ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਿਛਲੇ ਸਾਲ ਆਏ ਤੂਫਾਨ ਅਰਵੇਨ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਸੀ। ਇਸ ਤੂਫਾਨ ਨਾਲ ਵੱਡੀ ਗਿਣਤੀ ਵਿੱਚ ਦਰੱਖਤਾਂ ਦਾ ਵੀ ਨੁਕਸਾਨ ਹੋਇਆ ਸੀ। ਇਸ ਸੰਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਸਕਾਟਲੈਂਡ ਵਿੱਚ ਤੂਫਾਨ ਅਰਵੇਨ ਦੁਆਰਾ ਨੁਕਸਾਨੇ ਗਏ ਦਰੱਖਤਾਂ ਦੀ ਗਿਣਤੀ ਅਸਲ ਅਨੁਮਾਨ ਤੋਂ ਦੁੱਗਣੀ ਹੈ। ਸ਼ੁਰੂ ਵਿੱਚ ਇਹ ਸੋਚਿਆ ਗਿਆ ਸੀ ਕਿ 4,000 ਹੈਕਟੇਅਰ ਵੁੱਡਲੈਂਡ ਪ੍ਰਭਾਵਿਤ ਹੋਇਆ ਸੀ ਪਰ ਹੁਣ ਇਸਨੂੰ 8,000 ਹੈਕਟੇਅਰ ਜਾਂ ਲਗਭਗ 16 ਮਿਲੀਅਨ ਦਰਖਤਾਂ ਵਿੱਚ ਸੋਧਿਆ ਗਿਆ ਹੈ। ਫੋਰੈਸਟ ਰਿਸਰਚ ਨੇ ਕਿਹਾ ਕਿ ਬਿਹਤਰ ਕੰਪਿਊਟਰ ਮਾਡਲਿੰਗ, ਅਪਡੇਟ ਕੀਤੀ ਮੈਪਿੰਗ ਅਤੇ ਮਾਲਕਾਂ ਦੇ ਡੇਟਾ ਨੇ ਇਸ ਦੇ ਅੰਕੜਿਆਂ ਵਿੱਚ ਵਾਧਾ ਕੀਤਾ ਹੈ। ਤੂਫਾਨ ਅਰਵੇਨ ਨਵੰਬਰ ਦੇ ਅਖੀਰ ਵਿੱਚ ਆਇਆ ਸੀ ਜਿਸ ਨਾਲ ਖਾਸ ਤੌਰ ‘ਤੇ ਉੱਤਰ-ਪੂਰਬੀ ਅਤੇ ਦੱਖਣੀ ਸਕਾਟਲੈਂਡ ਵਿੱਚ ਨੁਕਸਾਨ ਹੋਇਆ। ਫੋਰੈਸਟਰੀ ਐਂਡ ਲੈਂਡ ਸਕਾਟਲੈਂਡ (ਢਲ਼ਸ਼) ਦੀ ਟੀਮ ਤੂਫਾਨ ਦੇ ਨੁਕਸਾਨ ਦੇ ਮਹੱਤਵਪੂਰਨ ਪੱਧਰਾਂ ਨਾਲ ਨਜਿੱਠਣ ਲਈ ਠੇਕੇਦਾਰਾਂ ਨਾਲ ਕੰਮ ਕਰ ਰਹੀ ਹੈ ਹਾਲਾਂਕਿ ਕੁੱਝ ਸਥਾਨਾਂ ਦੇ ਮਹੀਨਿਆਂ ਤੱਕ ਪ੍ਰਭਾਵਤ ਰਹਿਣ ਦੀ ਸੰਭਾਵਨਾ ਹੈ। ਬਹੁਤ ਸਾਰੇ ਜ਼ਮੀਨ ਮਾਲਕ ਅਜੇ ਵੀ ਜ਼ਮੀਨ ਕਲੀਅਰ ਕਰ ਰਹੇ ਹਨ ਅਤੇ ਇਹ ਕੰਮ ਆਉਣ ਵਾਲੇ ਮਹੀਨਿਆਂ ਤੱਕ ਜਾਰੀ ਰਹੇਗਾ।
ਸਕਾਟਲੈਂਡ : ਤੂਫਾਨ ਅਰਵੇਨ ਨੇ ਲਗਭਗ 16 ਮਿਲੀਅਨ ਦਰੱਖਤਾਂ ਦਾ ਕੀਤਾ ਨੁਕਸਾਨ
This entry was posted in ਅੰਤਰਰਾਸ਼ਟਰੀ.