ਫ਼ਤਹਿਗੜ੍ਹ ਸਾਹਿਬ – “ਇੰਡੀਆ ਸਟੇਟ ਦੀ ਹਕੂਮਤ ਦੇ ਖੇਤਰਫਲ ਦਾ ਇਲਾਕਾ 3.287 ਲੱਖ ਸਕੇਅਰ ਵਰਗ ਕਿਲੋਮੀਟਰ ਇਲਾਕੇ ਵਿਚੋਂ, ਲਾਹੌਰ ਖ਼ਾਲਸਾ ਰਾਜ ਦਰਬਾਰ ਕਾਇਮ ਕਰਨ ਵਾਲੀ ਸਿੱਖ ਕੌਮ ਨੂੰ ਆਪਣੀ ਪੰਜਾਬ ਸੂਬੇ ਦੀ ਰਾਜਧਾਨੀ ਬਣਾਉਣ ਲਈ ‘2 ਗਜ ਜ਼ਮੀਨ’ ਦੇਣ ਤੋਂ ਵੀ ਜ਼ਬਰੀ ਮੁਨਕਰ ਹੋ ਰਿਹਾ ਹੈ, ਤਾਂ ਫਿਰ ਸਿੱਖ ਕੌਮ ਵੱਲੋਂ ਪਾਕਿਸਤਾਨ ਨੂੰ ਇਕ ਹਜਾਰ ਕਿੱਲਾ ਆਪਣੀ ਰਾਜਧਾਨੀ ਬਣਾਉਣ ਹਿੱਤ ਪ੍ਰਾਪਤ ਕਰਨ ਲਈ ਪਹੁੰਚ ਕਰਨਾ ਹੀ ਠੀਕ ਹੋਵੇਗਾ। ਜਦੋਕਿ ਇਹ ਹੁਕਮਰਾਨ ਤਿੱਬਤੀਆ ਨੂੰ ਹਿਮਾਚਲ ਦੇ ਇਕ ਧਰਮਸਾਲਾਂ ਖੇਤਰ ਵਿਚ ਆਪਣੀ ਰਾਜਧਾਨੀ ਕਾਇਮ ਕਰਨ ਲਈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਤਾਂ ਕਰ ਸਕਦੇ ਹਨ, ਪਰ ਜਿਸ ਸਿੱਖ ਕੌਮ ਨੇ ਇੰਡੀਆ ਨੂੰ ਆਜਾਦ ਕਰਵਾਉਣ ਲਈ 90% ਕੁਰਬਾਨੀਆਂ ਤੇ ਸ਼ਹੀਦੀਆ ਦਿੱਤੀਆ ਹਨ, ਉਨ੍ਹਾਂ ਤੋਂ ਉਨ੍ਹਾਂ ਦੀ ਮਲਕੀਅਤ ਜ਼ਮੀਨ ਜਿਥੇ ਪੰਜਾਬੀਆਂ ਅਤੇ ਸਿੱਖਾਂ ਨੂੰ ਉਜਾੜਕੇ ਚੰਡੀਗੜ੍ਹ ਕਾਇਮ ਕੀਤਾ ਗਿਆ ਸੀ, ਜੋ ਸਮੁੱਚਾ ਪੰਜਾਬੀ ਬੋਲਦਾ ਇਲਾਕਾ ਹੈ, ਉਸਨੂੰ ਸੈਟਰ ਦੇ ਹੁਕਮਰਾਨ ਸਾਜਸੀ ਢੰਗਾਂ ਰਾਹੀ ਗੈਰ-ਕਾਨੂੰਨੀ ਜ਼ਬਰੀ ਖੋਹਣ ਦੀਆਂ ਵਿਊਤਾ ਬਣਾ ਰਹੇ ਹਨ । ਜੇਕਰ ਤਿੱਬਤੀਆ ਨੂੰ ਆਪਣਾ ਇਲਾਕਾ ਕਾਇਮ ਕਰਨ ਲਈ ਹੁਕਮਰਾਨ ਖੁੱਲ੍ਹਦਿਲੀ ਨਾਲ ਮਦਦ ਕਰ ਰਹੇ ਹਨ, ਫਿਰ ਪੰਜਾਬੀਆਂ ਤੇ ਸਿੱਖ ਕੌਮ ਦੀ ਚੰਡੀਗੜ੍ਹ ਰਾਜਧਾਨੀ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਹੱਕ ਕਿਉਂ ਨਹੀਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋਂ ਪੰਜਾਬ ਦੀ ਉਹ ਚੰਡੀਗੜ੍ਹ ਰਾਜਧਾਨੀ ਜੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਉਜਾੜਕੇ ਬਣਾਇਆ ਗਿਆ ਸੀ, ਉਸ ਤੋਂ ਜ਼ਬਰੀ ਵਾਂਝੇ ਕਰਨ ਦੀਆਂ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਹਕੂਮਤੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਪੰਜਾਬੀਆਂ ਤੇ ਸਿੱਖ ਕੌਮ ਦਾ 101% ਹੱਕ ਹੋਣ ਦਾ ਕਾਨੂੰਨਣ ਦਾਅਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਾਡੀ ਲਾਹੌਰ ਦੀ ਰਾਜਧਾਨੀ ਅਤੇ ਪੁਰਾਤਨ ਪੰਜਾਬ ਤੋਂ ਸਿੱਖ ਕੌਮ ਨੂੰ ਵਾਂਝਾ ਕੀਤਾ ਗਿਆ ਹੈ, ਉਹ ਨਹਿਰੂ, ਜਨਾਹ, ਗਾਂਧੀ, ਉਸ ਸਮੇ ਦੇ ਬਰਤਾਨੀਆ ਦੇ ਪ੍ਰਾਈਮਨਿਸਟਰ ਐਟਲੀ ਅਤੇ ਮਾਊਟਬੈਟਨ ਦੀ ਸਾਂਝੀ ਮੰਦਭਾਵਨਾ ਭਰੀ ਸੋਚ ਤੇ ਅਮਲ ਦਾ ਨਤੀਜਾ ਹੈ, ਨਾ ਕਿ ਉਸ ਵਿਚ ਪੰਜਾਬੀਆ, ਸਿੱਖ ਕੌਮ ਦਾ ਕੋਈ ਦੋਸ਼ ਹੈ । ਉਨ੍ਹਾਂ ਕਿਹਾ ਕਿ ਜੋ ਸਾਜਿਸ ਅਤੇ ਮੰਦਭਾਵਨਾ ਭਰੀ ਸੋਚ ਅਧੀਨ ਕਦੀ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚੋਂ ਪੰਜਾਬ ਸੂਬੇ ਦੇ ਕਾਨੂੰਨੀ ਹੱਕਾਂ ਨੂੰ ਮਨਫੀ ਕਰਨਾ, ਕਦੀ ਪੰਜਾਬ ਦੇ ਪਾਣੀਆ ਅਤੇ ਬਿਜਲੀ ਨੂੰ ਜਬਰੀ ਖੋਹਣਾ, ਕਦੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਮੁਲਾਜ਼ਮਾਂ ਦੀ ਭਰਤੀ ਵਿਚ ਜੋ ਸਾਡਾ 60% ਕਾਨੂੰਨੀ ਹਿੱਸਾ ਹੈ, ਉਸਨੂੰ ਇੰਡੀਆ ਦੇ ਗ੍ਰਹਿ ਵਜ਼ੀਰ ਵੱਲੋ ਪੂਰਨ ਤੌਰ ਤੇ ਖਤਮ ਕਰਕੇ ਸੈਟਰ ਦੇ ਅਧੀਨ ਕਰਨਾ, ਅਜਿਹੇ ਸਭ ਅਮਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਲੱਖਣ ਤੇ ਨਿਰਾਲੀ ਅਣਖ ਭਰੀ ਪਹਿਚਾਣ ਨੂੰ ਹੁਕਮਰਾਨਾਂ ਵੱਲੋ ਤਹਿਸ-ਨਹਿਸ ਕਰਨ ਵਾਲੀ ਸੋਚ ਹੈ, ਜਿਸ ਉਤੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਦੇ ਮਨ-ਆਤਮਾਵਾ ਵਿਚ ਵੱਡਾ ਰੋਹ ਉਤਪੰਨ ਹੋ ਚੁੱਕਿਆ ਹੈ । ਜੇਕਰ ਹੁਕਮਰਾਨਾਂ ਨੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵਿਧਾਨਿਕ ਉਲੰਘਣਾ ਕਰਕੇ ਇਹ ਜ਼ਬਰ ਜੁਲਮ ਬੰਦ ਨਾ ਕੀਤਾ, ਤਾਂ ਪੰਜਾਬੀਆਂ ਅਤੇ ਸਿੱਖਾਂ ਕੋਲ ਆਪਣੀ ਅਣਖ਼-ਗੈਰਤ ਅਤੇ ਆਜਾਦੀ ਨੂੰ ਕਾਇਮ ਰੱਖਣ ਲਈ ਅਤੇ ਆਪਣੀ ਰਾਜਧਾਨੀ ਕਾਇਮ ਕਰਨ ਲਈ ਪਾਕਿਸਤਾਨ ਗੁਆਢੀ ਮੁਲਕ ਕੋਲ 1 ਹਜਾਰ ਕਿੱਲਾ ਜੋ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਨਜਦੀਕ ਹੋਵੇ, ਉਹ ਪ੍ਰਾਪਤ ਕਰਨ ਅਤੇ ਪਾਕਿਸਤਾਨ ਕੋਲ ਪਹੁੰਚ ਕਰਨ ਤੋਂ ਇਲਾਵਾ ਕਿਹੜਾ ਹੋਰ ਰਾਹ ਰਹਿ ਜਾਵੇਗਾ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਇੰਡੀਆ ਦੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਸੈਂਟਰ ਵਿਚ ਕਾਬਜ ਸਿਆਸਤਦਾਨਾਂ ਨੂੰ ਇਹ ਨੇਕ ਸਲਾਹ ਹੈ ਕਿ ਉਹ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਵਿਧਾਨਿਕ, ਸਮਾਜਿਕ, ਭੂਗੋਲਿਕ, ਇਖਲਾਕੀ ਅਤੇ ਧਾਰਮਿਕ ਸਭ ਤਰ੍ਹਾਂ ਦੇ ਕੀਤੇ ਜਾ ਰਹੇ ਜ਼ਬਰ ਜੁਲਮਾਂ ਨੂੰ ਬੰਦ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਚੰਡੀਗੜ੍ਹ ਦੀ ਰਾਜਧਾਨੀ ਅਤੇ ਹੋਰ ਪਹਿਲੇ ਖੋਹੇ ਜਾ ਚੁੱਕੇ ਵਿਧਾਨਿਕ ਹੱਕਾਂ ਨੂੰ ਬਹਾਲ ਕਰਕੇ ਪੰਜਾਬੀਆ ਤੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕਰੇ । ਵਰਨਾ ਇਸਦੇ ਨਤੀਜੇ ਕਿਸੇ ਲਈ ਵੀ ਲਾਹੇਵੰਦ ਸਾਬਤ ਨਹੀ ਹੋ ਸਕਣਗੇ ।