ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਜੰਗ ‘ਹਿੰਦ-ਪੰਜਾਬ’ ਦੀ ਹੈ, ਪੰਜਾਬ-ਹਰਿਆਣਾ ਦੀ ਨਹੀਂ, ਸਾਨੂੰ ਆਪਣੇ ਕੌਮੀ ਰੁਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਸੈਂਬਲੀ ਵਿੱਚ ਚੰਡੀਗੜ੍ਹ ਉਤੇ ਹੱਕ ਜਿਤਾਉਣ ਵਾਲਾ ਮੱਤਾ ਪਾਸ ਹੋਣ ਤੋਂ ਬਾਦ, ਹਰਿਆਣਾ ਇੱਕ ਵਿਰੋਧੀ ਧਿਰ ਵਾਂਗ ਸਾਹਮਣੇ ਖੜ੍ਹਾ ਹੋ ਰਿਹਾ ਹੈ । ਇੱਥੇ ਇੱਕ ਗੱਲ ਸਾਡੇ ਸੋਚਣ/ਸਮਝਣ ਵਾਲੀ ਹੈ, ਜਦੋਂ ਅਸੀਂ ਪੰਜਾਬ ਦੇ ਕਿਸੇ ਹੱਕ ਦੀ ਗੱਲ ਕਰਦੇ ਹਾਂ, ਤਾਂ ਹਰਿਆਣਾ, ਜਾਂ ਹਿਮਾਚਲ ਵਿਰੋਧ ਵਿੱਚ ਆ ਖੜ੍ਹਦੇ ਹਨ । ਚੰਡੀਗੜ੍ਹ ਦਾ ਮਸਲਾ ਹੋਵੇ, ਜਾਂ ਭਾਖੜ੍ਹਾ ਡੈਮ ਦਾ ਮਸਲਾ ਹੋਵੇ, ਸਾਰੇ ਮਸਲੇ ਪੰਜਾਬ ਦੀ ਸਿੱਖ ਪਹਿਚਾਣ ਨਾਲ ਜੁੜ੍ਹੇ ਹੋਏ ਹਨ । ਹਿੰਦੁਸਤਾਨੀ ਸਟੇਟ ਦੀ ਸ਼ੁਰੂ ਤੋਂ ਇਹ ਨੀਤੀ ਰਹੀ ਹੈ ਕਿ ਸਿੱਖਾਂ ਨੂੰ ਛੋਟੀਆਂ ਛੋਟੀਆਂ ਲੜ੍ਹਾਈਆਂ ਵਿੱਚ ਉਲਝਾ ਕੇ ਰਖਿਆ ਜਾਵੇ ਤਾਂ ਜੋ ਉਹ ਆਪਣੀ ਅਸਲ ਮੰਜ਼ਿਲ ਵੱਲ ਧਿਆਨ ਕੇਂਦ੍ਰਿਤ ਨਾ ਕਰ ਸਕਣ । ਅਗਰ ਅਸੀਂ ਆਜ਼ਾਦ ਪੰਜਾਬ/ ਖਾਲਿਸਤਾਨ ਦੀ ਗੱਲ ਕਰੀਏ ਤਾਂ ਸਾਡੇ ਵਿਰੋਧ ਵਿੱਚ ਹਿੰਦ ਸਟੇਟ ਖੜ੍ਹਦੀ ਹੈ । ਇੰਝ ਸਾਡੀ ਲੜਾਈ ਪੰਜਾਬ-ਹਰਿਆਣਾ ਦੀ ਨਹੀਂ, ‘ਹਿੰਦ-ਪੰਜਾਬ’ ਦੀ ਬਣਦੀ ਹੈ । ਇਸ ਕਰਕੇ ਅਸੀਂ ਹਰਿਆਣਾ, ਹਿਮਾਚਲ ਵਰਗੇ ਛੋਟੇ ਵਿਰੋਧੀਆਂ ਨਾਲ ਲੜ੍ਹਾਈ ਕਿਓਂ ਬਣਣ ਦੇਈਏ.? ਅਤੇ ਕਿਓਂ ਨਾ ਅਸੀਂ ਆਪਣੇ ਅਸਲ ਦੁਸ਼ਮਣ ਭਾਰਤੀ ਸਟੇਟ ਵਿਰੁੱਖ ਆਪਣੀ ਲੜ੍ਹਾਈ ਸੇਧਤ ਰੱਖੀਏ.?
ਇਸ ਗੱਲ ਦਾ ਵੀ ਧਿਆਨ ਰਖਿਆ ਜਾਏ ਕਿ ਸਾਡੀ ਬਰਾਬਰੀ ਹਿੰਦੁਸਤਾਨੀ ਸਟੇਟ ਨਾਲ ਹੈ, ਉਸ ਦੀ ਕਿਸੇ ਸੂਬੇਦਾਰੀ ਨਾਲ ਨਹੀਂ । ਸਾਨੂੰ ਜੰਗ ਵਿੱਚ ਵੀ ਆਪਣੇ ਕੌਮੀ ਰੁਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ । ਉਨ੍ਹਾਂ ਨੂੰ ਪੁਛੇ ਗਏ ਸੁਆਲ ਕਿ ਹਰਿਆਣਾ ਅਤੇ ਹਿਮਾਚਲ ਦੀ ਪਿੱਠ ਕੌਣ ਥਾਪਰਦਾ ਹੈ ਤਾਂ ਉਨ੍ਹਾਂ ਬੇਬਾਕੀ ਨਾਲ ਕਿਹਾ “ਕੇਂਦਰ ਸਰਕਾਰ”। ਇਹ ਪੁੱਛੇ ਜਾਨ ਤੇ ਕਿ ਸੈਂਟਰ ਸਿੱਖਾਂ ਨੂੰ ਕੁਝ ਵੀ ਦੇਣਾ ਨਹੀਂ ਚਾਹੁੰਦੀ ਹੈ ਉਲਟਾ ਜੋ ਕੁਝ ਵੀ ਉਨ੍ਹਾਂ ਦੇ ਪੱਲੇ ਹੈ ਓਹ ਵੀ ਉਨ੍ਹਾਂ ਲੈ ਲੈਣਾ ਹੈ, ਉਨ੍ਹਾਂ ਕਿ ਇਹ ਸਪਸ਼ਟ ਹੈ ਕੇਂਦਰ ਸਿੱਖਾਂ ਨੂੰ ਵੱਧ ਤੋਂ ਵੱਧ ਕਮਜ਼ੋਰ ਕਰਣ ਦਾ ਹਰ ਯਤਨ ਕਰਦੀ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਭਾਵੇਂ ਮੁਸਲਮਾਨ ਹਿੰਦੂਤਵੀਂਆਂ ਦੇ ਨਿਸ਼ਾਨੇ ਤੇ ਹਨ ਪਰ ਪੰਜਾਬ ਵਿਚ ਸਿੱਖ ਵੀ ਉਨ੍ਹਾਂ ਦੇ ਨਿਸ਼ਾਨੇ ਤੇ ਹਨ ਇਹ ਨਹੀਂ ਭੁਲਣਾ ਚਾਹੀਦਾ, ਇਸ ਕਰਕੇ ਸਾਰੀ ਗ਼ੈਰ ਹਿੰਦੂ ਕੌਮਾ ਨੂੰ ਇੱਕਠੇ ਹੋ ਕੇ ਇਨ੍ਹਾਂ ਦਾ ਮੁਕਾਬਲਾ ਕਰਣਾ ਚਾਹੀਦਾ ਹੈ ।