ਭਰੋਸਾ, ਸਸ਼ਕਤੀਕਰਨ ਅਤੇ ਜਵਾਬਦੇਹੀ ਸੁਚੱਜੇ ਭਵਿੱਖ ਦੇ ਨਿਰਮਾਣ ’ਚ ਮਾਰਗਦਰਸ਼ਕ ਬਣਦੇ ਹਨ। ਭਰੋਸਾ ਇਮਾਨਦਾਰੀ ਨਾਲ ਬਣਾਇਆ ਜਾਂਦਾ ਹੈ, ਭਾਵੇਂ ਇਹ ਵਿੱਤੀ, ਪ੍ਰਸ਼ਾਸਨਿਕ ਜਾਂ ਸਾਡੇ ਇਰਾਦਿਆਂ ਵਿੱਚ ਵੀ ਹੋਵੇ। ਸਸ਼ਕਤੀਕਰਨ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀਂ ਦੂਸਰਿਆਂ ਨੂੰ ਆਤਮ-ਨਿਰਭਰ ਬਣਨ ਲਈ ਮਜ਼ਬੂਤ ਬਣਾਉਂਦੇ ਹਾਂ ਅਤੇ ਜਵਾਬਦੇਹੀ ਸਭ ਤੋਂ ਮਹੱਤਵਪੂਰਨ ਗੁਣ ਹੈ, ਜਿਸ ਵਿੱਚ ਦੇਸ਼ ਦੇ ਕਾਨੂੰਨ ਨੂੰ ਲਾਗੂ ਕਰਨਾ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਦੀ ਸੱਭ ਤੋਂ ਪਹਿਲੀ ਆਈ.ਪੀ.ਐਸ ਅਧਿਕਾਰੀ, ਲੇਖਿਕਾ ਅਤੇ ਪੁਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਕਿਰਨ ਬੇਦੀ ਨੇ ਕੀਤਾ। ਇਸ ਦੌਰਾਨ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਸਮਕਾਲੀ ਮੁੱਦਿਆਂ ਅਤੇ ਹੋਰ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਕਰਵਾਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪੁਡੂਚੇਰੀ ’ਚ ਲੈਫਟੀਨੈਂਟ ਗਵਰਨਰ ਵਜੋਂ ਆਪਣੇ ਕਾਰਜਕਾਲ ਦੀਆਂ ਯਾਦਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਨਾਲ ਹੀ ‘ਨਿਡਰ ਅਤੇ ਸੁਚੱਜਾ ਸ਼ਾਸਨ’ ਵਿਸ਼ੇ ’ਤੇ ਚਰਚਾ ਕੀਤੀ। ਸੈਸ਼ਨ ਦੌਰਾਨ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਸੀਨੀਅਰ ਐਡਵੋਕੇਟ ਅਤੇ ਡਾਇਰੈਕਟਰ (ਅਕਾਦਮਿਕ) ਪ੍ਰੋ. (ਡਾ.) ਬਲਰਾਮ ਕੇ ਗੁਪਤਾ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਦੇ ਚਾਂਸਲਰ ਡਾ. ਆਰ.ਐਸ. ਬਾਵਾ ਅਤੇ ਪ੍ਰੋ-ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਡਾ. ਬੇਦੀ ਨੇ ਗੋਸ਼ਟੀ ਦੌਰਾਨ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਨਿੱਜੀ ਅਤੇ ਜਨਤਕ ਜੀਵਨ ਦੀਆਂ ਸਾਰੀਆਂ ਮਹੱਤਵਪੂਰਨ ਸਿੱਖਿਆਵਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਖੁਦ ਦੀ ਅਹਿਮੀਅਤ ਜਾਣਨ ਅਤੇ ਮਹਿਸੂਸ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਖ ਬਣਾਉਣ ਅਤੇ ਕਾਇਮ ਰੱਖਣ ਦੀ ਜੀਵਨ ਭਰ ਦੀ ਨਿਰੰਤਰ ਪ੍ਰੀਕਿਰਿਆ ’ਚ ਇਹ ਸੱਭ ਤੋਂ ਮਹੱਤਵਪੂਰਨ ਪਹਿਲੂ ਹੈ ਅਤੇ ਸਾਖ ਉਦੋਂ ਬਣਦੀ ਹੈ ਜਦੋਂ ਅਸੀਂ ਆਪਣੇ ਆਪ ਦਾ ਨਿਰਮਾਣ ਕਰਦੇ ਹਾਂ, ਆਪਣੇ ਆਪ ਨੂੰ ਮਜ਼ਬੂਤ ਬਣਾਉਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਣ ਦੇ ਜਜ਼ਬੇ ਦੇ ਨਾਲ-ਨਾਲ ਲਗਨ ਦੇ ਨਾਲ ਅਧਿਐਨ ਕਰਦੇ ਹੋਏ ਆਤਮ ਵਿਸ਼ਲੇਸ਼ਣ ਤੁਹਾਨੂੰ ਉਚ ਮੁਕਾਮ ’ਤੇ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਤਾਕਤ, ਕਮਜ਼ੋਰੀਆਂ, ਮੌਕਿਆਂ ਅਤੇ ਖ਼ਤਰਿਆਂ ਦਾ ਵਿਸਲੇਸ਼ਣ ਕਰਨਾ ਵਿਦਿਆਰਥੀ ਜੀਵਨ ’ਚ ਅਹਿਮੀਅਤ ਰੱਖਦਾ ਹੈ।
