ਬਲਾਚੌਰ, (ਉਮੇਸ਼ ਜੋਸ਼ੀ)-:ਸਬ ਡਿਵੀਜ਼ਨ ਬਲਾਚੌਰ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ,6ਵੀ ,7ਵੀ ,9ਵੀ, 10ਵੀ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਗਲਾ 2022-23 ਸੈਸ਼ਨ ਚਾਲੂ ਹੋ ਚੁੱਕਾ ਹੈ ਅਤੇ ਇਸ ਸੈਸ਼ਨ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੂੰ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਘਰ ਘਰ ਜਾ ਕੇ ਮਾਪਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਵੀ ਪ੍ਰੇਰਿਤ ਕਰਨ ਦੀ ਕਾਰਵਾਈ ਪੂਰੇ ਜੋਬਨ ਉੱਪਰ ਹੈ ਮਗਰ ਬਹੁਤੇ ਸਕੂਲਾਂ ਵਿੱਚ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਅਤੇ ਬੱਚਿਆਂ ਨੂੰ ਸਕੂਲ ਵਰਦੀਆਂ ਤੱਕ ਨਹੀਂ ਪਹੁੰਚਾਈਆਂ ਗਈਆਂ ਤਾਂ ਜਨ੍ਹਿਾਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਨਵਾਂ ਨਵਾਂ ਸਰਕਾਰੀ ਸਕੂਲ ਵਿੱਚ ਆਮ ਆਦਮੀ ਪਾਰਟੀ ਉਪਰ ਵਿਸ਼ਵਾਸ ਕਰਕੇ ਲਗਾਇਆ ਸੀ ਉਹ ਹੁਣ ਕੁਝ ਦਿਨਾਂ ਤੋਂ ਆਪਣੇ ਬੱਚਿਆਂ ਦੀ ਬਗੈਰ ਕਿਤਾਬਾਂ ਤੋਂ ਹੋ ਰਹੇ ਪੜਾਈ ਦੇ ਨੁਕਸਾਨ ਅਤੇ ਵਾਅਦੇ ਅਨੁਸਾਰ ਨਹੀਂ ਦਿੱਤੀਆਂ ਗਈਆਂ ਕਿਤਾਬਾ ਅਤੇ ਵਰਦੀਆਂ ਕਾਰਨ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਨਜ਼ਰ ਆ ਰਹੇ ਹਨ ।
ਸਰਕਾਰੀ ਸਕੂਲਾਂ ਵਿੱਚ ਬੱਚੇ ਨਵੇਂ ਸੈਸ਼ਨ ਦੌਰਾਨ ਸਕੂਲ ਆਉਣ ਲੱਗ ਚੁੱਕੇ ਹਨ ਮਗਰ ਕਿਤਾਬਾਂ ਬਗ਼ੈਰ ਹੀ ਉੱਠ ਬੈਠ ਕੇ ਘਰਾਂ ਨੂੰ ਚਲੇ ਜਾਂਦੇ ਹਨ ਅਤੇ ਬਹੁਤੇ ਸਕੂਲਾਂ ਵਿੱਚ ਕਿਤਾਬਾਂ ਨਾ ਮਿਲਣ ਕਾਰਨ ਬੱਚਿਆਂ ਦੀਆਂ ਕਲਾਸਾਂ ਉਪਰ ਵੀ ਰੋਕ ਲੱਗੀ ਹੋਈ ਹੈ । ਜਦ ਕੇ ਸੂਬੇ ਦੀ ਸਰਕਾਰ ਵੋਟਾਂ ਤੋਂ ਪਹਿਲਾਂ ਇਸ ਗੱਲ ਦੇ ਪੰਜਾਬੀਆਂ ਨੂੰ ਦਮਗਜ਼ੇ ਮਾਰ ਕੇ ਸੱਤਾ ਵਿਚ ਆਈ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਮਾਡਲ ਬਣਾਇਆ ਜਾਵੇਗਾ । ਪਹਿਲ ਦੇ ਆਧਾਰ ਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਹੋਰ ਸਾਜ਼ੋ ਸਾਮਾਨ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ । ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਪੜ੍ਹਾਈ ਤੋਂ ਨਿਜਾਤ ਮਿਲਣ ਦੀ ਆਸ ਨਾਲ ਅਤੇ ਸਰਕਾਰੀ ਸਕੂਲ ਵਿੱਚ ਮੁਫਤ ਦੀ ਪੜ੍ਹਾਈ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਆਸ ਕਰਦਿਆਂ ਦਾਖ਼ਲ ਕਰਾਏ ਸਨ । ਇਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਬਣਨ ਤੇ ਇਸ ਨਵੇਂ ਸੈਸ਼ਨ ਦੌਰਾਨ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲਗਾਏ ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਇਸ ਸੈਸ਼ਨ ਦੌਰਾਨ ਦਾਖ਼ਲਿਆਂ ਦੀ ਵੱਡੀ ਗਿਣਤੀ ਵੀ ਵਧੀ ਹੈ ।
ਇਸ ਸਬੰਧ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਸਿਆਣਾ ਦੇ ਇੰਚਾਰਜ ਵਿਨੋਦ ਬੈਂਸ ਦੇ ਦੱਸਣ ਅਨੁਸਾਰ ਸਕੂਲ ਵਿੱਚ ਨਵੇਂ ਸੈਸਨ ਦੀਆਂ ਕਲਾਸਾਂ ਸੁਰੂ ਹਨ। ਸਕੂਲ ਵਿੱਚ ਉਨ੍ਹਾਂ ਵਲੋਂ ਆਪਣੇ ਪੱਧਰ ਤੇ ਬੁੱਕ ਬੈਂਕ ਬਣਾਇਆ ਹੋਇਆ ਹੈ ਜਿਸ ਦੇ ਆਧਾਰ ਤੇ ਕਿਤਾਬਾਂ ਦੀ ਅਦਲਾ ਬਦਲੀ ਕਰਕੇ ਬੱਚਿਆਂ ਦੀ ਪੜਾਈ ਆਰੰਭ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਵਲੋਂ ਕਿਤਾਬਾਂ ਆਉਣ ਤੇ ਬੱਚਿਆਂ ਨੂੰ ਤਕਸੀਮ ਕਰ ਦਿੱਤੀਆਂ ਜਾਣਗੀਆਂ। ਬਲਾਕ ਲੇਵਲ ਤੇ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਸਰਕਾਰ ਵਲੋਂ ਆਉਣੀਆਂ ਆਰੰਭ ਹੋ ਚੁੱਕੀਆਂ ਹਨ ।
ਜਦੋਂ ਜਿ਼ਲਾ ਸਿੱਖਿਆ ਅਫ਼ਸਰ ਸੈਕੰਡਰੀ ਕੁਲਵਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬੱਚਿਆਂ ਦੀਆਂ ਕਿਤਾਬਾਂ ਆਉਂਦੀਆਂ ਹਨ ਜਿਹਨਾਂ ਨੂੰ ਸਕੂਲਾਂ ਦੇ ਬਲਾਕ ਲੇਵਲ ਤੇ ਭੇਜ ਦਿੱਤਾ ਜਾਂਦਾ ਹੈ।ਇਸੀ ਤਰ੍ਹਾਂ ਕੁੱਝ ਕਿਤਾਬਾਂ ਬਲਾਕ ਲੇਵਲ ਤੇ ਪਹੁੰਚ ਗਈਆ ਹਨ । ਜਿਵੇਂ ਜਿਵੇਂ ਕਿਤਾਬਾਂ ਬਲਾਕ ਲੇਵਲ ਤੇ ਆਉਂਦੀਆ ਹਨ ਉਵੇਂ ਹੀ ਅੱਗੇ ਸਕੂਲਾਂ ਨੂੰ ਉਥੋਂ ਦਿੱਤੀਆਂ ਜਾਂਦੀਆ ਹਨ । ਕੁੱਝ ਹੀ ਸਮੇਂ ਅੰਦਰ ਇਹ ਕਾਰਵਾਈ ਮੁਕੰਮਲ ਹੋ ਜਾਵੇਗੀ ਅਤੇ ਸਾਰੇ ਬੱਚਿਆਂ ਤੱਕ ਕਿਤਾਬਾਂ ਪਹੁੰਚ ਜਾਣਗੀਆਂ ।
ਆਪ ਦੀ ਸਰਕਾਰ ਦਾ ਅਨੋਖਾ ਮਾਡਲ ਬਣਦੇ ਜਾ ਰਿਹੈ ਸਰਕਾਰੀ ਸਕੂਲ , ਕਿਤਾਬਾਂ ਅਤੇ ਵਰਦੀਆਂ ਤੋਂ ਬਗੈਰ ਨਵੇਂ ਸੈਸ਼ਨ ਦੀ ਪੜ੍ਹਾਈ ਕੀਤੀ ਸ਼ੁਰੂ।