ਦਿੱਲੀ -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਸਕੂਲਾਂ ‘ਚ ਬੀਤੇ ਦਿਨੀ ਅਯੋਗ ਵਿਅਕਤੀਆਂ ਨੂੰ ਸਕੂਲ ਪ੍ਰਬੰਧਨ ਦੇ ਅਹਿਮ ਅਹੁਦਿਆਂ ‘ਤੇ ਨਿਵਾਜਿਆ ਗਿਆ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਲੌਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ 12 ਮੁੱਖ ਬਰਾਂਚਾਂ ‘ਤੇ ਹੋਰਨਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਇਹੋ ਜਿਹੇ ਕਮੇਟੀ ਮੈਂਬਰਾਂ ‘ਤੇ ਗੈਰ-ਮੈਂਬਰਾਂ ਨੂੰ ਚੇਅਰਮੈਨ ‘ਤੇ ਮੈਨੇਜਰ ਦੇ ਅਹੁਦਿਆਂ ਦੀ ਜੁੰਮੇਵਾਰੀ ਦਿੱਤੀ ਗਈ ਹੈ ਜਿਹਨਾਂ ਪਾਸ ਸਿਖਿਆ ਖੇਤਰ ‘ਚ ਕੋਈ ਤਜੁਰਬਾ ਨਹੀ ਹੈ, ਜਦਕਿ ਦਿੱਲੀ ਸਕੂਲ ਐਜੂਕੇਸ਼ਨ ਐਕਟ ‘ਤੇ ਨਿਯਮ 1973 ਦੇ ਮੁਤਾਬਿਕ ਇਹਨਾਂ ਸਕੂਲਾਂ ‘ਚ ਮੈਨੇਜਰ ਦੇ ਅਹੁਦੇ ‘ਤੇ ਨਿਯੁਕਤ ਹੋਣ ਲਈ ਘਟੋ-ਘਟ ਗਰੈਜੂਏਟ ਹੋਣ ਦੇ ਨਾਲ ਅਧਿਆਪਨ ‘ਤੇ ਸਿਖਿਆ ਪ੍ਰਸ਼ਾਸਨ ‘ਚ 10 ਸਾਲ ਦਾ ਤਜੁਰਬਾ ਹੋਣਾ ਲਾਜਮੀ ਹੈ। ਸ. ਇੰਦਰ ਮੋਹਨ ਸਿੰਘ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਸਕੂਲਾਂ ਦੀ ਕਮਾਨ ਅਯੋਗ ਵਿਅਕਤੀਆਂ ਦੇ ਹੱਥਾਂ ‘ਚ ਸੋਂਪ ਕੇ ਪ੍ਰਬੰਧਕਾਂ ਵਲੋਂ ਕੇਵਲ ਆਪਣਾ ਵੋਟ ਬੈਂਕ ਪੱਕਾ ਕਰਨ ਦਾ ਪੱਖ ਪੂਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੌਂ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾਂ ਨਾਲ ਸਿਖਿਆ ਦਾ ਮਿਆਰ ਹੋਰ ਨੀਵਾਂ ਹੋ ਸਕਦਾ ਹੈ ਜਿਸ ਨਾਲ ਪਹਿਲਾਂ ਤੋਂ ਵਿਤੀ ਮੰਦਹਾਲੀ ਦੇ ਦੋਰ ‘ਚ ਚੱਲ ਰਹੇ ਇਹਨਾਂ ਸਕੂਲਾਂ ਨੂੰ ਬੰਦ ਹੋਣ ‘ਚ ਜਿਆਦਾ ਸਮਾਂ ਨਹੀ ਲਗੇਗਾ। ਉਨ੍ਹਾਂ ਕਿਹਾ ਕਿ ਜਦਕਿ ਇਹਨਾਂ ਸਕੂਲਾਂ ਦਾ ਅਕਸ਼ ‘ਤੇ ਆਰਥਿਕ ਸਥਿਤੀ ਸੁਧਾਰਨ ਲਈ ਸਿਖਿਆ ਦੇ ਮਾਹਿਰਾਂ ਦੀ ਮਦਦ ਲੈਣ ਵੱਲ ਧਿਆਨ ਦੇਣਾ ਚਾਹੀਦਾ ਸੀ. ਤੱਦ ਤੱਕ ਦਿੱਲੀ ਸਕੂਲ ਏਜੂਕੇਸ਼ਨ ਐਕਟ ਮੁਤਾਬਿਕ ਮੈਨੇਜਰ ਦੇ ਅਹੁਦੇ ਦੀ ਵਾਧੂ ਜੁੰਮੇਵਾਰੀ ਇਹਨਾਂ ਸਕੂਲਾਂ ਦੇ ਮੁੱਖੀ ਪ੍ਰਿਸੀਪਲਾਂ ਨੂੰ ਆਰਜੀ ਤੋਰ ‘ਤੇ ਦਿੱਤੀ ਜਾ ਸਕਦੀ ਸੀ। ਸ. ਇੰਦਰ ਮੋਹਨ ਸਿੰਘ ਨੇ ਕਮੇਟੀ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੂੰ ਇਹਨਾਂ ਸਕੂਲਾਂ ‘ਚ ਅਯੋਗ ਮੈਨੇਜਰ ਨਿਯੁਕਤ ਕਰਨ ਦੀ ਕੀ ਮਜਬੂਰੀ ਸੀ, ਜਦਕਿ ਕਮੇਟੀ ਦੇ ਹਰ ਸਕੂਲ ‘ਚ ਤੈਨਾਤ ਤਜੁਰਬੇਕਾਰ ਪ੍ਰਿੰਸੀਪਲ ਨਿਯਮਾਂ ਮੁਤਾਬਿਕ ਮੈਨੇਜਰ ਦੇ ਅਹੁਦੇ ਦੀ ਵਾਧੂ ਜੁੰਮੇਵਾਰੀ ਸੰਭਾਲਣ ‘ਚ ਸਮਰੱਥ ਹਨ ?
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪਾਸੇ ਤਾਂ ਇਹਨਾਂ ਸਕੂਲਾਂ ਦੇ ਮੋਜੂਦਾ ‘ਤੇ ਸੇਵਾਮੁਕਤ ਮੁਲਾਜਮਾਂ ਨੂੰ ਤਨਖਾਹਾਂ ‘ਤੇ ਬਕਾਇਆ ਰਾਸ਼ੀ ਦੇ ਭੁਗਤਾਨ ਕਰਨ ਦੇ ਮਾਮਲਿਆਂ ‘ਚ ਆਪਣੀ ਜੁੰਮੇਵਾਰੀ ਤੋਂ ਪੱਲਾ ਛੁਡਾਉਂਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਇਹਨਾਂ ਸਕੂਲਾਂ ਦਾ ਦਿੱਲੀ ਕਮੇਟੀ ਨਾਲ ਕੋਈ ਸਬੰਧ ਨਾ ਹੋਣ ਸਬੰਧੀ ਅਦਾਲਤਾਂ ‘ਚ ਹਲਫਨਾਮੇ ਦਾਖਿਲ ਕਰ ਰਹੇ ਹਨ, ਪਰ ਦੂਜੇ ਪਾਸੇ ਇਹੀ ਅਹੁਦੇਦਾਰ ਕਿਸ ਕਾਨੂੰਨ ਤਹਿਤ ਇਹਨਾਂ ਸਕੂਲਾਂ ‘ਚ ਅਯੋਗ ਚੇਅਰਮੈਨ ‘ਤੇ ਮੈਨੇਜਰ ਦੇ ਅਹਿਮ ਅਹੁਦਿਆਂ ‘ਤੇ ਲਗਾਤਾਰ ਨਿਯੁਕਤੀਆਂ ਕਰ ਰਹੇ ਹਨ ?