ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉੱਘੇ ਵਿਗਿਆਨੀ ਸਵ. ਡਾ. ਦੇਵ ਰਾਜ ਭੂੰਬਲਾ ਦੇ ਪਰਿਵਾਰ ਵੱਲੋਂ ਖੇਤੀਬਾੜੀ ਕਾਲਜ , ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਲਈ ਵਜੀਫਾ ਸ਼ੁਰੂ ਕਰਨ ਲਈ 60 ਲੱਖ ਰੁਪਏ ਭੇਂਟ ਕੀਤੇ ਗਏ । ਇਸ ਮੌਕੇ ਸ਼੍ਰੀ ਦਵਿੰਦਰ ਭੂੰਬਲਾ ਅਤੇ ਵਰਿੰਦਰ ਭੂੰਬਲਾ ਨੇ ਆਪਣੇ ਪਿਤਾ ਡਾ. ਦੇਵ ਰਾਜਭੂੰਬਲਾ ਨੂੰ ਸਮਰਪਿਤ ਇਸ ਵਜੀਫੇ ਲਈ 60 ਲੱਖ ਰੁਪਏ ਦਾ ਚੈੱਕ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੂੰ ਦਿੱਤਾ। ਭੂੰਬਲਾ ਪਰਿਵਾਰ ਵੱਲੋਂਵਿਦਿਆਰਥੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਸਿੱਖਿਅਤ ਅਤੇ ਸਿਹਤਮੰਦ ਜੀਵਨ ਦੇ ਨਾਲ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ। ਇਸ ਅਵਸਰ ਤੇ ਡਾ. ਦੇਵ ਰਾਜ ਭੂੰਬਲਾ ਨੂੰ ਯਾਦ ਕਰਦਿਆਂ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬੱਲੋਵਾਲ ਸੌਂਖੜੀ ਦਾ ਖੇਤਰੀ ਖੋਜ ਕੇਂਦਰ ਡਾ. ਦੇਵ ਰਾਜ ਭੂੰਬਲਾ ਜੀ ਨੂੰ ਸਮਰਪਿਤ ਹੈ। ਡਾ. ਦੇਵ ਰਾਜ ਭੂੰਬਲਾ ਨੇ ਖੇਤੀਬਾੜੀ ਵਿਕਾਸ ਲਈ ਆਪਣੀਆਂ ਖੋਜਾਂ ਰਾਹੀਂ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ । ਖੇਤੀ ਭੂਮੀ ਸੁਧਾਰ ਲਈ ਕੀਤੇ ਕਾਰਜਾਂ ਲਈ ਉਹਨਾਂ ਨੂੰ ਦੁਨੀਆ ਭਰ ਵਿੱਚ ਸਨਮਾਨ ਦਿੱਤਾ ਜਾਂਦਾ ਹੈ।ਉਹਨਾਂ ਅੱਗੇ ਦੱਸਿਆਕਿ ਡਾ. ਦੇਵ ਰਾਜ ਭੂੰਬਲਾ ਨੇ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਬੜੇ ਉੱਚੇ ਅਹੁਦੇ ਹਾਸਿਲ ਕੀਤੇ ਜਿਹਨਾਂ ਵਿੱਚ ਡੀ.ਡੀ.ਜੀ ( ਆਈ.ਸੀ.ਏ.ਆਰ) , ਐਗਰੀਕਲਚਰ ਕਮਿਸ਼ਨਰ (ਭਾਰਤ ਸਰਕਾਰ ) ਅਤੇ ਵਾਈਸ ਚਾਂਸਲਰ, ਹਰਿਆਣਾ ਐਗਰੀਕਲਚਰ ਯੂਨੀਵਰਸਿਟੀ, ਹਿਸਾਰ ਪ੍ਰਮੁੱਖ ਹਨ। ਭੂੰਬਲਾ ਪਰਿਵਾਰ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਡਾ. ਦੇਵ ਰਾਜ ਭੂੰਬਲਾ ਦਾ ਜੀਵਨ ਖੇਤੀਬਾੜੀਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ ਉੱਥੇ ਹੀ ਭੂੰਬਲਾ ਪਰਿਵਾਰ ਵੱਲੋਂ ਸ਼ੁਰੂ ਕੀਤਾ ਗਿਆ ਹੈਇਹ ਉਪਰਾਲਾ ਵਿਦਿਆਰਥੀਆਂ ਦੀ ਆਰਥਿਕ ਮੱਦਦ ਦੇ ਨਾਲ ਨਾਲ ਚੰਗੀ ਸਿੱਖਿਆ ਲਈ ਉਤਸ਼ਾਹ ਵਿੱਚ ਵਾਧਾ ਕਰੇਗਾ।ਇਸ ਮੌਕੇ ਅਕਾਦਮਿਕ ਕੋਆਰਡੀਨੇਟਰ ਡਾ: ਵਿਜੇ ਕੁਮਾਰ ਅਤੇ ਡਾ: ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
ਭੂੰਬਲਾ ਪਰਿਵਾਰ ਵੱਲੋਂ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਨੂੰ ਵਜੀਫੇ ਲਈ 60 ਲੱਖ ਰੁਪਏ ਭੇਂਟ
This entry was posted in ਪੰਜਾਬ.