ਫ਼ਤਹਿਗੜ੍ਹ ਸਾਹਿਬ “ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਣ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ । ਕਿਉਂਕਿ ਸਾਨੂੰ ਇਹ ਆਪਣੇ ਗੁਰੂ ਸਾਹਿਬਾਨ ਤੋਂ ਗੁੜਤੀ ਪ੍ਰਾਪਤ ਹੈ ਕਿ ਅਣਖ਼-ਇੱਜ਼ਤ ਦੇ ਮਸਲੇ ਉਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ । ਜੋ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ.ਵੀ. ਰਮਾਨਾ ਬੀਤੇ ਕੁਝ ਦਿਨ ਪਹਿਲੇ ਚੰਡੀਗੜ੍ਹ ਆਏ ਤਾਂ ਬਤੌਰ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹੋਏ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਜੀ-ਆਇਆ ਕਹਿਣਾ ਤੇ ਸਵਾਗਤ ਕਰਨਾ ਤਾਂ ਠੀਕ ਹੈ । ਪਰ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਸਨਮਾਨਿਤ ਕਰਦੇ ਹੋਏ ਤੋਹਫਾ ਭੇਟ ਕਰਨ ਸਮੇਂ ਝੁਕ ਕੇ ਪ੍ਰਸ਼ਨ ਚਿੰਨ੍ਹ ਬਣਕੇ ਤੋਹਫਾ ਭੇਟ ਕੀਤਾ ਹੈ, ਇਹ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ ਦੀ ਅਣਖ਼-ਗੈਰਤ ਨੂੰ ਸੱਟ ਮਾਰਨ ਵਾਲੇ ਅਮਲ ਹਨ । ਅਜਿਹਾ ਕਰਕੇ ਮੁੱਖ ਮੰਤਰੀ ਨੇ ਕੇਵਲ ਆਪਣੇ ਨਿੱਜੀ ਇਖਲਾਕ ਉਤੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਗਵਾਇਆ, ਬਲਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੀ ਨਮੋਸ਼ੀ ਦਿੱਤੀ ਹੈ । ਜਦੋਕਿ ਤੋਹਫਾ ਦੇਣ ਵਾਲਾ ਨਹੀਂ, ਬਲਕਿ ਤੋਹਫਾ ਪ੍ਰਾਪਤ ਕਰਨ ਵਾਲਾ ਝੁਕ ਕੇ ਸਤਿਕਾਰ ਵੱਜੋ ਤੋਹਫਾ ਪ੍ਰਾਪਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਚੰਡੀਗੜ੍ਹ ਪਹੁੰਚਣ ਉਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦਾ ਤੋਹਫਾ ਭੇਟ ਕਰਦੇ ਹੋਏ ਪੂਰਨ ਤੌਰ ਤੇ ਝੁਕ ਕੇ ਦੇਣ, ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼ ਅਤੇ ਗੈਰਤ ਵਾਲੇ ਜੀਵਨ ਨੂੰ ਵੀ ਪ੍ਰਸ਼ਨ ਚਿੰਨ੍ਹ ਲਗਾਉਣ ਦੇ ਕੀਤੇ ਗਏ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਝੁਕ ਕੇ ਤੋਹਫਾ ਦੇਣ ਦੇ ਅਮਲ ਨੇ ਇਹ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਦਿਨ-ਬ-ਦਿਨ ਸਿੱਖਾਂ ਦੀ ਰੀੜ੍ਹ ਦੀ ਹੱਡੀ ਕੰਮਜੋਰ ਹੁੰਦੀ ਜਾ ਰਹੀ ਹੈ । ਦੂਸਰਾ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਇਸ ਤਰ੍ਹਾਂ ਭੇਟ ਕਰਨ ਦੀ ਪਾਈ ਗਈ ਮਾੜੀ ਪਿਰਤ ਨੂੰ ਵੀ ਤੁਰੰਤ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਅਤੇ ਸਿੱਖ ਧਰਮ ਮੂਰਤੀ ਪੂਜਾ ਵਿਚ ਬਿਲਕੁਲ ਵਿਸਵਾਸ ਨਹੀ ਕਰਦੀ । ਇਸਦੇ ਨਾਲ ਹੀ ਘੋਨੇ-ਮੋਨੇ ਜਿਨ੍ਹਾਂ ਦੀ ਸਿੱਖ ਧਰਮ ਵਿਚ ਕੋਈ ਸਰਧਾਂ ਹੀ ਨਜ਼ਰ ਨਹੀ ਆਉਦੀ, ਅਜਿਹੇ ਹੁਕਮਰਾਨਾਂ ਜਾਂ ਉੱਚ ਅਹੁਦਿਆ ਉਤੇ ਬੈਠਣ ਵਾਲਿਆ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਜਾਂ ਪੰਜਾਬ ਵਿਚ ਆਉਣ ਉਤੇ ਸਿਰਪਾਓ ਭੇਟ ਕਰਨਾ ਵੀ ਸਿਰਪਾਓ ਬਖਸ਼ਿਸ਼ ਕਰਨ ਦੀ ਵੱਡੀ ਇਤਿਹਾਸਿਕ ਮਹੱਤਤਾ ਨੂੰ ਘਟਾਉਣ ਵਾਲੇ ਅਮਲ ਹਨ । ਜੋ ਤੁਰੰਤ ਬੰਦ ਹੋਣੇ ਚਾਹੀਦੇ ਹਨ ।