ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਇਸ ਸਾਲ ਹੋਈ ਮਰਦਮਸ਼ੁਮਾਰੀ ਵਿੱਚ ਤਕਰੀਬਨ ਇੱਕ ਮਿਲੀਅਨ ਲੋਕ ਆਪਣਾ ਫਾਰਮ ਭਰ ਕੇ ਵਾਪਸ ਭੇਜਣ ਵਿੱਚ ਅਸਫਲ ਰਹੇ ਹਨ। ਸਾਹਮਣੇ ਆਇਆ ਹੈ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਦੇ ਮੁਕਾਬਲੇ 2022 ਦੀ ਮਰਦਮਸ਼ੁਮਾਰੀ ਵਿੱਚ ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ। ਇਸ ਵਾਰ ਸਿਰਫ਼ 60 ਫ਼ੀਸਦੀ ਸਕਾਟਿਸ਼ ਲੋਕਾਂ ਨੇ 20 ਮਾਰਚ ਦੇ ਸਰਕਾਰੀ ਦਿਨ ਤੋਂ 15 ਦਿਨਾਂ ਬਾਅਦ ਆਨਲਾਈਨ ਜਾਂ ਡਾਕ ਰਾਹੀਂ ਫਾਰਮ ਭਰੇ ਪਰ 2011 ਵਿੱਚ 74 ਫ਼ੀਸਦੀ ਨੇ ਸਿਰਫ਼ 10 ਦਿਨਾਂ ਵਿੱਚ ਹੀ ਆਪਣੇ ਜਨਗਣਨਾ ਫਾਰਮ ਵਾਪਸ ਕਰ ਦਿੱਤੇ ਸਨ। ਇਸ ਵਾਰ ਜਨਗਣਨਾ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਜਾਂ ਗਲਤ ਜਾਣਕਾਰੀ ਦੇਣ ਲਈ ਲੋਕਾਂ ਨੂੰ 1,000 ਪੌਂਡ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਨੈਸ਼ਨਲ ਰਿਕਾਰਡ ਸਕਾਟਲੈਂਡ ਦੀ ਰਿਪੋਰਟ ਅਨੁਸਾਰ 2011 ਦੀ ਮਰਦਮਸ਼ੁਮਾਰੀ ਵੇਲੇ ਸਕਾਟਲੈਂਡ ਵਿੱਚ 2,372,777 (74 ਪ੍ਰਤੀਸ਼ਤ) ਪਰਿਵਾਰ ਸਨ ਜਿਹਨਾਂ ਨੇ ਫਾਰਮ 10 ਦਿਨਾਂ ਵਿੱਚ ਭਰ ਦਿੱਤੇ ਸਨ। ਇਸਦਾ ਮਤਲਬ ਲਗਭਗ 617,000 ਫਾਰਮ ਭਰਨ ਲਈ ਬਚੇ ਸਨ, ਜਦੋਂ ਕਿ ਲਗਭਗ 1.8 ਮਿਲੀਅਨ ਵਾਪਸ ਆ ਗਏ ਸਨ। 2011 ਵਿੱਚ ਸਮੁੱਚੀ ਸੰਪੂਰਨਤਾ ਦਰ 94 ਪ੍ਰਤੀਸ਼ਤ ਸੀ। ਐੱਨ ਆਰ ਐੱਸ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਸਕਾਟਲੈਂਡ ਵਿੱਚ 2,507,625 ਪਰਿਵਾਰ ਹਨ, ਮਤਲਬ ਕਿ ਲਗਭਗ 1.5 ਮਿਲੀਅਨ ( ਲਗਭਗ 60 ਪ੍ਰਤੀਸ਼ਤ) ਨੇ 15 ਦਿਨਾਂ ਵਿੱਚ ਆਪਣੀ ਜਨਗਣਨਾ ਭਰ ਦਿੱਤੀ ਹੈ। ਇਸ ਸਾਲ ਐੱਨ ਆਰ ਐੱਸ ਅਨੁਸਾਰ ਮਰਦਮਸ਼ੁਮਾਰੀ ਵਾਲੇ ਦਿਨ ਤੋਂ 15 ਦਿਨ ਬਾਅਦ ਲਗਭਗ 10 ਲੱਖ ਪਰਿਵਾਰਾਂ ਨੂੰ ਅਜੇ ਵੀ ਜਨਗਣਨਾ ਭਰਨ ਦੀ ਲੋੜ ਹੈ, ਜੋ ਕਿ 1 ਮਈ ਤੱਕ ਪੂਰੀ ਹੋ ਜਾਣੀ ਹੈ। ਐੱਨ ਆਰ ਐੱਸ ਦੇ ਬੁਲਾਰੇ ਅਨੁਸਾਰ ਜਨਗਣਨਾ ਨੂੰ ਪੂਰਾ ਕਰਨਾ ਇੱਕ ਕਾਨੂੰਨੀ ਜਿੰਮੇਵਾਰੀ ਹੈ ਅਤੇ ਪਰਿਵਾਰਾਂ ਕੋਲ ਇਸ ਨੂੰ ਭਰਨ ਲਈ 1 ਮਈ ਤੱਕ ਦਾ ਸਮਾਂ ਹੈ।