ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਅੱਜ ਅਤਿ ਆਧੁਨਿਕ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਜਿਸਦੀ ਬਦੌਲਤ ਹੁਣ ਸੰਗਤਾਂ ਨੁੰ ਇਹਨਾਂ ਮਸ਼ੀਨਾਂ ਨਾਲ ਬਜ਼ਾਰ ਨਾਲੋਂ 50 ਫੀਸਦੀ ਤੋਂ ਵੀ ਘੱਟ ਕੀਮਤ ’ਤੇ ਲੋਕਾਂ ਨੂੰ ਟੈਸਟ ਦੀ ਸਹੂਲਤ ਮਿਲ ਸਕੇਗੀ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦਿੱਤੀ।
ਅੱਜ ਇਥੇ ਗੁਰੂ ਹਰਿਕਿਸ਼ਨ ਪੋਲੀਕਲੀਨਿਕ ਵਿਚ ਇਹਨਾਂ ਮਸ਼ੀਨਾਂ ਦਾ ਨਿਰੀਖਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਮਸ਼ੀਨਾਂ ਵਿਚ ਮੈਮੋਗਰਾਫੀ ਦੀ ਮਸ਼ੀਨ, ਹਾਰਮੋਨ ਐਨਾਲਾਈਜ਼ਰ ਮਸ਼ੀਨ, ਬਾਇਓਕੈਮਿਸਟਰੀ ਐਨਾਲਾਈਜ਼ਰ ਮਸ਼ੀਨਾਂ ਆਦਿ ਸ਼ਾਮਲ ਹਨ ਜਿਹਨਾਂ ਦੀ ਬਦੌਲਤ ਵੱਖ ਵੱਖ ਟੈਸਟ ਹੋ ਸਕਣਗੇ ਤੇ ਬਲੱਡ ਟੈਸਟ ਵਾਸਤੇ ਲੈਬ ਵੀ ਅਪਗ੍ਰੇਡ ਹੋ ਸਕੇਗੀ।
ਸਰਦਾਰ ਕਾਲਕਾ ਨੇ ਦੱਸਿਆ ਕਿ ਲੈਬ ਵਿਚ ਜਿਵੇਂ ਜਿਵੇਂ ਮਰੀਜ਼ ਆਉਦੇ ਹਨ ਤੇ ਲੋੜ ਮੁਤਾਬਕ ਡਾਕਟਰ ਸਿਫਾਰਸ਼ ਕਰਦੇ ਹਨ, ਅਸੀਂ ਇਹ ਮਸ਼ੀਨਾਂ ਲਿਆਉਣ ਦਾ ਇੰਤਜ਼ਾਮ ਕਰਦੇ ਹਾਂ। ਉਹਨਾਂ ਦੱਸਿਆ ਕਿ ਇਥੇ ਈ ਸੀ ਜੀ ਦੀ ਮਸ਼ੀਨ ਪਹਿਲਾਂ ਲੱਗੀ ਸੀ ਤੇ ਹੁਣ ਈ ਈ ਜੀ ਵਾਸਤੇ ਵੀ ਮਸ਼ੀਨ ਲੱਗ ਗਈ ਹੈ। ਉਹਨਾਂ ਦੱਸਿਆ ਕਿ ਹੁਣ ਆਈਆਂ ਮਸ਼ੀਨਾਂ ਟੀ ਸੀਰੀਜ਼ ਕੰਪਨੀ ਵੱਲੋਂ ਦਿੱਤੀਆਂ ਗਈਆਂ ਹਨ ਜਿਸ ਲਈ ਉਹ ਕੰਪਨੀ ਦਾ ਧੰਨਵਾਦ ਵੀ ਕਰਦੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਲੈਬ ਵਿਚ ਸਹੂਲਤਾਂ ਹੋਰ ਵਧਾ ਕੇ ਇਸਨੁੰ ਦਿੱਲੀ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਧ ਆਧੁਨਿਕ ਸਹੂਲਤਾਂ ਵਾਲੀ ਲੈਬ ਬਣਾਵਾਂਗੇ ਜਿਸਦਾ ਲਾਭ ਸੰਗਤਾਂ ਨੁੰ ਮਿਲੇਗਾ। ਉਹਨਾਂ ਕਿਹਾ ਕਿ ਬਜ਼ਾਰ ਵਿਚ ਜਿਹੜੇ ਟੈਸਟ ਬਹੁਤ ਮਹਿੰਗੇ ਹੁੰਦੇ ਹਨ, ਉਹ ਇਥੇ ਬਹੁਤ ਸਸਤੇ ਸੰਗਤਾਂ ਵਾਸਤੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਮੈਡੀਕਲ ਸੇਵਾਵਾਂ ਵਿਚ ਲਗਾਤਾਰ ਇਜਾਫਾ ਕਰ ਰਹੀ ਹੈ। ਜਿਥੇ ਇਹ ਪੋਲੀ ਕਲੀਨਿਕ ਕੰਮ ਕਰ ਰਿਹਾ ਹੈ, ਉਥੇ ਹੀ ਬਾਲਾ ਪ੍ਰੀਤਮ ਦਵਾਖਾਨੇ ਤੇ ਹੋਰ ਸਹੂਲਤਾਂ ਵੀ ਸੰਗਤਾਂ ਵਾਸਤੇ ਆਰੰਭੀਆਂ ਗਈਆਂ ਹਨ ਜੋ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ ਪੂਰੀ ਮਿਹਨਤ ਨਾਲ ਇਥੇ ਕੰਮ ਕਰ ਰਹੇ ਹਨ।
ਇਸ ਮੌਕੇ ਸਰਦਾਰ ਕਾਲਕਾ ਦੇ ਨਾਲ ਸੀਨੀਅਰ ਮੈਂਬਰ ਸਰਦਾਰ ਵਿਕਰਮ ਸਿੰਘ ਰੋਹਿਣੀ ਤੇ ਸਰਦਾਰ ਭੁਪਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ।