ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸਿੱਖ ਚਿੰਤਕ ਸਰਦਾਰ ਪ੍ਰਭਸ਼ਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਰਕਾਰ ਵਲੋਂ ਸਿੱਖ ਫਲਸਫੇ ਦੇ ਖਿਲਾਫ ਬਣਾਈ ਗਈ ਫਿਲਮ ਮਦਰਹੂਡ ਦਾ ਪ੍ਰਚਾਰ ਕਰਕੇ ਜਾਣਬੁਝ ਕੇ ਬੇਅਦਬੀ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ । ਉਨ੍ਹਾਂ ਦਸਿਆ ਕਿ 2014 ਵਿੱਚ ਮੋਦੀ ਦੀ ਹਿੰਦੂਤਵੀ ਹਕੂਮਤ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ਼ੁਰੂ ਹੋ ਗਈਆਂ। ਇਹ ਬੇਅਦਬੀਆਂ ਲਗਾਤਾਰ ਵਧਦੀਆਂ ਗਈਆਂ ਅਤੇ ਅੱਜ ਤੱਕ ਬੰਦ ਨਹੀਂ ਹੋਈਆਂ।
ਇਸੇ ਦੌਰਾਨ 2014 ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ‘ਤੇ ਐਨੀਮੇਸ਼ਨ ਫਿਲਮ ਬਣ ਗਈ। ਇਸ ਦਾ ਸਿੱਖਾਂ ਨੇ ਬਹੁਤ ਵਿਰੋਧ ਕੀਤਾ ਪਰ ਫਿਲਮ ਉਸੇ ਤਰਾਂ ਚਲਦੀ ਰਹੀ ਤੇ ਅੱਜ ਵੀ ਲੋਕ ਇਸ ਨੂੰ ਵੇਖ ਰਹੇ ਹਨ। ਇਸ ਉਪਰੰਤ 2015 ਵਿੱਚ “ਨਾਨਕ ਸ਼ਾਹ ਫ਼ਕੀਰ” ਨਾਂ ਦੀ ਫਿਲਮ ਆ ਗਈ। ਇਸ ਦਾ ਸਿੱਖਾਂ ਨੇ ਬਹੁਤ ਹੀ ਸਖ਼ਤੀ ਨਾਲ਼ ਵਿਰੋਧ ਕੀਤਾ ਪਰ ਕੋਈ ਪ੍ਰਭਾਵਕਾਰੀ ਨਤੀਜਾ ਸਾਹਮਣੇ ਨਾ ਆ ਸਕਿਆ। ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ‘ਤੇ ਫਿਲਮਾਂ ਬਣਾਉਣ ਦੀ ਇਹ ਹਮਾਕਤ ਲਗਾਤਾਰ ਜਾਰੀ ਹੈ। ਹੁਣ ਗੁਰੂ ਸਾਹਿਬਾਨ ਅਤੇ ਮਾਤਾ ਸਾਹਿਬ ਕੌਰ ਜੀ ਦੇ ਸਰੂਪ ਦੀ ਬੇਅਦਬੀ ਵਾਲ਼ੀ ਇੱਕ ਹੋਰ ਫਿਲਮ ਆ ਗਈ ਹੈ। ਭਗਵੰਤ ਮਾਨ ਦੀ ਅਗਵਾਈ ਵਾਲ਼ੀ ਮੌਜੂਦਾ ਪੰਜਾਬ ਸਰਕਾਰ ਇਸ ਫਿਲਮ ਜ਼ਰੀਏ ਹੋ ਰਹੀ ਬੇਅਦਬੀ ਦੀ ਪੁਸ਼ਤ-ਪਨਾਹੀ ਕਰ ਰਹੀ ਹੈ।
