ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਵਕੀਲ ਸਰਦਾਰ ਕੁਲਜੀਤ ਸਿੰਘ ਸਚਦੇਵਾ, ਪ੍ਰਧਾਨ ਗਲੋਬਲ ਸਿੱਖ ਐਡਵੋਕੇਸੀ ਫਾਊਂਡੇਸ਼ਨ ਨੇ ਅਜ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ ਮਾਰਚ, 1783 ਵਿਚ ਲਾਲ ਕਿਲ੍ਹੇੱਤੇ ਸਿੱਖ ਝੰਡਾ ਨਿਸ਼ਾਨ ਸਾਹਿਬ ਜਾ ਫਹਿਰਾਇਆ’ਤੇ ਸਿੱਖਾਂ ਦਾ ਪ੍ਰਭਾਵ ਦਿੱਲੀ ਉਤੇ ਰਾਖਵਾਂ ਰੱਖੀ ਰੱਖਿਆ। ਇਸ ਲਈ ਲਾਲ ਕਿਲੇ ਅੰਦਰ ਬਣੇ ਮਿਊਜ਼ਿਅਮ ਘਰ ਵਿਚ ਉਨ੍ਹਾਂ ਬਾਰੇ ਦਸਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਇਕ ਬਹੁਤ ਵੱਡਾ ਸਿੱਖ ਇਤਿਹਾਸ ਹੈ ਜਿਸਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਡੀਐਸਜੀਐਮਸੀ ਪਿਛਲੇ ਕੁਝ ਸਾਲਾਂ ਤੋਂ ਲਾਲ ਕਿਲ੍ਹੇ ‘ਤੇ ਦਿੱਲੀ ਫਤਹਿ ਦਿਵਸ ਮਨਾ ਰਹੀ ਹੈ, ਪਰ ਉਨ੍ਹਾਂ ਵਲੋਂ ਲਾਲ ਕਿਲੇ ਦੇ ਅੰਦਰ ਬਾਬਾ ਬਘੇਲ ਸਿੰਘ ਵਲੋਂ ਸਿਰਜੇ ਗਏ ਇਤਿਹਾਸ ਨੂੰ ਦਰਜ਼ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ । ਇਸ ਲਈ ਅਸੀ ਸਿੱਖ ਕੌਮ ਦੇ ਸਮੂਹ ਜਥੇਦਾਰ, ਐਸਜੀਪੀਸੀ, ਡੀਐਸਜੀਐਮਸੀ ਅਤੇ ਸਿੱਖ ਆਗੂਆਂ ਨੂੰ ਇਸ ਗੰਭੀਰ ਮਾਮਲੇ ਵਿਚ ਸਹਿਯੋਗ ਦੇਣ ਦੀ ਬੇਨਤੀ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਬਾਬਾ ਬਘੇਲ ਸਿੰਘ ਜੀ ਦੇ ਇਤਿਹਾਸ ਲਈ ਜਗ੍ਹਾ ਬਣਾਉਣ ਲਈ ਸਬੰਧਤ ਮੰਤਰੀਆਂ ਨੂੰ ਲਿਖਤੀ ਤੋਰ ਤੇ ਅਪੀਲ ਅਤੇ ਉਨ੍ਹਾਂ ਵਲੋਂ ਸਿਰਜੇ ਗਏ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਏਗੀ, ਜਿਸ ਨਾਲ ਓਹ ਵੀ ਸਾਨੂੰ ਸਹਿਯੋਗ ਕਰ ਸਕਣ । ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿਦੇਸ ਤੋਂ ਕਰੋੜਾਂ ਲੋਕ ਵਿਸ਼ੇਸ਼ ਤੌਰ ‘ਤੇ ਲਾਲ ਕਿਲ੍ਹੇ ਦਾ ਦੌਰਾ ਕਰਦੇ ਹਨ ਪਰ ਉਥੇ ਸਿੱਖ ਇਤਿਹਾਸ ਨਾ ਲਿਖਿਆ ਹੋਣ ਕਰਕੇ ਉਨ੍ਹਾਂ ਨੂੰ ਸਾਡੀ ਕੌਮ ਦੇ ਨਾਇਕ ਬਾਬਾ ਬਘੇਲ ਸਿੰਘ ਵਲੋਂ ਸਿਰਜੇ ਗਏ ਇਤਿਹਾਸ ਦੀ ਜਾਣਕਾਰੀ ਨਹੀਂ ਮਿਲਦੀ ਹੈ । ਉਨ੍ਹਾਂ ਕਿਹਾ ਕਿ ਸਿੱਖੀ ਖ਼ਾਤਰ ਜਰਨੈਲ ਬਾਬਾ ਬਘੇਲ ਸਿੰਘ ਦਾ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਇਸ ਲਈ ਸਾਡੇ ਆਗੂਆਂ ਨੂੰ ਜਲਦ ਤੋਂ ਜਲਦ ਇਹ ਕੰਮ ਨੇਪਰੇ ਚੜਾਉਣ ਲਈ ਉਚੇਚੇ ਤੋਰ ਤੇ ਉਪਰਾਲਾ ਕਰਣਾ ਚਾਹੀਦਾ ਹੈ ।