ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿਤੀ 19 ਮਾਰਚ, 2022 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਾਤ-ਭਾਸ਼ਾ ਮੇਲੇ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਪੰਜਾਬ ਭਰ ਵਿਚੋਂ ਆਈਆਂ ਵੱਖ-ਵੱਖ ਕਾਲਜਾਂ ਦੀਆਂ 14 ਟੀਮਾਂ ਨੇ 7 ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਤਕਰੀਬਨ 150 ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰਸ਼ਨੋਤਰੀ, ਕਾਵਿ-ਸਿਰਜਣ, ਕਹਾਣੀ ਸਿਰਜਣ, ਕਾਵਿ ਉਚਾਰਣ, ਲੋਕ ਗੀਤ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ, ਕਵਿਤਾ ਪੋਸਟਰ ਮੁਕਾਬਲਿਆਂ ਵਿਚ ਸ਼ਿਕਰਤ ਕੀਤੀ। ਸਭਿਆਚਾਰਕ ਪ੍ਰਸ਼ੋਨਤਰੀ ਮੁਕਾਬਲੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਨੇ ਪਹਿਲਾ ਸਥਾਨ, ਜੀ.ਐਚ.ਜੀ ਹਰਪ੍ਰਕਾਸ਼ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵੂਮੈਨ ਸਿੱਧਵਾਂ ਖੁਰਦ ਨੇ ਦੂਜਾ ਸਥਾਨ ਤੇ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਲੋਕਗੀਤ ਮੁਕਾਬਲੇ ਵਿਚ ਏ.ਪੀ.ਜੇ ਕਾਲਜ ਆਫ਼ ਫ਼ਾਇਨ ਆਰਟਸ, ਜਲੰਧਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੋਕਗੀਤ ਮੁਕਾਬਲੇ ਵਿਚ ਏ.ਪੀ.ਜੇ ਕਾਲਜ ਆਫ਼ ਫ਼ਾਇਨ ਆਰਟਸ ਦੇ ਗਗਨਦੀਪ ਸਿੰਘ ਨੇ ਪਹਿਲਾ, ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨ, ਲੁਧਿਆਣਾ ਨੇ ਦੂਜਾ ਅਤੇ ਰਾਮਗੜ੍ਹੀਆਂ ਕਾਲਜ ਲੜਕੀਆਂ ਲੁਧਿਆਣਾ ਦੀ ਜਸਲੀਨ ਕੌਰ ਨੇ ਤੀਜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੀ ਮਨਪ੍ਰੀਤ ਕੌਰ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਕਾਵਿ-ਉਚਾਰਣ ਮੁਕਾਬਲੇ ਵਿਚ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਦਮਨਪ੍ਰੀਤ ਕੌਰ ਨੇ ਪਹਿਲਾ, ਖਾਲਸਾ ਕਾਲਜ ਫ਼ਾਰ ਵੂਮੈਨ, ਸਿਧਵਾਂ ਖੁਰਦ ਦੀ ਜਸਵਿੰਦਰ ਕੌਰ ਨੇ ਦੂਜਾ, ਏ.ਪੀ.ਜੇ. ਕਾਲਜ ਆਫ਼ ਫਾਇਨ ਆਰਟਸ, ਜਲੰਧਰ ਦੀ ਲਵਪ੍ਰੀਤ ਕੌਰ ਨੇ ਤੀਜਾ ਅਤੇ ਆਰੀਆ ਕਾਲਜ, ਲੁਧਿਆਣਾ ਦੇ ਦਿਲਰਾਜ ਸਿੰਘ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ। ਕਾਵਿ ਸਿਰਜਣ ਮੁਕਾਬਲੇ ਵਿਚ ਏ.ਪੀ.ਜੇ ਕਾਲਜ ਆਫ਼ ਫਾਇਨ ਆਰਟਸ
ਦੇ ਨਿਰਵੈਰ ਸਿੰਘ ਨੇ ਪਹਿਲਾ, ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੀ ਰਵਿੰਦਰ ਕੌਰ ਨੇ ਦੂਜਾ ਅਤੇ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ, ਲੁਧਿਆਣਾ ਦੇ ਗੁਰਤੇਜ ਸਿੰਘ ਕੋਲਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਵਿ-ਪੋਸਟਰ ਮੁਕਾਬਲੇ ਵਿਚ ਏ.ਪੀ.ਜੇ. ਕਾਲਜ ਆਫ਼ ਫਾਇਨ ਆਰਟਸ, ਜਲੰਧਰ ਦੇ ਪ੍ਰਿੰਸ ਪ੍ਰਭਾਕਰ ਨੇ ਪਹਿਲਾ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਹਰਗੁਨ ਕੌਰ ਨੇ ਦੂਜਾ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ ਦੀ ਮਨਮਿੰਦਰ ਕੌਰ ਨੇ ਤੀਜਾ ਤੇ ਮਾਹਿਲਪੁਰ ਖਾਲਸਾ ਕਾਲਜ ਦੀ ਪ੍ਰੇਰਨਾ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ। ਕਹਾਣੀ ਸਿਰਜਣ ਮੁਕਾਬਲੇ ਵਿਚ ਜੀ.ਐਚ.ਜੀ. ਹਰਪ੍ਰਕਾਸ਼ ਵੂਮੈਨ ਕਾਲਜ ਆਫ਼ ਐਜ਼ੂਕੇਸ਼ਨ, ਸਿੱਧਵਾਂ ਖੁਰਦ ਨੇ ਪਹਿਲਾ, ਖਾਲਸਾ ਕਾਲਜ ਫ਼ਾਰ ਵੂਮੈਨ ਲੁਧਿਆਣਾ ਦੀ ਕਮਲਦੀਪ ਕੌਰ ਨੇ ਦੂਜਾ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਗੁਰਮੀਤ ਕੌਰ ਨੇ ਤੀਜਾ ਅਤੇ ਏ.ਪੀ.ਜੇ ਕਾਲਜ ਆਫ਼ ਫ਼ਾਇਨ ਆਰਟਸ ਜਲੰਧਰ ਦੀ ਕਵਲਪ੍ਰੀਤ ਕੌਰ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ। ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਏ.ਪੀ.ਜੇ. ਕਾਲਜ ਆਫ਼ ਫ਼ਾਇਨ ਆਰਟਸ, ਜਲੰਧਰ ਨੇ ਪਹਿਲਾ, ਖਾਲਸਾ ਕਾਲਜ ਫ਼ਾਰ ਵੂਮੈਨ, ਸਿੱਧਵਾਂ ਖੁਰਦ ਨੇ ਦੂਜਾ, ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ ਨੇ ਤੀਜਾ ਅਤੇ ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ।
ਇਨ੍ਹਾਂ ਮੁਕਾਬਲਿਆਂ ਵਿਚ 13 ਕਾਲਜਾਂ ਨੂੰ ਪਛਾੜ ਕੇ ਏ.ਪੀ.ਜੇ ਕਾਲਜ ਆਫ਼ ਫ਼ਾਇਨ ਆਰਟਸ ਜਲੰਧਰ ਨੇ ਓਵਰਆਲ ਟਰਾਫ਼ੀ ਜਿੱਤੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਮੁੱਚੇ ਸ਼ਿਰਕਤ ਕੀਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕ ਇੰਚਾਰਜਾਂ ਨੂੰ ਜੀ ਆਇਆ ਕਹਿੰਦਿਆਂ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਅਕਾਡਮੀ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਹੋਇਆ ਕਾਲਜ ਦੀਆਂ ਟੀਮਾਂ ਨੂੰ ਮੁਕਾਬਲਿਆਂ ਵਿਚ ਭਾਗ ਲੈਣ ਲਈ ਭੇਜਿਆ। ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਨੇ ਸਭਿਆਚਾਰਕ ਪ੍ਰਸ਼ਨੋਤਰੀ ਦਾ
ਸੰਯੋਜਨ ਕੀਤਾ ਅਤੇ ਧੰਨਵਾਦੀ ਸ਼ਬਦ ਕਹਿੰਦਿਆਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਬਾਰੇ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਇਸ ਪ੍ਰੋਗਰਾਮ ਦੇ ਕਨਵੀਨਰ ਤਰਲੋਚਨ ਲੋਚੀ ਅਤੇ ਕੋ-ਕਨਵੀਨਰ ਡਾ.ਗੁਰਚਰਨ ਕੌਰ ਕੋਚਰ ਸਨ। ਪ੍ਰੋਗਰਾਮ ਦੇ ਅੰਤ ‘ਤੇ ਕਨਵੀਨਰ ਤਰਲੋਚਨ ਲੋਚੀ ਵਲੋਂ ਵੱਖ-ਵੱਖ ਮੁਕਾਬਿਲਆਂ ਦੀ ਜਜਮੈਂਟ ਕਰਨ ਵਾਲੇ ਜੱਜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ 21 ਫ਼ਰਵਰੀ 2023 ਵਿਚ ਮਾਤ-ਭਾਸ਼ਾ ਦਿਵਸ ਮੇਲੇ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ। ਇਸ ਮੌਕੇ ਅਕਾਡਮੀ ਦੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਮੇਲੇ ਵਿਚ ਸ਼ਮੂਲੀਅਤ ਕੀਤਾ।