ਉਨ੍ਹਾਂ ਗੰਭੀਰ ਲਹਿਜੇ ਵਿਚ ਦਸਿਆ ਕਿ ਗੱਲ ਬੜੀ ਸਪੱਸ਼ਟ ਹੈ ਹਿੰਦੁਸਤਾਨ ਦੀ ਹਿੰਦੂ ਸਥਾਪਤੀ ਸਦਾ ਹੀ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਸਿੱਖਾਂ ਦੀ ਆਪਣੇ ਗੁਰੂ ਨਾਲ਼ ਜੁੜੀ ਸੰਵੇਦਨਸ਼ੀਲਤਾ ਮਾਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲ਼ੀ ਹਿੰਦੂਤਵੀ ਧਿਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬੇਅਦਬੀਆਂ ਦੇ ਇਹ ਵੱਖ-ਵੱਖ ਰੂਪ ਬਹੁਤ ਵੱਡੇ ਪੱਧਰ ‘ਤੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਹ ਸਿੱਖਾਂ ਅੰਦਰੋਂ ਉਹਨਾਂ ਦੇ ਗੁਰੂ ਸਾਹਿਬਾਨ ਦਾ ਰੁਤਬਾ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਇਹ ਸਿੱਖਾਂ ਨੂੰ ਸਿੱਖੀ ਤੋਂ ਤੋੜਨ ਦੀਆਂ ਸਾਜ਼ਿਸ਼ਾਂ ਦੇ ਕੁਝ ਹਿੱਸੇ ਹਨ। ਬੇਅਦਬੀਆਂ ਅਤੇ ਫਿਲਮਾਂ ਇੱਕੋ ਲੜੀ ਦਾ ਹਿੱਸਾ ਹਨ।
ਆਉਣ ਵਾਲ਼ੇ ਸਮੇਂ ਵਿੱਚ ਸਾਨੂੰ ਇਸ ਦੇ ਹੋਰ ਭਿਆਨਕ ਰੂਪ ਵੇਖਣੇ ਪੈ ਸਕਦੇ ਹਨ। ਇਸ ਲਈ, ਸਾਨੂੰ ਬੇਅਦਬੀ ਦੇ ਅਜਿਹੇ ਦਿਸਦੇ ਅਤੇ ਅਣਦਿਸਦੇ ਰੂਪਾਂ ਬਾਰੇ ਬਹੁਤ ਗੰਭੀਰ ਹੋਣ ਦੀ ਲੋੜ ਹੈ। ਸਾਨੂੰ ਕੌਮ ਦੇ ਅੰਦਰ ਕੰਮ ਕਰਨ ਦੀ ਤੇ ਬਾਹਰਲੀਆਂ ਤਾਕਤਾਂ ਦਾ ਸਖ਼ਤੀ ਨਾਲ਼ ਵਿਰੋਧ ਕਰਨ ਦੀ ਲੋੜ ਹੈ। ਇਸ ਲਈ, ਉਚੇਰੀ ਸਾਹਿਤ ਸਿਰਜਣਾ, ਗੰਭੀਰ ਅਧਿਐਨ, ਅਤੇ ਚਿੰਤਨ ਅਣਸਰਦੀ ਲੋੜ ਹਨ। ਬਹੁਤ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਾਡੇ ਬਹੁਤ ਵੱਡੇ ਹਿੱਸੇ ਅਜਿਹੇ ਜਤਨਾਂ ਦੀ ਅਹਿਮੀਅਤ ਸਮਝਣ ਦੇ ਕਾਬਲ ਨਹੀਂ। ਬਹੁਤ ਸਾਰੇ ਸੁਹਿਰਦ ਪੰਥਕ ਸੱਜਣ ਵੀ ਅਧਿਐਨ ਅਤੇ ਚਿੰਤਨ ਦੀ ਅਹਿਮੀਅਤ ਸਮਝਣ ਤੋਂ ਇਨਕਾਰੀ ਹਨ। ਬਹੁਤ ਸਾਰੇ ਇਸ ਦਾ ਸਿੱਧਾ ਵਿਰੋਧ ਵੀ ਕਰਦੇ ਹਨ। ਇਸ ਦਾ ਅਰਥ ਹੈ ਕਿ ਆਉਣ ਵਾਲ਼ਾ ਸਮਾਂ ਬੇਹੱਦ ਖ਼ਤਰਨਾਕ ਹੋਵੇਗਾ ਤੇ ਅਸੀਂ ਉਹਨਾਂ ਸਥਿਤੀਆਂ ਨਾਲ ਨਜਿੱਠਣ ਦੇ ਸਮਰੱਥ ਵੀ ਨਹੀਂ ਹੋਵਾਂਗੇ। ਇਸ ਲਈ, ਸਾਨੂੰ ਸਭਨਾਂ ਨੂੰ ਮਿਲ਼-ਬੈਠ ਕੇ ਇਹਨਾਂ ਮਸਲ਼ਿਆਂ ‘ਤੇ ਸੰਜੀਦਗੀ ਨਾਲ਼ ਵਿਚਾਰ ਕਰਨ ਦੀ ਲੋੜ ਹੈ।