ਨਨਕਾਣਾ ਸਾਹਿਬ – (ਜਾਨਮ ਸਿੰਘ) – ਪਾਕਿਸਤਾਨ ‘ਚ 3 ਅਪ੍ਰੈਲ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ। ਦੱਸ ਦੇਈਏ ਕਿ ਰਮਜ਼ਾਨ ਨੂੰ ਰਮਦਾਨ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਦੁਨੀਆ ਭਰ ਦੇ ਮੁਸਲਮਾਨ ਅੱਲ੍ਹਾ ਦੀ ਇਬਾਦਤ ਕਰਦੇ ਹਨ ਅਤੇ ਰੋਜ਼ੇ (ਵਰਤ) ਰੱਖਦੇ ਹਨ। ਇਸਲਾਮਿਕ ਕੈਲੰਡਰ ਦੇ ਅਨੁਸਾਰ ਇਹ ਨੌਵਾਂ ਮਹੀਨਾ ਹੈ। ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।
ਇਸਲਾਮ ਦੇ ਅਨੁਸਾਰ ਇਸ ਮਹੀਨੇ ਦੌਰਾਨ ਮੁਸਲਮਾਨ ਸਵੇਰ ਤੋਂ ਸੂਰਜ ਡੁੱਬਣ ਤੱਕ, ਦਿਨ ਦੇ ਸਮੇਂ ਦੌਰਾਨ ਰੋਜ਼ਾ ਰੱਖਣ ਅਤੇ ਨਮਾਜ਼ ਪੜ੍ਹਣ ਵਿੱਚ ਬਿਤਾਉਂਦੇ ਹਨ। ਸਾਰਾ ਦਿਨ ਪਾਣੀ ਦੀ ਇੱਕ ਬੂੰਦ ਵੀ ਹਲਕ ਤੋਂ ਹੇਠਾਂ ਨਹੀਂ ਹੋਣੀ ਚਾਹੀਦੀ। ਇੱਥੋਂ ਤੱਕ ਕਿ ਕਿਸੇ ਕਿਸਮ ਦਾ ਧੂਆਂ ਆਦਿ ਵੀ ਹਲਕ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ। ਦਿਨ ਬੀਤਣ ਤੇ ਰੋਜ਼ਾਦਾਰ ਖ਼ਜੂਰਾਂ, ਫਲ ਜਾਂ ਹੋਰ ਮਿੱਠੇ ਪਕਵਾਨ ਖਾ ਕੇ ਇਫ਼ਤਾਰੀ (ਰੋਜ਼ਾ ਖਤਮ) ਕਰਦੇ ਹਨ। ਪਾਕਿਸਤਾਨ ਵਿੱਚ ਬਹੁਤ ਸਾਰੇ ਸ਼ਹਿਰਾਂ ‘ਚ ਸਿੱਖ ਭਾਈਚਾਰੇ ਵੱਲੋਂ ਵੀ ਆਪਣੇ ਮੁਸਲਮਾਨ ਭਰਾਵਾਂ ਨੂੰ ਇਫ਼ਤਾਰੀ ਕਰਵਾਈ ਜਾਂਦੀ ਹੈ। ਜਿਸ ਨਾਲ ਪਿਆਰ ‘ਚ ਹੋਰ ਵਾਧਾ ਨਜ਼ਰ ਆਉਂਦਾ ਹੈ।
ਮੁਸਲਮਾਨਾਂ ਨੂੰ ਹਦਾਇਤ ਹੈ ਕਿ ਉਹ ਰੋਜ਼ਾਨਾ ਪੰਜ ਵੇਲੇ ਨਮਾਜ਼ ਅਤਾ ਕਰਨ। ਆਮ ਤੌਰ ਤੇ ਰਮਜ਼ਾਨ ਦੇ ਮਹੀਨੇ ਨਮਾਜ਼ ਜਮਾਤੀ ਤੌਰ ਤੇ ਕੀਤੀ ਜਾਂਦੀ ਹੈ।
ਇਸਲਾਮਿਕ ਕੈਲੰਡਰ ਅਨੁਸਾਰ ਪਹਿਲਾ ਮਹੀਨਾ ਮੂਹਰਮ ਹੈ, ਦੂਜਾ ਸਫਰ, ਤੀਜਾ ਰੱਬੀ ਅਲ ਅੱਵਲ, ਚੌਥਾ ਰੱਬੀ ਅਲ ਥਾਨੀ, ਪੰਜਵਾਂ ਜੁਮਦਾ ਅਲ ਅੱਵਲ, ਛੇਵਾਂ ਜੁਮਦਾ ਅਲ ਥਾਨੀ, ਸੱਤਵਾਂ ਰਜਬ, ਅੱਠਵਾਂ ਸ਼ਾਬਾਨ, ਨੌਵਾਂ ਰਮਜ਼ਾਨ, ਦਸਵਾਂ ਸ਼ਾਵਲ, ਗਿਆਰ੍ਹਵਾਂ ਦੂਹਾ ਅਲ ਕਿਦਾਹ ਅਤੇ ਬਾਰ੍ਹਵਾਂ ਦੂਹਾ ਅਲ ਹਿਜ਼ਾਹ ਹੈ। ਇਸਲਾਮਿਕ ਕੈਲੰਡਰ ਚੰਦਰਮਾ ਦੇ ਹਿਸਾਬ ਨਾਲ ਚੱਲਦਾ ਹੈ।
ਅੱਜ ਚੰਨ ਦੇ ਨਜ਼ਰ ਆਉਣ ਦੀ ਖਬਰ ਸੁਣਦੇ ਹੀ ਨਨਕਾਣਾ ਸਾਹਿਬ ਦੇ ਬਾਜ਼ਾਰਾਂ ਵਿੱਚ ਰਮਜ਼ਾਨ ਦੀਆਂ ਰੌਣਕਾਂ ਨਜ਼ਰ ਆਉਣ ਲੱਗ ਪਈਆਂ ਹਨ। ਸ਼ਾਮ ਤੋਂ ਹੀ ਲੋਕ ਇੱਥੇ ਰਮਜ਼ਾਨ ਦੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਬਾਜ਼ਾਰ ‘ਚ ਵੀ ਕਾਫੀ ਉਤਸ਼ਾਹ ਹੈ।
ਰਮਜ਼ਾਨ ਦਾ ਪਹਿਲਾ ਰੋਜ਼ਾ ਮੁਸਲਮਾਨ ਭੈਣ-ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕ।
ਅੱਲਾਹ ਪਾਕ ਰੋਜ਼ਾ ਰੱਖਣ ਵਾਲਿਆਂ ਨੂੰ ਤਾਕਤ ਤੇ ਖੁਲਾਉਣ ਵਾਲਿਆਂ ਨੂੰ ਨਿਆਮਤਾਂ ਦਿੰਦੇ ਰਹਿਣ।