ਦਿੱਲੀ -: ਦਿੱਲੀ ਦੀ ਸਿੱਖ ਸਿਆਸਤ ‘ਚ ਮੋਜੂਦਾ ਸਮੇਂ ਭਾਰੀ ਉਥਲ-ਪੁੱਥਲ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਇਕ ਪਾਸੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਿਜ ਧੜ੍ਹੇ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰਕੇ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦੇ ਨਾਮ ਤੇ ਨਵਾਂ ਦਲ ਬਣਾਉਨ ਦਾ ਐਲਾਨ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਅਚਨਚੇਤ ਜਾਗਿਆ ਮੋਹ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿੱਨੀ ਜਾਗੋ ਪਾਰਟੀ ਵਲੋਂ ਸੱਦੀ ਮੀਟਿੰਗ ‘ਚ ਪਾਰਟੀ ਦੇ ਕਾਰਕੁੰਨਾਂ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਣ ਦਾ ਭਰਪੂਰ ਹੁੰਗਾਰਾ ਦਿੱਤਾ ਸੀ। ਇਸ ਮੁਹਿੰਮ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਇਕ ਕਦਮ ਅਗੇ ਵੱਧਦੇ ਹੋਏ ਬੀਤੇ ਦਿਨੀ ਲੁਧਿਆਣਾ ਵਿਖੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਸੱਦ ਕੇ ਸ਼੍ਰੋਮਣੀ ਅਕਾਲੀ ਦਲ ਦੇ ਡਿਗਦੇ ਮਿਆਰ ਨੂੰ ਸਵਾਰਣ ਦੀ ਗਲ ਕਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਦੀ ਸਿੱਖ ਸਿਆਸਤ ‘ਚ ਵਿਚਰ ਰਹੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੂੰ ਹੁਣ ਅਚਨਚੇਤ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲਣ ਦਾ ਵਿਚਾਰ ਕਿਵੇਂ ਆਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗ੍ਰਾਫ ਬੀਤੇ ਲੰਬੇ ਸਮੇਂ ਤੋਂ ਡਿਗਦਾ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਆਪਣੀ ਹੋਂਦ ਨੂੰ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਕਾਇਮ ਰੱਖਣ ਲਈ ਤਰਲੋਂ-ਮੱਛੀ ਹੋ ਰਹੇ ਹਨ, ਜਦਕਿ ਇਹ ਜਗਜਾਹਿਰ ਹੈ ਕਿ ਆਪਣੇ ਹਉਮੇ ਨੂੰ ਤਿਆਗ ਕੇ ਨਾਂ ਤਾ ਕੋਈ ਵਿਰੋਧੀ ਧਿਰ ਇਕਜੁਟ ਹੋਣ ਲਈ ਰਾਜੀ ਹੋਵੇਗਾ ‘ਤੇ ਨਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੋਖੇ ਤਰੀਕੇ ਨਾਲ ਵਿਰੋਧੀ ਧਿਰ ਆਪਣੇ ਹੱਥਾਂ ‘ਚ ਲੈ ਸਕਣਗੇ।
ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਿਕ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦੀਆਂ ਕਨਸੋਹਾਂ ਮਿਲ ਰਹੀਆਂ ਹਨ। ਜੇਕਰ ਅਜਿਆ ਹੁੰਦਾ ਹੈ ਤਾਂ ਸਰਨਾ ਭਰਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਹਰਮੀਤ ਸਿੰਘ ਕਾਲਕਾ ਦੀ ਨਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ‘ਤੇ ਮਨਜੀਤ ਸਿੰਘ ਜੀ.ਕੇ. ਆਪਣੀ ਰਣਨੀਤੀ ਮੁਤਾਬਿਕ ਨੇੜ੍ਹਲੇ ਭਵਿਖ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕਾਬਿਜ ਹੋ ਸਕਦੇ ਹਨ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਹ ਦਿੱਲੀ ਦੀ ਸਿੱਖ ਸਿਆਸਤ ‘ਚ ਵੱਡੀ ਹੱਲਚਲ ਹੋਵੇਗੀ ਜਿਸਦਾ ਆਉਣ ਵਾਲੇ ਸਮੇਂ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਕੰਮ-ਕਾਜ ‘ਤੇ ਮਾੜ੍ਹਾ ਅਸਰ ਪੈ ਸਕਦਾ ਹੈ।