ਦਿੱਲੀ –: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਖਿਲਾਫ ਗੋਲਕ ਦੀ ਦੁਰਵਰਤੋਂ ਦੀ ਸ਼ਿਕਾਇਤਾਂ ਤੋਂ ਬਾਅਦ ਹੁਣ ਕਮੇਟੀ ਦੇ ਕੰਮ-ਕਾਜ ‘ਚ ਗੁਰਮੁਖੀ ਭਾਸ਼ਾ ਨੂੰ ਅਲੋਪ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਮੋਜੂਦਾ ਪ੍ਰਬੰਧਕਾਂ ਵਲੋਂ ਗੁਰਮੁਖੀ ਭਾਸ਼ਾ ਨੂੰ ਦਰਕਿਨਾਰ ਕਰਦਿਆਂ ਕਮੇਟੀ ਦੇ ਕੰੰੰਮ-ਕਾਜ ‘ਚ ਅੰਗਰੇਜੀ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਨਿਯਮਾਂ ਮੁਤਾਬਿਕ ਕਮੇਟੀ ਦੇ ਮੁੱਖ ਮਨੋਰਥਾਂ ‘ਚ ਗੁਰਮੁਖੀ ਭਾਸ਼ਾ ਦਾ ਪ੍ਰਚਾਰ ‘ਤੇ ਪ੍ਰਸਾਰ ਕਰਨ ਦਾ ਜਿਕਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿੱਨੀ ਕਮੇਟੀ ਪ੍ਰਬੰਧਕਾਂ ਵਲੋਂ ਦਿੱਲੀ ਕਮੇਟੀ ਦੇ ਵੱਖ-ਵੱਖ ਗੁਰਦੁਆਰਿਆਂ ‘ਤੇ ਅਦਾਰਿਆਂ ‘ਚ ਚੇਅਰਮੈਨ ‘ਤੇ ਮੈਨੇਜਰ ਦੇ ਅਹੁਦਿਆਂ ‘ਤੇ ਨਿਵਾਜਣ ਦੇ ਨਿਯੁਕਤੀ ਪੱਤਰ ਅੰਗਰੇਜੀ ਭਾਸ਼ਾ ‘ਚ ਜਾਰੀ ਕੀਤੇ ਗਏ ਹਨ, ਜਦਕਿ ਕੁੱਝ ਸਮਾਂ ਪਹਿਲਾਂ ਦਿੱਲੀ ਕਮੇਟੀ ਦੇ ਅਕਾਉਂਟ ਵਿਭਾਗ ਦੀ ਅਹਿਮ ਜੁੰਮੇਵਾਰੀ ਇਕ ਅਜੇਹੇ ਚਾਰਟਰਡ ਅਕਾਉਂਟੈਟ ਨੂੰ ਦਿੱਤੀ ਗਈ ਹੈ ਜਿਸਦੀ ਮੋਜੂਦਾ ਦਿੱਲੀ ਗੁਰਦੁਆਰਾ ਚੋਣਾਂ ਦੋਰਾਨ ਕੋ-ਆਪਸ਼ਨ ਵਜੌਂ ਦਾਖਿਲ ਕੀਤੀ ਨਾਮਜਦਗੀ ਕੇਵਲ ਇਸ ਕਾਰਨ ਰੱਦ ਕੀਤੀ ਗਈ ਸੀ ਕਿਉਂਕਿ ਇਸ ਵਿਅਕਤੀ ਨੂੰ ਗੁਰਮੁਖੀ ਪੜ੍ਹਨੀ ‘ਤੇ ਲਿਖਣੀ ਨਹੀ ਆਉਂਦੀ ਸੀ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੈ ਕਿ ਗੁਰਮੁਖੀ ਤੋਂ ਵਿਹੂਣੇ ਅਜਿਹੇ ਵਿਅਕਤੀ ਨੂੰ ਕਮੇਟੀ ਦੇ ਅਹਿਮ ਅਹੁਦੇ ‘ਤੇ ਨਿਯੁਕਤ ਕਰਨ ਦੀ ਕੀ ਮਜਬੂਰੀ ਸੀ ‘ਤੇ ਕੀ ਗੁਰਮੁਖੀ (ਪੰਜਾਬੀ) ਭਾਸ਼ਾ ‘ਚ ਲਿਖੇ ਆਫਿਸ ਨੋਟ, ਵੋਚਰ ‘ਤੇ ਪ੍ਰਬੰਧਕਾਂ ਦੇ ਆਦੇਸ਼ਾਂ ਨੂੰ ਪੜ੍ਹਨ ‘ਚ ਅਸਮਰੱਥ ਇਹ ਚਾਰਟਰਡ ਅਕਾਉਂਟੈਂਟ ਕਮੇਟੀ ਦੇ ਖਾਤਿਆਂ ਦੀ ਪੜ੍ਹਚੋਲ ਕਰ ਸਕੇਗਾ ?
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਾਲ 2021 ‘ਚ ਨੇਪਰੇ ਚੜ੍ਹੀਆਂ ਦਿੱਲੀ ਗੁਰਦੁਆਰਾ ਚੋਣਾਂ ਤੋਂ ਉਪਰੰਤ ਗੁਰਮੁਖੀ ਭਾਸ਼ਾ ਦਾ ਗਿਆਨ ਨਾ ਹੋਣ ਸਮੇਤ ਤਕਰੀਬਨ 2 ਦਰਜਨ ਚੋਣ ਪਟੀਸ਼ਨਾਂ ਵੱਖ-ਵੱਖ ਜੇਤੂ ਮੈਂਬਰਾਂ ਦੇ ਖਿਲਾਫ ਅਦਾਲਤਾਂ ‘ਚ ਲੰਬਿਤ ਹਨ, ਜਿਸ ਕਾਰਨ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਣ ਦੇ ਪੂਰੇ ਆਸਾਰ ਹਨ। ਸ. ਇੰਦਰ ਮੋਹਨ ਸਿੰਘ ਨੇ ਅਜਿਹੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਮੈਂਬਰੀ ਤੋਂ ਨੈਤਿਕ ਆਧਾਰ ‘ਤੇ ਤੁਰੰਤ ਅਸਤੀਫਾ ਦੇਣ ਕਿਉਂਕਿ ਗੁਰਮੁਖੀ ਭਾਸ਼ਾ ਦੇ ਗਿਆਨ ਤੋਂ ਵਿਹੂਣੇ ਅਜਿਹੇ ਮੈਂਬਰ ਸਿੱਖੀ ਦਾ ਪ੍ਰਚਾਰ ‘ਤੇ ਪ੍ਰਸਾਰ ਕਿਵੇਂ ਕਰ ਸਕਦੇ ਹਨ। ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਨਿਜੀ ‘ਤੇ ਸਿਆਸੀ ਮੁਫਾਦਾਂ ਨੂੰ ਦਰਕਿਨਾਰ ਕਰਦਿਆਂ ਸਿੱਖੀ ‘ਤੇ ਗੁਰਮੁਖੀ ਭਾਸ਼ਾ ਦੇ ਪ੍ਰਚਾਰ ‘ਤੇ ਪ੍ਰਸਾਰ ਵੱਲ ਧਿਆਨ ਦੇਣ ‘ਤੇ ਕਮੇਟੀ ਦੇ ਕੰਮ-ਕਾਜ ਅੰਗਰੇਜੀ ਭਾਸ਼ਾ ‘ਚ ਕਰਨ ਤੋਂ ਗੁਰੇਜ ਕਰਨ।