ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਖੰਡ ਕੀਰਤਨੀ ਜੱਥੇ ਵਲੋਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਭਾਈ ਤੇਜੇਸ਼ਵਰ ਸਿੰਘ ਫਰੀਦਾਬਾਦ, ਭਾਈ ਹਰਦੀਪ ਸਿੰਘ ਦਿੱਲੀ, ਭਾਈ ਚਰਨਜੀਤ ਸਿੰਘ ਯੂਕੇ ਅਤੇ ਭਾਈ ਜਗਪਾਲ ਸਿੰਘ ਯੂਕੇ ਨੇ ਉਚੇਚੇ ਤੋਰ ਤੇ ਹਾਜ਼ਿਰੀ ਭਰੀ ਸੀ ।
ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ ਨਿਰੰਕਾਰੀ ਮੁੱਖੀ ਗੁਰਬਚਨ ਸਿਹੁੰ ਵਲੋਂ ਲਗਾਤਾਰ ਸਿੱਖਾਂ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਲਈ ਕੌਮ ਅੰਦਰ ਬਹੁਤ ਰੋਸ਼ ਸੀ । ਸੰਨ 1978 ਦੀ ਵਿਸਾਖੀ ‘ਤੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਉਸਨੇ ਜਲਸੇ ਅਤੇ ਜਲੂਸ ਦੀ ਆਗਿਆ ਲੈ ਲਈ। ਜਲਸੇ ਦੀ ਗਿਣਤੀ ਕੋਈ 50,000 ਦੇ ਕਰੀਬ ਸੀ। ਜਲੂਸ ਜੋ ਕਿ ਸਵੇਰ ਦੇ 7 ਵਜੇ ਕੱਢਿਆ ਗਿਆ। ਜਲੂਸ, ਜਿਸ ਵਿਚ ਕਲੰਕੀ ਨਿਰੰਕਾਰੀ ਗੁਰਬਚਨ ਸਿੰਘ ਅਤੇ ਉਸ ਦੀ ਪਤਨੀ ਅਖੌਤੀ ਰਾਜ ਮਾਤਾ ਕੁਲਵੰਤ ਕੌਰ ਇਕ ਪਾਲਕੀ ‘ਤੇ ਸਵਾਰ ਸਨ, ਨਰੰਕਾਰੀ ਮਢੀਰ ਨਾਅਰੇ ਲਾ ਰਹੀ ਸੀ, ‘ਅੱਜ ਦਾ ਨਾਨਕ ਆਇਆ ਹੈ’ ‘ਤਾਰਨ ਵਾਲਾ ਆਇਆ ਹੈ’।
ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਮਾਲ ਮੰਤਰੀ ਜੀਵਣ ਸਿੰਘ ਉਮਰਾਨੰਗਲ ਨੂੰ ਮਿਲੇ ਅਤੇ ਨਕਲੀ ਨਿਰੰਕਾਰੀਆਂ ਨੂੰ ਨਾਅਰੇਬਾਜ਼ੀ ਤੋਂ ਵਰਜਣ ਲਈ ਕਿਹਾ। ਉਮਰਾਨੰਗਲ ਨੇ ਕਿਹਾ ਕੇ ਨਿਰੰਕਾਰੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਅਧਿਕਾਰੀਆਂ ਤੋਂ ਜਲਸੇ ਅਤੇ ਜਲੂਸ ਦੀ ਆਗਿਆ ਲਈ ਹੈ, ਉਹ ਕੁਝ ਨਹੀਂ ਕਰ ਸਕਦਾ।
ਸੰਤ ਭਿੰਡਰਾਵਾਲੇ ਨੇ ਅਜੀਤ ਨਗਰ, ਜਿੱਥੇ ਅਖੰਡ ਕੀਰਤਨੀ ਜਥੇ ਦਾ ਸਮਾਗਮ ਹੋ ਰਹਾ ਸੀ, ਵੱਲ ਸਨੇਹਾਂ ਭੇਜ ਦਿੱਤਾ ਕਿ ਕਲੰਕੀ ਨਿਰੰਕਾਰੀ ਸਿੱਖੀ ਦੀ ਹੇਠੀ ਕਰ ਰਹੇ ਹਨ, ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ। ਅਖੰਡ ਕੀਰਤਨੀ ਜਥੇ ਵਾਲੇ ਗੁਰੂ ਰਾਮ ਦਾਸ ਸਰਾਂਅ ਵਿਚ ਸੰਤ ਭਿਡਰਾਂਵਾਲੇ ਨੂੰ ਆ ਮਿਲੇ। ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਇਕੱਠੇ ਹੋ ਕੇ ਜੱਥੇ ਦੇ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਨਕਲੀ ਨਿਰੰਕਾਰੀਆਂ ਦੇ ਪੰਡਾਲ ਵੱਲ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਤੁਰ ਪਏ। ਪੁਲਿਸ ਨੇ ਸਿਖ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੇ ਨਹੀਂ। ਅੱਗੋਂ ਕਲੰਕੀ ਨਿਰੰਕਾਰੀਆਂ ਅਤੇ ਪਿੱਛੋਂ ਪੁਲਿਸ ਨੇ ਗੋਲੀ ਚਲਾ ਦਿੱਤੀ। ਅਖੰਡ ਕੀਰਤਨੀ ਜਥੇ ਦੇ 11 ਅਤੇ ਟਕਸਾਲ ਦੇ 2 ਸਿੰਘ ਸ਼ਹੀਦ ਹੋ ਗਏ ਅਤੇ 80 ਤੋਂ ਵੱਧ ਫੱਟੜ ਹੋਏ ਸਨ ਤੇ ਗੁਰਬਚਨ ਸਿੰਘ ਸਰਕਾਰੀ ਛੱਤਰਛਾਇਆ ਹੇਠ ਡੀ.ਸੀ ਦੀ ਕਾਰ ਤੇ ਜਲੰਧਰ ਜਾ ਵੜਿਆ ਸੀ ।