ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਕਮੇਟੀ ਦੀ ਮੌਜੂਦਾ ਹਾਕਮ ਧਿਰ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਕਮੇਟੀ ਦੇ ਦੋ ਮੈਂਬਰ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਬੱਬਰ ਨੇ ਵਿਰੋਧੀ ਪਾਰਟੀਆਂ ਦੇ ‘ਪੰਥਕ ਫਰੰਟ’ ਦੀ ਮੀਟਿੰਗ ਵਿੱਚ ਆ ਕੇ ਆਪਣਾ ਸਮਰਥਨ ਦਿੱਤਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਧਾਮੀ ਵੱਲੋਂ ‘ਪੰਥਕ ਮੋਰਚੇ’ ਦੀ ਹਮਾਇਤ ਲੈਣ ਦੀ ਵੀ ਚਰਚਾ ਹੈ।
ਇਸ ਤਰ੍ਹਾਂ 51 ਮੈਂਬਰੀ ਸਦਨ ਵਿੱਚ 24 ਮੈਂਬਰ ਖੁੱਲ੍ਹ ਕੇ ਵਿਰੋਧ ਵਿੱਚ ਖੜ੍ਹੇ ਹੋ ਗਏ ਹਨ। ਜੇਕਰ ਦਿੱਲੀ ਹਾਈਕੋਰਟ ਵਿੱਚ ਚੱਲ ਰਹੇ ਕੇਸ ਵਿੱਚ ਹਾਈਕੋਰਟ ਵੱਲੋਂ ਮੁੜ ਅੰਦਰੂਨੀ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਜਾਂਦੇ ਹਨ ਤਾਂ ਮਾਮੂਲੀ ਬਹੁਮਤ ’ਤੇ ਖੜ੍ਹੀ ਕਮੇਟੀ ਦਾ ਡਿੱਗਣਾ ਯਕੀਨੀ ਹੈ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਪੰਥਕ ਮੋਰਚੇ ਵਲੋਂ ਸਾਨੂੰ ਪੰਥਕ ਮੁੱਦੇਆਂ ਤੇ ਗੱਲਬਾਤ ਕਰ ਲਈ ਸੱਦਾ ਦਿਤਾ ਗਿਆ ਸੀ ਜਿਸ ਬਾਰੇ ਅਸੀ ਪਾਰਟੀ ਹਾਈ ਕਮਾਂਡ ਨੂੰ ਦਸਿਆ ਤੇ ਉਨ੍ਹਾਂ ਵਲੋਂ ਇਜਾਜਤ ਤੇ ਅਸੀ ਇਨ੍ਹਾਂ ਨਾਲ ਹੋਣ ਵਾਲੀ ਪੰਥਕ ਮੁੱਦੇਆਂ ਤੇ ਗੱਲਬਾਤ ਵਿਚ ਹਾਜ਼ਿਰੀ ਭਰੀ ਸੀ । ਉਨ੍ਹਾਂ ਦਸਿਆ ਕਿ ਮੀਟਿੰਗ ਵਿਚ ਕੌਮੀ ਵਸੀਲਿਆਂ ਨੂੰ ਬਰਬਾਦ ਹੋਣ ਤੋਂ ਬਚਾਣ, ਬੱਚਿਆਂ ਦੀ ਸਕੂਲੀ ਪੜਾਈ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਮੀਟਿੰਗ ਵਿਚ ਚਰਚਾ ਹੋਈ ਜਿਸ ਨੂੰ ਦੇਖਦਿਆਂ ਅਸੀ ਉਨ੍ਹਾਂ ਨਾਲ ਸਹਿਮਤੀ ਪ੍ਰਦਾਨ ਕੀਤੀ ।