ਬਲਾਚੌਰ, (ੳਮੇਸ਼ ਜੋਸ਼ੀ) -: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਵਿਡ ਤੋਂ ਬਚਾਅ ਲਈ 12 ਤੋਂ 14 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਬਲਾਕ ਬਲਾਚੌਰ ਅੰਦਰ 12-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਦੀ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ‘ਕੋਰਬੀਵੈਕਸ’ ਵੈਕਸੀਨ ਲਗਾਈ ਜਾ ਰਹੀ ਹੈ, ਜੋ ਬੱਚਿਆਂ ਵਿੱਚ ਕੋਰੋਨਾ ਵਾਇਰਸ ਦੇ ਗੰਭੀਰ ਸੰਕ੍ਰਮਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਬੱਚਿਆਂ ਨੂੰ 28 ਦਿਨਾਂ ਦੇ ਵਕਫੇ ਬਾਅਦ ਕੋਰਬੀਵੈਕਸ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ। ਡਾ. ਮਾਨ ਨੇ ਮਾਪਿਆਂ, ਚੁਣੇ ਹੋਏ ਨੁਮਾਇੰਦਿਆਂ, ਵਲੰਟੀਅਰਾਂ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਯਕੀਨੀ ਬਣਾਉਣ । ਬਲਾਕ ਬਲਾਚੌਰ ਦੇ ਹਰ ਯੋਗ ਲਾਭਪਾਤਰੀਆਂ ਨੂੰ ਵੀ ਕੋਵਿਡ ਵੈਕਸੀਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਇਸ ਲਾਗ ਦੀ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ, ਇਸ ਲਈ ਅਦਿੱਖ ਦੁਸ਼ਮਣ ਵਿਰੁੱਧ ਜੰਗ ਜਿੱਤਣ ਲਈ ਲੋਕਾਂ ਨੂੰ ਇਸ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਮੁਕੰਮਲ ਟੀਕਾਕਰਨ ਵਾਲਾ ਵਿਅਕਤੀ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਇਹ ਬਿਮਾਰੀ ਉਸ ਵਿਅਕਤੀ ਲਈ ਜਾਨਲੇਵਾ ਨਹੀਂ ਬਣਦੀ।