੀਤੀ।ਇਸੇ ਤਰ੍ਹਾਂ ਤੀਜੇ ਕੁਆਰਟਰ ਫਾਈਨਲ ਰਾਊਂਡ ਦੌਰਾਨ ਜੈਨ ਯੂਨੀਵਰਸਿਟੀ ਬੰਗਲੌਰ ਦੇ ਖਿਡਾਰੀ ਨੇ ਸ਼ਿਵਾਜੀ ਯੂਨੀਵਰਸਿਟੀ ਕੋਹਲਾਪੁਰ ਦੇ ਖਿਡਾਰੀ ਨੂੰ 3-1 ਨਾਲ ਹਰਾਕੇ ਸੈਮੀਫਾਈਨਲ ’ਚ ਪਹੁੰਚ ਬਣਾਈ ਜਦਕਿ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੂਨੇ ਦੀ ਟੀਮ ਨੇ ਯੂਨੀਵਰਸਿਟੀ ਆਫ਼ ਕਾਲੀਕਟ ਕੇਰਲਾ ਦੀ ਟੀਮ ਨੂੰ 3-1 ਨਾਲ ਮਾਤ ਦਿੰਦਿਆਂ ਸੈਮੀਫਾਈਨਲ ਮੁਕਾਬਲਿਆਂ ’ਚ ਐਂਟਰੀ ਪੱਕੀ ਕੀਤੀ।
ਇਸੇ ਤਰ੍ਹਾਂ ਟੇਬਲ ਟੈਨਿਸ ਤਹਿਤ ਹੋਏ ਕੁਆਰਟਰ ਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੰਪੀਟੀਸ਼ਨ ਡਾਇਰੈਕਟਰ ਸ਼੍ਰੀ ਵੀ.ਕੇ ਗੁਲਾਟੀ ਨੇ ਦੱਸਿਆ ਕਿ ਲੜਕਿਆਂ ਦੇ ਕੁਆਰਟਰ ਮੈਚਾਂ ਦੌਰਾਨ ਚਿੱਤਕਾਰਾ ਯੂਨੀਵਰਸਿਟੀ ਪੰਜਾਬ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ 3-0, ਯੂਨੀਵਰਸਿਟੀ ਆਫ਼ ਮਦਰਾਸ ਨੇ ਅਦਾਮਸ ਯੂਨੀਵਰਸਿਟੀ ਕੋਲਕੱਤਾ ਨੂੰ 3-0, ਯੂਨੀਵਰਸਿਟੀ ਆਫ਼ ਮਿਜ਼ੂਰਾਮ ਦੀ ਟੀਮ ਨੇ ਐਸ.ਆਰ.ਐਮ ਯੂਨੀਵਰਸਿਟੀ ਚੇਨੱਈ ਨੂੰ 3-1 ਅਤੇ ਯੂਨੀਵਰਸਿਟੀ ਆਫ਼ ਮੁੰਬਈ ਦੀ ਟੀਮ ਨੇ ਐਮ.ਕੇ.ਬੀ ਯੂਨੀਵਰਸਿਟੀ ਭਾਵਨਗਰ (ਗੁਜਰਾਤ) ਦੀ ਟੀਮ ਨੂੰ 3-0 ਨਾਲ ਕਰਾਰੀ ਮਾਤ ਦਿੰਦਿਆਂ ਸੈਮੀਫਾਈਨਲ ’ਚ ਪਹੁੰਚ ਯਕੀਨੀ ਬਣਾਈ।ਲੜਕੀਆਂ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਯੂਨੀਵਰਸਿਟੀ ਆਫ਼ ਮਦਰਾਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 3-0, ਐਸ.ਆਰ.ਐਮ ਯੂਨੀਵਰਸਿਟੀ ਚੇਨੱਈ ਨੇ ਐਲ.ਐਨ.ਐਮ ਯੂਨੀਵਰਸਿਟੀ ਬਿਹਾਰ ਨੂੰ 3-0 ਨਾਲ, ਅਡਮਾਸ ਯੂਨੀਵਰਸਿਟੀ ਕੋਲਕੱਤਾ ਦੀ ਟੀਮ ਨੇ ਯੂਨੀਵਰਸਿਟੀ ਆਫ਼ ਨਾਰਥ ਬੰਗਾਲ ਦੀ ਟੀਮ ਨੂੰ 3-0 ਨਾਲ ਜਦਕਿ ਜੈਨ ਯੂਨੀਵਰਸਿਟੀ ਬੰਗਲੌਰ ਦੀ ਟੀਮ ਨੇ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੂਨੇ ਦੀ ਟੀਮ ਨੂੰ 3-0 ਨਾਲ ਚਿੱਤ ਕਰਦਿਆਂ ਸੈਮੀਫਾਈਨਲ ਮੁਕਾਬਲਿਆਂ ’ਚ ਜਗ੍ਹਾ ਪੱਕੀ ਕੀਤੀ।