ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਬੇਅੰਤ ਸਿੰਘ ਕਾਂਡ ਵਿਚ ਮੁੱਖ ਭੂਮਿਕਾ ਨਾਲ ਨਿਭਾਉਣ ਵਾਲੇ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਕਈ ਹੋਰ ਸੂਰਮੇ ਬੰਦ ਹਨ । ਭਾਈ ਭਿਉਰਾ ਅਤੇ ਭਾਈ ਤਾਰਾ ਨੇ ਆਪਣੀ ਭੈਣ ਬੀਬੀ ਰਜਿੰਦਰ ਕੌਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ।
ਇਡੀ ਅਮੀਰ ਵਿਰਾਸਤ ਦੇ ਮਾਲਕ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ ਤੋਂ ਕੋਹਾਂ ਦੂਰ ਭੱਜੇ ਤੁਰੇ ਜਾ ਰਹੇ ਹਾਂ। ਅਮ੍ਰਿਤ ਛਕਾਉਣ ਸਮੇਂ ਗੁਰੂ ਮਹਾਰਾਜ ਨੇ ਅੰਮ੍ਰਿਤ ਦੀਆਂ ਚੰਦ ਬੂਦਾਂ ਸਿਰ ਵਿਚ ਚੁਆ ਕਿ ਆਖਿਆ ਸੀ ਕਿ ਅੱਜ ਤੁਹਾਡੀ ਅਣਖ ਜਾਗ ਪਈ ਹੈ ਇਹ ਸਿਰ ਸਵਾਏ ਅਕਾਲ-ਪੁਰਖ ਦੇ ਕਿਸੇ ਅਗੇ ਨਹੀਂ ਝੁਕੇਗਾ ਫੇਰ ਕੀ ਕਾਰਨ ਹੈ ਕਿ ਅਜ ਹਰ ਸਾਧ ਦੇ ਡੇਰੇ ਤੇ ਸਿਜਦਾ ਕਰਨ ਲਈ ਵਹੀਰਾਂ ਘਤੀਆਂ ਹੋਈਆਂ ਹਨ । ਅੱਜ ਬ੍ਰਾਹਮਣ ਸਾਨੂੰ ਗਿਆਨ ਤੋਂ ਵਾਂਜਾਂ ਰਖਣ ਲਈ ਸਾਡੇ ਕੰਨਾ ਵਿਚ ਸਿੱਕਾ ਨਹੀਂ ਢਾਲਦਾ ਬਲਕਿ ਸਾਡੀ ਕੌਮ ਦੇ ਧਾਰਮਕ ਅਤੇ ਸਿਆਸੀ ਆਗੂ ਛੋਟੇ ਛੋਟੇ ਵਿਵਾਦ ਖੜ੍ਹੇ ਕਰਕੇ ਸਾਨੂੰ ਗਿਆਨ ਵਿਹੂਣੇ ਕਰ ਰਹੇ ਹਨ। ਹਰ ਇਕ ਡੇਡ੍ਹ ਇਟ ਦੀ ਮੀਨਾਰ ਬਣਾਈ ਖੜ੍ਹਾ ਹੈ ।ਅੰਮ੍ਰਿਤ ਛਕ ਕੇ ਸਾਡੀ ਆਤਮਾ ਬਲਵਾਨ ਹੋਣੀ ਚਾਹੀਦੀ ਸੀ ਪਰ ਅਫਸੋਸ ਹੈ ਨਾਹਰਿਆਂ ਅਤੇ ਜੈਕਾਰਿਆਂ ਦੇ ਸ਼ੋਰ ਵਿਚ ਸਾਡੀ ਅਜ਼ਾਦਾਨਾ ਸੋਚਣ ਸ਼ਕਤੀ ਵੀ ਗੁਆਚ ਗਈ ਹੈ ਅਸੀਂ ਇਕ ਮੁਠ ਸੀਰਨੀ ਬਦਲੇ ਆਗੂਆਂ ਦੀ ਕੁਕਰਮਾਂ ਵਿਚ ਭਾਈਵਾਲ ਬਣ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਦੇ ਰਚੇ ਇਨਕਲਾਬ ਤੋਂ ਅਸੀਂ ਖੁਦ ਬਾਗੀ ਹੋ ਗਏ ਹਾਂ । ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਅੰਤ ਵਿਚ ਉਨ੍ਹਾਂ ਕਿਹਾ ਕਿ ਆਓ ਸਾਰੇ ਇਸ ਵਿਸਾਖੀ ਤੇ ਪ੍ਰਣ ਕਰੀਏ ਤੇ ਅਪਣੀ ਵਿਲਖਣ ਹੋਦਂ ਦੀ ਵਖਰੀ ਪਹਿਚਾਣ ਬਣਾਈਏ ਇਹੀ ਸਾਡੀ ਕੌਮ ਦੀ ਆਜ਼ਾਦ ਵਿਲੱਖਣਤਾ ਲਈ ਸ਼ਹੀਦ ਹੋਏ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦ ਸਿੰਘ, ਸਿੰਘਣੀਆਂ, ਭੁਜੰਗੀਆਂ ਅਤੇ ਬਜ਼ੁਰਗਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।