ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੁੰ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਕੇਂਦਰੀ ਫੰਡਾਂ ਨਾਲ ਇਕ ਕੌਮੀ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ।
ਮਨੁੱਖੀ ਸਰੋਤ ਵਿਕਾਸ ਮੰਤਰੀ ਨੁੰ ਲਿਖੇ ਇਕ ਪੱਤਰ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਦੁਨੀਆਂ ਭਰ ਵਿਚ ਰਹਿੰਦੇ ਸਿੱਖ ਇਹ ਚਾਹੁੰਦੇ ਹਨ ਕਿ ਨਵੀਂ ਦਿੱਲੀ ਵਿਚ ਇਕ ਕੌਮੀ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਜੋ ਸਿੱਖਾਂ ਦੇ ਇਤਿਹਾਸ, ਸਿੱਖ ਗੁਰੂ ਸਾਹਿਬਾਨ, ਸਿੱਖ ਸੰਸਥਾਵਾਂ ਤੇ ਹੋਰ ਸਬੰਧਤ ਸਿੱਖ ਸਾਹਿਤ ਬਾਰੇ ਸਿੱਖਿਆ ਪ੍ਰਦਾਨ ਕਰ ਸਕੇ।
ਸਰਦਾਰ ਕਾਲਕਾ ਨੇ ਕਿਹਾ ਕਿ ਪਹਿਲਾਂ ਹੀ ਹਿੰਦੂ ਤੇ ਮੁਸਲਿਮ ਧਰਮ ਬਾਰੇ ਸਿੱਖਿਆ ਪ੍ਰਦਾਨ ਕਰਦੀਆਂ ਬਨਾਰਸ ਹਿੰਦੂ ਯੂਨੀਵਰਸਿਟੀ ਤੇ ਅਲੀਗੜ ਮੁਸਲਿਮ ਯੂਨੀਵਰਸਿਟੀ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਦਾ ਜਵਾਬ ਹੱਕ ਬਣਦਾ ਹੈ ਕਿ ਉਹ ਆਪਦੀ ਇਕ ਕੌਮੀ ਸਿੱਖ ਯੂਨੀਵਰਸਿਟੀ ਸਥਾਪਿਤ ਕਰਨ ਅਤੇ ਚਲਾਉਣ।
ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਮੈਂਬਰ ਮਹਿੰਗੀਆਂ ਪ੍ਰਾਈਵੇਟ ਸੰਸਥਾਵਾਂ ਵਿਚ ਸਿੱਖਿਆ ਪ੍ਰਾਪਤ ਕਰਨ ਵਿਚ ਅਸਮਰਥ ਹਨ। ਕੌਮੀ ਸਿੱਖਿਆ ਨੀਤੀ 2022 ਵਿਚ ਆਪਣੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਵਿਵਸਥਾ ਹੈ।
ਉਹਨਾਂ ਨੇ ਸ੍ਰੀ ਪ੍ਰਧਾਨ ਨੁੰ ਅਪੀਲ ਕੀਤੀ ਕਿ ਉਹ ਲੋੜੀਂਦੇ ਹੁਕਮ ਜਾਰੀ ਕਰਨ ਕਿ ਕੇਂਦਰੀ ਫੰਡਾਂ ਨਾਲ ਇਕ ਕੌਮੀ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਜਿਸਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਜਾਵੇ ਜਿਹਨਾਂ ਨੇ ਸਰਵ ਉਚ ਬਲਿਦਾਨ ਦਿੱਤਾ ਤੇ ਜਿਹਨਾਂ ਦੀ ਇਸ ਸ਼ਹਾਦਤ ਪ੍ਰਤੀ ਹਰ ਵਰਗ ਦੇ ਲੋਕਾਂ ਦਾ ਸਿਰ ਅਦਬ ਨਾਲ ਝੁਕਦਾ ਹੈ।
ਉਹਨਾਂ ਆਸ ਪ੍ਰਗਟ ਕੀਤੀ ਕਿ ਮੰਤਰੀ ਸਿੱਖਾਂ ਕੌਮ ਦੀ ਇਸ ਵਾਜਬ ਮੰਗ ’ਤੇ ਤੁਰੰਤ ਕਾਰਵਾਈ ਕਰਨਗੇ ਅਤੇ ਲੋੜੀਂਦੀਆਂ ਕਾਰਵਾਈਆਂ ਪੂਰੀ ਕਰਨ ਦੀਆਂ ਹਦਾਇਤਾਂ ਦੇਣਗੇ।