ਪੁਡੂਚੇਰੀ ਦੇ ਲੈਫ਼ਟੀਨੈਂਟ ਗਵਰਨਰ ਦੇ ਤੌਰ ’ਤੇ ਆਪਣੇ ਸ਼ਾਨਦਾਰ ਸ਼ਾਸਨ ਮਾਡਲ ਦੀ ਅਗਵਾਈ ਬਾਰੇ ਤਜ਼ਰਬੇ ਸਾਂਝੇ ਕਰਦੇ ਹੋਏ, ਡਾ. ਬੇਦੀ ਨੇ ਕਿਹਾ ਕਿ ਲੋਕਾਂ ਨਾਲ ਗੱਲਬਾਤ ਕਰਨਾ, ਨਿਯਮਤ ਪ੍ਰੈਸ ਕਾਨਫ਼ਰੰਸਾਂ ਕਰਨਾ, ਹੇਠਲੇ ਪੱਧਰ ’ਤੇ ਲੋਕਾਂ ਨਾਲ ਜੁੜਨਾ, ਕੰਮ ਕਰਨਾ, ਸਵੇਰ ਦੀਆਂ ਮੀਟਿੰਗਾਂ, ਨਿਮਰਤਾ ਅਪਣਾਉਣ ਅਤੇ ਪਾਰਦਰਸ਼ਤਾ ਯਕੀਨੀ ਬਣਾਉਣਾ ਉਨ੍ਹਾਂ ਦੇ ਸ਼ਾਸਨ ਮਾਡਲ ਦੇ ਮੁੱਖ ਹਿੱਸੇ ਸਨ। ਡਾ. ਬੇਦੀ ਨੇ ਭਰੋਸੇ, ਸਸ਼ਕਤੀਕਰਨ ਅਤੇ ਜਵਾਬਦੇਹੀ ਨੂੰ ਦਰਸਾਉਣ ਵਾਲੇ ਮੰਤਰ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜੋ ਕਿ ਜਨਤਕ ਸੇਵਾਵਾਂ ਵਿੱਚ ਉਨ੍ਹਾਂ ਦੇ 40 ਸਾਲਾਂ ਦੇ ਲੰਬੇ ਕੈਰੀਅਰ ਵਿੱਚ ਇੱਕ ਮਾਰਗਦਰਸ਼ਕ ਸ਼ਕਤੀ ਰਿਹਾ ਹੈ।
ਇਸ ਤੋਂ ਬਾਅਦ, ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਡਾ. ਬੇਦੀ ਨੇ ਆਪਣੇ ਜਨਤਕ ਸੇਵਾ ਜੀਵਨ ਵਿੱਚ ਦਰਪੇਸ਼ ਆਈਆਂ ਚਣੌਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਹਰ ਚੁਣੌਤੀਆਂ ਅਤੇ ਸਮੱਸਿਆ ਨੇ ਉਨ੍ਹਾਂ ਨੂੰ ਮਜ਼ਬੂਤ ਅਤੇ ਬਹਾਦਰ ਬਣਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਹੈ। ਲੜੋ ਅਤੇ ਮੁਕਾਬਲਾ ਕਰੋ, ਜਿੱਤੋ ਅਤੇ ਹਾਰੋ, ਜਿੰਨੀ ਜਲਦੀ ਹੋ ਸਕੇ ਅਤੇ ਜਿੰਨੀ ਵਾਰ ਹੋ ਸਕੇ, ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਰਹੋ। ਜਦੋਂ ਤੁਹਾਡਾ ਦਿਲ ਅਤੇ ਦਿਮਾਗ ਮਜ਼ਬੂਤ ਹੈ ਤਾਂ ਤੁਹਾਡੇ ਜਿੱਤਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਡਾ. ਕਿਰਨ ਬੇਦੀ ਨੇ ਆਪਣੀ ਪੁਸਤਕ ‘ਨਿਡਰ ਅਤੇ ਸੁਚੱਜਾ ਸ਼ਾਸਨ’ ’ਤੇ ਚਰਚਾ ਕੀਤੀ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਡਾ. ਕਿਰਨ ਬੇਦੀ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਡਾ. ਕਿਰਨ ਬੇਦੀ ਨੇ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਅਤੇ ਯਾਦਗਾਰ ਵਜੋਂ ਯੂਨੀਵਰਸਿਟੀ ਕੈਂਪਸ ਵਿੱਚ ਬੂਟਾ ਲਗਾਇਆ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ਡਾ. ਬੇਦੀ ਸਸ਼ਕਤੀਕਰਨ ਦੀ ਸੱਚੀ ਪ੍ਰਤੀਨਿਧ ਹੈ ਅਤੇ ਸਹੀ ਮਾਇਨਿਆਂ ’ਚ ਭਾਰਤ ਦੀ ਦਲੇਰ ਧੀ ਹੈ। ਅੰਮਿ੍ਰਤਸਰ ਵਿੱਚ ਆਪਣੇ ਬਚਪਨ ਤੋਂ ਲੈ ਕੇ ਮਿੱਥਾਂ ਅਤੇ ਰੂੜ੍ਹੀਵਾਦੀ ਸੋਚ ਨੂੰ ਤੋੜਨ ਤੱਕ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਤੋਂ ਲੈ ਕੇ ਇੱਕ ਸ਼ਾਨਦਾਰ ਮਿਸਾਲੀ ਸ਼ਾਸਨ ਮਾਡਲ ਸਥਾਪਤ ਕਰਨ ਤੱਕ, ਉਨ੍ਹਾਂ ਦਾ ਜੀਵਨ ਬੇਮਿਸਾਲ ਰਿਹਾ ਹੈ। ਡਾ. ਬਾਵਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਉਹ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਾਡੇ ਨਾਲ ਹਨ।